Wednesday, 23 October 2013
Saturday, 7 September 2013
ਮੈਂ ਹੁਣ ਕਵਿਤਾ ਹੋਣਾ ਹੈ
ਮੈਂ ਹੁਣ ਕਵਿਤਾ ਹੋਣਾ ਹੈ
ਕਵਿਤਾ ਜਿਹੜੀ ਚਾਨਣੀ ਦੇ
ਚਿੱਟੇ ਦੁੱਧ ਵਿੱਚ
ਨਾਹਤੀ-ਧੋਤੀ ਹੋਵੇ
ਕਵਿਤਾ,ਜਿਹਦੇ
ਹੋਂਠਾਂ ਤੋਂ
ਕਿਰਦੇ ਬੋਲਾਂ ਵਿੱਚੋਂ
ਬੰਸਰੀ ਦੀ ਤਾਨ ਸੁਣੇ
ਕਵਿਤਾ,ਜਿਸਦੇ
ਕਾਗ਼ਜ਼ਾਂ ਦੀ ਹਿੱਕ'ਤੇ
ਵਿਛੇ ਹਰਫਾਂ ਵਿੱਚੋਂ
ਚੋਮੁਖੀਏ ਦੀਵੇ ਦੀ ਲੋਅ ਆਵੇ
ਕਵਿਤਾ,ਜਿਸਦੇ
ਸੁਪਨੀਲੇ ਨੈਣਾਂ ਵਿੱਚ
ਵਸੇ ਖਾਬਾਂ ਵਿੱਚੋਂ
ਕਾਦਰ ਦਾ ਸਿਰਨਾਵਾਂ ਲੱਭੇ
ਤੇ ਕਵਿਤਾ
ਜਿਹੜੀ ਜਦੋਂ ਵੀ ਡੁੱਲ੍ਹੇ
ਜਿੱਥੇ ਵੀ ਡੁੱਲ੍ਹੇ
ਉੱਥੇ ਹੀ ਸ਼ਹਿਦ ਬੀਜਿਆ ਜਾਵੇ
ਕੀ ਮੈਂ ਕਦੀ ਹੋ ਸਕਦੀ ਹਾਂ
ਇਹੋ ਜਿਹੀ ਕਵਿਤਾ?
ਕੀ ਮੈਂ ਕਦੀ ਵੀ ਹੋ ਸਕਦੀ ਹਾਂ
ਇਹੋ ਜਿਹੀ ਕਵਿਤਾ?
ਕਦ ਮੋਤੀ ਥਿਆਉਣਾ? ….
ਇਹ ਤਨ ਡਾਢਾ ਵੈਰੀ
ਰਾਤੀਂ ਫੇਰ ਮੰਗੇ
ਕੱਲ੍ਹ ਸੁੱਖੀਂ ਨਹਾਇਆ
ਅੱਜ ਫਿਰ ਉਹੀ ਲੋੜਾਂ
ਮੈਨੂੰ ਆਹ ਦੇ ਦੇ
ਮੈਨੂੰ ਔਹ ਦੇ ਦੇ
ਇਹਦਾ ਤਾਂ ਕਾਸਾ
ਕਦੀਓ ਨਾ ਭਰਦਾ
ਇਹ ਹਰ ਵੇਲੇ ਚਰਦਾ
ਮੈਂ ਕਿੰਜ ਵਿਹਲੀ ਹੋਵਾਂ?
ਮੈਂ ਕਦ ਵਿਹਲੀ ਹੋਵਾਂ?
ਤੇ ਸੋਚਾਂ ਮੈਂ ਤੁਧ ਨੂੰ
ਤੇ ਲੱਭਾਂ ਮੈਂ ਤੁਧ ਨੂੰ
ਇਹ ਮਨ ਡਾਢਾ ਵੈਰੀ
ਕਦੀ ਭੱਜੇ ਏਧਰ
ਕਦੀ ਭੱਜੇ ੳਧਰ
ਕਦੀ ਟੱਪੇ ਪਰਬਤ
ਕਦੀ ਨਾਪੇ ਸਾਗਰ
ਕਦੀ ਕਿਤੇ ਠਹਿਰੇ ਨਾ
ਅੱਥਰਾ ਇਹ ਘੋੜਾ
ਹਰ ਵੇਲੇ ਟੱਪ-ਟੱਪ
ਹਰ ਵੇਲੇ ਠੱਕ-ਠੱਕ
ਅੰਤਾਂ ਦਾ ਸ਼ੋਰ
ਤੇ ਅੰਤਾਂ ਦੀ ਭਟਕਣ
ਮੈਂ ਕਿੰਜ ਵਿਹਲੀ ਹੋਵਾਂ?
