Friday, 14 February 2014

ਮੈਂ ਭਗਤ ਸਿੰਘ ਬੋਲਦਾਂ

ਮੈਂ ਭਗਤ ਸਿੰਘ ਬੋਲਦਾਂ

29 ਸਤੰਬਰ 2013 ਸਵੇਰ 02:54 ਵਜੇ



ਰਹਿਬਰੋ ! ਓ ਕੌਮ ਦੇ ਰਖਵਾਲਿਓ !
ਉੱਚੇ ਉੱਚੇ ਤਖਤਾਂ-ਤਾਜਾਂ ਵਾਲਿਓ !
ਭੀੜ ਸਾਹਵੇਂ ਹੱਥ ਆਪਣੇ ਜੋੜ ਕੇ,  
ਬੁੱਤਾਂ ਦੇ ਗਲ ' ਹਾਰ ਪਾਉਣ ਵਾਲਿਓ!
ਸੁਣ ਲਓ ਸਾਡੇ ਦਿਲਾਂ ਦੀ ਵੇਦਨਾ,   
ਫੁੱਲਾਂ ਅੰਦਰ ਰੋ ਰਹੀ ਹੈ ਵਾਸ਼ਨਾ
ਭਾਸ਼ਨਾਂ ਅੰਦਰ ਗੁਆਚੇ ਮਾਲਕੋ!
ਕਿੱਥੇ ਹੈ ਸੁੱਤੀ  ਤੁਹਾਡੀ ਚੇਤਨਾ?
ਲਾਰਿਆਂ ਦੇ, ਨਾਹਰਿਆਂ ਦੇ ਸ਼ੋਰ ਵਿੱਚ   
ਭੁੱਬਾਂ ਮਾਰੇ ਹਰ ਸ਼ਹੀਦ-ਆਤਮਾ
ਤੁਸੀਂ ਹੁਣ ਤੱਕ ਕੀਤੀਆਂ ਜੋ ਖੱਟੀਆਂ,
ਅੱਜ ਮੈਂ ਉਹਨਾਂ ਦੀ ਗੱਠੜੀ ਖੋਲ੍ਹਦਾਂ
ਪਛਾਣਿਆ ਹੈ ?ਕਿ ਨਹੀਂ ਪਛਾਣਿਆ?
ਵਾਰਿਸੋ! ਤੁਹਾਡਾ ਭਗਤ ਸਿੰਘ ਬੋਲਦਾਂ

ਤੁਸੀਂ ਭਾਰਤ-ਮਾਂ ਦਾ ਇਹ ਕੀ ਹਾਲ ਕੀਤਾ ਹੈ?
ਕਰਜ਼ੇ ਦੇ ਵਿੱਚ ਇਹਦਾ ਵਾਲ-ਵਾਲ ਕੀਤਾ ਹੈ
ਰੋਜ਼   ਏਥੇ  ਲੱਗਦੇ  ਲਾਸ਼ਾਂ  ਦੇ  ਢੇਰ  ਨੇ
ਮਿੱਝ ਦੇ ਵਿੱਚ ਲਿੱਬੜੇ ਬਾਲਾਂ ਦੇ ਪੈਰ ਨੇ
ਵੈਣਾਂ 'ਚ ਭਿੱਜ ਕੇ ਲਾਲ ਕਿਲ੍ਹਾ  ਕੰਬਦਾ ਏਥੇ,
ਮਾਵਾਂ ਦਾ ਸੀਨਾ ਪਿੱਟ ਪਿੱਟ ਕੇ ਅੰਬਦਾ ਏਥੇ,
ਥੇਹਾਂ ਦੀ  ਤਸਵੀਰ ਨਿੱਤ  ਦਿੰਦਾ ਅਖਬਾਰ ਹੈ
ਹਰ  ਮਾਸੂਮ  ਧੌਣ  'ਤੇ   ਤਾਣੀ ਤਲਵਾਰ ਹੈ
ਕੀ ਮੈਂ ਇਸੇ ਆਜ਼ਾਦੀ ਲਈ,ਜਵਾਨੀ ਵਾਰ ਆਇਆ ਸੀ?
ਕੀ ਮੈਂ ਇਸੇ ਆਜ਼ਾਦੀ ਲਈ,ਜ਼ਿੰਦਗੀ ਹਾਰ ਆਇਆ ਸੀ?
ਕੀ ਮੈਂ ਇਸੇ ਆਜ਼ਾਦੀ ਵਾਸਤੇ,ਫਾਂਸੀ ਨੂੰ ਚੁੰਮਿਆ ਸੀ?
ਬਸੰਤੀ ਚੋਲਾ ਪਹਿਨ ਕੇ ,ਕੀ ਇਹਦੇ ਲਈ ਘੁੰਮਿਆ ਸੀ?
ਨਹੀਂ ਨਹੀਂ…ਨਹੀਂ ਨਹੀਂ…
ਓ ਹਿੰਦ ਵਾਸੀਓ! ਓ ਸਾਥੀਓ! ਓ ਦੋਸਤੋ !
ਮੈਂ ਇਹ ਆਜ਼ਾਦੀ ਤਾਂ ਨਹੀਂ ਮੰਗੀ ਸੀ

ਏਥੇ ਤਾਂ ਜ਼ੋਰਾਵਰ ਹਰ ਥਾਂ ਕਹਿਰ ਢਾਅ ਰਿਹਾ,
ਹੱਕਾਂ ਦੀ ਚਿਣ ਕੇ ਚਿਖਾ ਲਾਂਬੂ ਲਗਾ ਰਿਹਾ
ਇਹ ਬੇਜ਼ਮੀਰੇ ਕੌਣ? ਜੋ ਹੱਥ ਸੇਕ ਰਹੇ ਨੇ?  
ਆਜ਼ਾਦੀ ਨੂੰ ਕਿਸ਼ਤਾਂ ਦੇ ਅੰਦਰ ਵੇਚ ਰਹੇ ਨੇ
ਵਿਕਦੀਆਂ ਨੇ ਕੰਜਕਾਂ ਤੇ ਵਿਕਦੀਆਂ ਨੇ ਬੋਟੀਆਂ
ਨਿੱਕੇ ਨਿੱਕੇ ਹੱਥ ਨੇ ਰੂੜੀ 'ਚੋਂ ਲੱਭਦੇ ਰੋਟੀਆਂ
ਕੀ ਇਹੋ ਮੇਰੇ ਸੁਫ਼ਨਿਆਂ ਦਾ ਭਾਰਤ ਹੈ?    
ਕੀ ਇਹੋ ਮੇਰੇ ਆਪਣਿਆਂ ਦਾ ਭਾਰਤ ਹੈ ?
     
ਮੈਂ ਆਪਣੀ ਚਰਬੀ ਨੂੰ ਜਿਸ ਲਾਟ 'ਤੇ ਪੰਘਾਰਿਆ
ਮੈਂ ਜਿਹੜੇ ਲੋਕਾਂ ਲਈ ਬਘਿਆੜਾਂ ਨੂੰ ਲਲਕਾਰਿਆ
ਮੈਂ ਟੋਟਾ ਧੁੱਪ ਦਾ ਮੰਗਿਆ ਸੀ ਜਿਸ ਹਨ੍ਹੇਰੇ ਲਈ
ਮੈਂ ਹਰ ਪਲ ਨੇਜ਼ੇ'ਤੇ ਟੰਗਿਆ ਸੀ ਜਿਸ ਸਵੇਰੇ ਲਈ
ਕੀ  ਇਹ ੳਹੀ ਹੈ ਸਵੇਰਾ  ? ੳਹੀ ਰੌਸ਼ਨੀ ਹੈ?
ਇਹ ਤਾਂ ਅੱਗ ਹੈ, ਜੋ ਸਾੜਦੀ ਹੈ, ਮਾਰਦੀ ਹੈ