ਮੈਂ ਕਦ ਵਿਹਲੀ ਹੋਵਾਂ?
ਤੇ ਸੋਚਾਂ ਮੈਂ ਤੁਧ ਨੂੰ
ਤੇ ਖੋਜਾਂ ਮੈਂ ਤੁਧ ਨੂੰ
ਇਹ ਜੁੱਗਾਂ ਦੇ ਵੈਰੀ
ਇਹ ਜਨਮਾਂ ਦੇ ਵੈਰੀ
ਜਾਣਾਂ ਕਿ ਕਾਬੂ
ਇਹ ਕਰਨੇ ਹੀ ਪੈਣੇ
ਏਹੀ ਭਵਸਾਗਰ
ਇਹ ਤਰਨੇ ਹੀ ਪੈਣੇ
ਪਰ ਇਹ ਕਦ ਹੋਸੀ?
ਪਰ ਇਹ ਕਿੰਜ ਹੋਸੀ?
ਇਹ ਮੈਥੋਂ ਨਾ ਹੁੰਦਾ?
ਉਫ...............
ਮੈਥੋਂ ਨਾ ਹੁੰਦਾ
ਮੈਂ ਕਦ ਗੋਤਾ ਲਾਉਣਾ
ਕਦ ਮੋਤੀ
ਥਿਆਉਣਾ?ਅਜੇ ਤਾਂ.........
ਅਜੇ ਨਹੀਂ ਲਹਿਰਾਈਆਂ ਕੱਚ ਦੀਆਂ ਮੁੰਦਰਾਂ
ਕਿਸੇ ਅਨੰਤ ਖੜਾਵਾਂ
ਵਾਲੇ ਜੋਗੀ ਦੇ ਕੰਨਾਂ ਵਿੱਚ
ਤੇ ਅਜੇ ਨਹੀਂ ਦਿਸਿਆ ਤੇਰਾ ਮੂੰਹ
ਅਜੇ ਤਾਂ ਮੈਂ ਕਮਲੀਆਂ ਹਾਰ
ਜੰਗਲਾਂ ਵੀਰਾਨਿਆਂ ਵਿੱਚ
ਭਟਕਦੀ ਫਿਰਦੀ ਹਾਂ
ਪਤਾ ਨਹੀਂ
ਇੱਕ ਪਲ ਵਿੱਚ ਕੋਟਿ ਜਨਮ ਨੇ
ਕਿ ਇੱਕ ਜਨਮ ਵਿੱਚ ਕੋਟਿ ਪਲ
ਅਜੇ ਤਾਂ ਮੈਂ
ਇਸ ਹਿਸਾਬ ਵਿੱਚੋਂ ਹੀ ਪਾਰ ਨਹੀਂ ਹੋਈ
ਅਜੇ ਤਾਂ ਲਿਖਿਆ ਹੀ ਨਹੀਂ ਮੈਂ
ਕਿਸੇ ਵੈਰਾਗੀ ਪਲ ਦੀ ਤਲੀ ਉੱਤੇ
ਇਸ਼ਕੇ ਦਾ ਗੂੜ੍ਹਾ ਗੂੜ੍ਹਾ ਨਾਂ
ਨਾ ਹੀ ਖੁਲ੍ਹਦੀਆਂ ਨੇ ਮੈਥੋਂ
ਸੰਘਣੇ ਹਨ੍ਹੇਰਿਆਂ ਵਿੱਚੋਂ
ਚਾਨਣ ਵੱਲ ਖੁਲ੍ਹਦੀਆਂ ਬਾਰੀਆਂ
ਅਜੇ ਤਾਂ ਮੈਥੋਂ ਹਨ੍ਹੇਰੇ ਮਿੱਧ ਹੀ ਨਹੀਂ ਹੋਏ
ਅਜੇ ਤਾਂ ਮੈਂ
ਸਿਰਫ ਤੈਨੂੰ ਆਵਾਜ਼ ਮਾਰੀ ਹੈ
ਅਜੇ ਤਾਂ ਮੈਂ
ਸਿਰਫ ਤਲਾਸ਼ ਹਾਂ
ਅਜੇ ਤਾਂ ਮੈਂ
ਸਿਰਫ ਉਡੀਕ ਹਾਂ ..
Sunday, 23 June 2013
ਰਾਤ ਨੂੰ ਜੋ ਜਗ ਪਿਆ ਸੀ
ਰਾਤ ਨੂੰ ਜੋ ਜਗ ਪਿਆ ਸੀ, ਜੁਗਨੂੰਆਂ ਦੇ ਨਾਲ ਨਾਲ।
ਓਸ ਸੂਰਜ ਨੇ ਜਿਉਣੈਂ ਧੜਕਣਾਂ ਦੇ ਨਾਲ ਨਾਲ ।
ਬੇਵਿਸਾਹੀ ਦਾ ਸਮੁੰਦਰ , ਬੇਵਫਾਈ ਦੇ ਭੰਵਰ,
ਫੇਰ ਵੀ ਕੰਢੇ 'ਤੇ ਆਉਣੈਂ ਤਿਣਕਿਆਂ ਦੇ ਨਾਲ ਨਾਲ।
ਤੈਨੂੰ ਲੱਗੇ ਸੇਕ ਮੈਂ ਸਾਰੀ ਦੀ ਸਾਰੀ ਪਿਘਲ ਜਾਂ,
ਇਸ ਤਰ੍ਹਾਂ ਨਿਭਣੀ ਮੁਹੱਬਤ, ਫੇਰਿਆਂ ਦੇ ਨਾਲ ਨਾਲ।
ਰੋਵੇ ਦਿਲ ਤੇ ਜ਼ੇਹਨ ਹੱਸੇ ਧੀ ਦੀ ਡੋਲੀ ਤੋਰ ਕੇ,
ਇਸ ਤਰ੍ਹਾਂ ਵੱਸਦੇ ਨੇ ਹਾਸੇ , ਹੰਝੂਆਂ ਦੇ ਨਾਲ ਨਾਲ।
ਅਣਖ ਲਈ ਵੱਢ ਕੇ ਜੋ ਦੱਬੀ,ਉਸ ਕੁੜੀ ਦੀ ਕਬਰ 'ਚੋਂ
ਉੱਠ ਰਹੀਆਂ ਨੇ ਦੁਆਵਾਂ ਸਿਸਕੀਆਂ ਦੇ ਨਾਲ ਨਾਲ।
ਕਿਹੜਿਆਂ ਗਗਨਾਂ'ਤੇ ਵਸਨੈਂ ? ਕੋਈ ਤਾਂ ਝਲਕਾਰ ਦੇ,
ਮੈਂ ਬੜਾ ਲੱਭਿਆ ਹੈ ਤੈਨੂੰ, ਤਾਰਿਆਂ ਦੇ ਨਾਲ ਨਾਲ।
ਗ਼ਜ਼ਲ ਲਿਖਣੀ ਇੰਜ ਹੈ, ਸੋਨੇ 'ਚੋਂ ਘੜਨੀ ਟੂੰਮ ਜਿਉਂ,
ਮੱਚਣਾ ਪੈਂਦਾ ਹੈ ਮਘਦੇ ਅੱਖਰਾਂ ਦੇ ਨਾਲ ਨਾਲ।ਚੱਲ ! ਪਰਤ ਚੱਲੀਏ
ਚੱਲ! ਪਰਤ ਚੱਲੀਏ
ਉਮਰਾਂ ਦੀ ਕੁੰਜ ਲਾਹ ਕੇ
ਅਨੁਭਵ ਦੇ ਤਾਜ ਉਤਾਰ ਕੇ
ਉਸ ਕੱਚ-ਕੁਆਰੀ ਰੁੱਤ ਵੱਲ
ਜਦੋਂ ਝੱਲ-ਵਲੱਲੀਆਂ ਮਾਰਦੇ
ਆਪਾਂ ਸੱਚ ਦੇ ਹਾਣੀ ਹੋ ਜਾਂਦੇ.