ਓ ਮੇਰੇ ਨਾਮ ਦਾ ਵਪਾਰ ਕਰਨ ਵਾਲਿਓ!
ਇਕ ਦੂਜੇ ਉਤੇ ਇਲਜ਼ਾਮ ਧਰਨ ਵਾਲਿਓ!
ਦਾਅਵਾ ਕਰ ਰਹੇ ਓ ਮੇਰੀ ਰਾਹ'ਤੇ ਚੱਲਣ ਦਾ
ਓ ਮੇਰੇ ਵਤਨ ਨੂੰ ਨੀਲਾਮ ਕਰਨ ਵਾਲਿਓ!
ਮੈਂ ਕਦ ਕਿਹਾ ਸੀ? ਸੱਚ ਨੂੰ ਸ਼ਿਕੰਜੇ ਲਾ ਦਿਓ
ਹਰ ਇਕ ਵੰਝਲੀ ਚੁੱਲ੍ਹੇ ਦੇ ਅੰਦਰ  ਡਾਹ ਦਿਓ
ਮੈਂ ਕਦ ਕਿਹਾ ਸੀ?ਮੱਥੇ ਦਾ ਦੀਵਾ  ਪੂਰ ਦਿਓ
ਗੁੰਗੀ ਜੀਭ ਨੂੰ ਇੱਕ ਸ਼ਬਦ 'ਜੀ..ਹਜ਼ੂਰ' ਦਿਓ
ਤੁਸੀਂ ਵਿਕਾਸ  ਦੇ ਇਹ ਅਰਥ ਕੇਹੇ ਸਿਰਜੇ ਨੇ?
ਮੰਡੀਕਰਨ ਵਿੱਚ ਫਸਲਾਂ  ਲਿਤਾੜੀ ਜਾਂਦੇ ਓ
ਅਸੀਂ ਜਿਹਨਾਂ ਵਿਦੇਸ਼ੀ  ਹਾਕਮਾਂ ਨੂੰ ਕੱਢਿਆ
ਤੁਸੀਂ ਤਾਂ ਉਹਨਾਂ ਨੂੰ ਹੀ ਫੇਰ ਵਾੜੀ ਜਾਂਦੇ ਓ

ਇਹ ਹੰਝੂ  ਖੂਨ ਦੇ ਡੁੱਲ੍ਹਦੇ ਨੇ, ਤੇ ਜੋ ਡੁੱਲ੍ਹਣਗੇ,
ਇਨ੍ਹਾਂ ਹੰਝੂਆਂ ਦਾ ਕੋਈ  ਰਾਹ ਤੁਹਾਡੇ ਨਾਮ ਵੀ ਹੈ
ਮੈਂ ਇੱਕ ਵਾਰ ਨਹੀਂ ਮਰਿਆ, ਮੈਂ ਰੋਜ਼ ਮਰਦਾ ਹਾਂ
ਮੇਰੇ  ਕਤਲ  ਦਾ  ਗੁਨਾਹ  ਤੁਹਾਡੇ  ਨਾਮ  ਵੀ ਹੈ।

ਇਸ਼ਕ ਤਾਂ ਤੂੰ ਵੀ ਕੀਤਾ ਹੋਏਗਾ

 ਇਸ਼ਕ ਤਾਂ ਤੂੰ ਵੀ ਕੀਤਾ ਹੋਏਗਾ




ਕਿੰਨਾ ਵਿਸਮਾਦੀ ਹੁੰਦੈ

 ਕਿੰਨਾ ਵਿਸਮਾਦੀ ਹੁੰਦੈ


Saturday, 25 January 2014

ਕੋਈ ਉਸ ਰਾਹ ਦਾ ਸਿਰਨਾਵਾਂ ਤਾਂ ਦੱਸੇ


ਕੋਈ ਉਸ ਸੁਰੰਗ ਦਾ ਸਿਰਨਾਵਾਂ ਤਾਂ ਦੱਸੇ
ਜਿਸ ਵਿੱਚੋਂ ਗੁਜ਼ਰਦਿਆਂ
ਸਾਂਵਲਾ ਚੰਦ ਗੋਰਾ ਨਿਛੋਹ ਹੋ ਜਾਂਦਾ ਹੈ
ਤੇ ਤਾਰੇ
ਕਿਸੇ ਸੁਹਾਗਣ ਦੇ ਮੱਥੇ ਦੀ ਬਿੰਦੀ ਹੋ ਜਾਂਦੇ ਹਨ