ਚੱਲ ! ਪਰਤ
ਚੱਲੀਏ
ਉਸ ਤਾਂਬੇ-ਰੰਗੀ ਦੁਪਹਿਰ ਵੱਲ
ਜਦੋਂ ਤੇਰੀ ਸੱਜਰੀ ਪੈੜ ਦਾ ਰੇਤਾ
ਮੇਰੀ ਹਿੱਕ ਨਾਲ ਲੱਗ ਕੇ ਠੰਢਾ ਠਾਰ ਹੋ ਜਾਂਦਾ
ਤੇ ਮੈਂ ਤਪਦੇ ਥਲਾਂ ਵਿੱਚ
ਕਣੀਆਂ ਦੀ ਫਸਲ ਬੀਜ ਦਿੰਦੀ
ਚੱਲ ! ਪਰਤ
ਚੱਲੀਏ
ਉਸ ਸੋਨ-ਸੁਨਹਿਰੀ ਸ਼ਾਮ ਵੱਲ
ਜਦੋਂ ਮੇਰੇ ਚਰਖੇ ਦੀ ਘੁਕਰ ਸੁਣ ਕੇ
ਤੂੰ ਸਾਲਮ ਦਾ ਸਾਲਮ ਪਹਾੜੀ ਜੋਗੀ ਹੋ ਜਾਂਦਾ
ਤੇ ਮੈਂ ਮੁਹੱਬਤ ਦੇ ਸਾਰੇ ਗਲੋਟੇ
ਤੇਰੇ ਕਰਮੰਡਲ ਵਿੱਚ ਪਾ ਦਿੰਦੀ
ਚੱਲ! ਪਰਤ ਚੱਲੀਏ
ਉਸ ਉਦਾਸ ਸਾਂਵਲੀ ਰਾਤ ਵੱਲ
ਜਦੋਂ ਛੱਤ 'ਤੇ ਲੇਟਿਆਂ, ਅਸਮਾਨ ਮੈਨੂੰ
ਨੀਲੇ ਕਾਗ਼ਜ਼ 'ਤੇ ਲਿਖਿਆ ਤੇਰਾ ਖ਼ਤ ਲੱਗਦਾ
ਤੇ ਮੈਂ ਤਾਰਿਆਂ ਦੇ ਹਰਫ ਪੜ੍ਹਦੀ ਪੜ੍ਹਦੀ
ਏਨਾ ਲੰਮਾ ਖ਼ਤ ਲਿਖਣ ਵਾਲੇ ਤੇਰੇ ਹੱਥ ਟੋਲਦੀ ਰਹਿੰਦੀ
ਚੱਲ! ਪਰਤ ਚੱਲੀਏ
ਉਸ ਸੰਗਦੀ ਜਿਹੀ ਸੁਬਾਹ ਵੱਲ
ਜਦੋਂ ਤੇਰੀਆਂ ਸੂਰਜੀ ਨਿਗਾਹਾਂ ਪੈਂਦਿਆਂ ਹੀ
ਮੇਰੇ ਬਰਫ-ਰੰਗੇ ਚਿਹਰੇ 'ਤੇ ਕਸੁੰਭੜਾ ਬਿਖਰ ਜਾਂਦਾ
ਤੇ ਮੇਰੀਆਂ ਸਾਰੀਆਂ ਟਹਿਣੀਆਂ ਉਤੇ
ਹਸਰਤਾਂ ਦੀਆਂ ਚਿੜੀਆਂ ਚਹਿਕਣ ਲੱਗਦੀਆਂ
ਕਿ ਜ਼ਿੰਦਗੀ ਤਾਂ ਉਹੀ ਹੁੰਦੀ ਹੈ
ਜਦੋਂ ਚਿੜੀਆਂ ਚਹਿਕਦੀਆਂ ਨੇ
ਕਿ ਜ਼ਿੰਦਗੀ ਤਾਂ ਉਹੀ ਹੁੰਦੀ ਹੈ
ਜਦੋਂ ਸਰਘੀਆਂ ਮਹਿਕਦੀਆਂ ਨੇ ।Thursday, 20 June 2013
ਆਓ ਮੁਹੱਬਤਾਂ ਭੇਜੀਏ !
ਆਓ ਨਾ ! ਚਿੱਠੀਆਂ ਭੇਜੀਏ ਮੁਹੱਬਤਾਂ ਵਿੱਚ ਗੁੰਨ੍ਹ ਕੇ
ਆਓ ਮੁਹੱਬਤਾਂ ਭੇਜੀਏ ! ਸੱਤਾਂ ਸੁਰਾਂ ਵਿੱਚ ਬੰਨ੍ਹ ਕੇ
ਕਿ ਨਫਰਤਾਂ ਦੇ ਸੇਕ ਨੇ , ਖੁਸ਼ੀਆਂ ਦਾ ਪਿੰਡਾ ਪੀੜਿਆ
ਕੰਡਿਆਲੀਆਂ ਵਾੜਾਂ ਨੇ ਤਾਂ ਵਸਲਾਂ ਦਾ ਬੂਹਾ ਭੀੜਿਆ
ਆਓ ਨਾ ਭੇਲੀ ਭੇਜੀਏ, ਗੁੜ ਦੀ ਸ਼ਗਨ ਦੀ, ਅਮਨ ਦੀ
ਭਾਜੀ ਨਹੀਂ ਪਾਉਣੀ ਅਸਾਂ , ਭਾਜੀ ਤੁਸੀਂ ਨਾ ਮੋੜਿਓ !
ਆਓ ਨਾ ਛਿੱਟੇ ਮਾਰੀਏ ! ਪਰਮਾਣੂੰਆਂ ਦੀ ਤਪਸ਼ 'ਤੇ
ਜ਼ਿੰਦਗੀ ਦੀ ਡੋਲੀ ਸੋਹਣਿਓ! ਸਿਵਿਆਂ
ਦੇ ਰਾਹ ਨਾ ਤੋਰਿਓ!
ਆਓ ਨਾ ਕਰਵਾ-ਚੌਥ ਨੂੰ,
ਮਿੱਠਤ ਦੀ ਸਰਘੀ ਭੇਜੀਏ
ਆਓ ਸਿਤਾਰੇ ਮਣਸੀਏ ,
ਰੋਸੇ ਦਾ ਵਰਤ ਤੋੜੀਏ
ਆਓ ਨਾ ਸਾਹਵੇਂ ਰੱਖੀਏ, ਰੂਹਾਂ ਦੀ ਸੁੱਚੀ ਛਾਨਣੀ
ਟੁੱਟੇ ਹੋਏ ਚੰਦ ਨੂੰ ਦੇ ਕੇ ਅਰਘ ਫਿਰ ਜੋੜੀਏ
ਆਓ ਨਾ ਰਲ ਕੇ ਖੇਡੀਏ ! ਆਓ ਨਾ ਪਾਈਏ ਆੜੀਆਂ
ਅੰਬਾਂ ਉੱਤੇ,ਬੰਬਾਂ ਦੀਆਂ ਛਾਵਾਂ ਨੇ ਹੁੰਦੀਆਂ ਮਾੜੀਆਂ
ਆਓ ਨਾ ਦੇਸਾਂ ਵਾਲਿਓ ! ਆਓ ਵਿਦੇਸ਼ਾਂ ਵਾਲਿਓ!
ਸੰਭਲੋ ਵੇ ਆਰ ਵਾਲਿਓ ! ਸੰਭਲੋ
ਵੇ ਪਾਰ ਵਾਲਿਓ !
ਤਲੀਆਂ 'ਤੇ ਮਹਿੰਦੀ ਦੀ ਜਗਾਹ,ਅੰਗਿਆਰੀਆਂ
ਨਾ ਧਰ ਦਿਓ
ਬਾਲਾਂ ਦਿਆਂ ਨੈਣਾਂ 'ਚ ਨਾ , ਬਾਰੂਦ-ਸੁਰਮਾ ਭਰ ਦਿਓ
ਹਾੜ੍ਹਾ ਵੇ ! ਰੱਬ ਦਾ ਵਾਸਤਾ! ਅੰਬਰ ਨਾ ਕਤਲ ਕਰ ਦਿਓ
ਵੱਡੇ ਪੁਲਾੜਾਂ ਵਾਲਿਓ ! ਧਰਤੀ ਨਾ ਵਿਧਵਾ ਕਰ ਦਿਓ
ਆਓ ਨਾ ਸੋਚਾਂ ਫੋਲੀਏ ! ਆਓ ਨਾ ਗੰਢਾਂ ਖੋਲ੍ਹੀਏ
ਸਰਹੱਦਾਂ ਦੀ ਸਰਦਲ ਉੱਤੇ , ਚੌਲਾਂ ਦੀ ਮੁੱਠੀ ਡੋਲ੍ਹੀਏ
ਰਿਸ਼ਤਿਆਂ ਦੇ ਜ਼ਖਮਾਂ 'ਤੇ ਬੱਦਲਾਂ ਦੇ ਫੈਹੇ ਧਰ ਦਈਏ
ਜ਼ਿੰਦਗੀ ਨੂੰ ਫੇਰ ਆਪਾਂ ਜੀਣ-ਜੋਗੀ ਕਰ ਦਈਏ ।
Subscribe to:
Posts (Atom)