ਕੋਈ ਉਸ ਰਾਹ ਦੀ ਪੁੱਛ ਤਾਂ ਦੇਵੇ
ਜਿੱਥੋਂ ਲੰਘਦਿਆਂ ਕੁਸੈਲਾ ਜਿਹਾ ਬੀਜ
ਗੁਲਾਬੀ ਫੁੱਲ ਹੋ ਜਾਂਦਾ ਹੈ
ਤੇ ਫੁੱਲ
ਸ਼ਹਿਦ ਬਣ ਕੇ ਤਿੱਪ-ਤਿੱਪ ਚੋਣ ਲੱਗ ਜਾਂਦਾ ਹੈ

ਕੋਈ ਉਸ ਡੰਡੀ ਬਾਰੇ ਕੁਝ ਤਾਂ ਦੱਸੇ
ਜਿਸ 'ਤੇ ਤੁਰਦਿਆਂ
ਸ਼ਹਿਤੂਤੀ ਪੱਤੇ ਢਿੱਡ ਦਾ ਸਬਰ ਹੋ ਜਾਂਦੇ ਨੇ
ਤੇ ਤਾਰਾਂ
ਰੇਸ਼ਮ ਬਣ ਕੇ ਜ਼ਿੰਦਗੀ ਦਾ ਨੰਗੇਜ 'ਜਦੀਆਂ ਨੇ


ਕੋਈ ਉਸ ਰਾਹ ਬਾਰੇ ਕੁਝ ਤਾਂ ਦੱਸੇ
ਜਿੱਥੋਂ ਲੰਘਦਿਆਂ
ਹਥੇਲੀਆਂ ਦੀਆਂ ਲਕੀਰਾਂ
ਔਸੀਆਂ ਬਣ ਜਾਂਦੀਆਂ ਨੇ
ਤੇ ਮੁਹੱਬਤ
ਚੌਹਾਂ ਕੂੰਟਾਂ ਵਿੱਚ ਅਨਹਦ-ਨਾਦ

ਗਾਉਣ ਲੱਗ ਜਾਂਦੀ ਹੈ।

ਮੈਂ ਹੁਣ ਕਵਿਤਾ ਹੋਣਾ ਹੈ

         
ਮੈਂ ਹੁਣ....
ਮੈਂ ਹੁਣ ਕਵਿਤਾ ਲਿਖਣੀ ਨਹੀਂ
ਮੈਂ ਹੁਣ ਕਵਿਤਾ ਹੋਣਾ ਹੈ
ਕਵਿਤਾ ਜਿਹੜੀ ਚਾਨਣੀ ਦੇ ਚਿੱਟੇ ਦੁੱਧ ਵਿੱਚ
ਨਾਹਤੀ-ਧੋਤੀ ਹੋਵੇ
ਕਵਿਤਾ,ਜਿਹਦੇ ਹੋਂਠਾਂ ਤੋਂ ਕਿਰਦੇ ਬੋਲਾਂ ਵਿੱਚੋਂ
ਬੰਸਰੀ ਦੀ ਤਾਨ ਸੁਣੇ
ਕਵਿਤਾ,ਜਿਸਦੇ ਕਾਗ਼ਜ਼ਾਂ ਦੀ ਹਿੱਕ 'ਤੇ ਵਿਛੇ ਹਰਫਾਂ ਵਿੱਚੋਂ
ਚੋਮੁਖੀਏ ਦੀਵੇ ਦੀ ਲੋਅ ਆਵੇ
ਕਵਿਤਾ,ਜਿਸਦੇ ਸੁਪਨੀਲੇ ਨੈਣਾਂ ਵਿੱਚ ਵਸੇ ਖਾਬਾਂ ਵਿੱਚੋਂ
ਕਾਦਰ ਦਾ ਸਿਰਨਾਵਾਂ ਲੱਭੇ
ਤੇ ਕਵਿਤਾ
ਜਿਹੜੀ ਜਦੋਂ ਵੀ ਡੁੱਲ੍ਹੇ
ਜਿੱਥੇ ਵੀ ਡੁੱਲ੍ਹੇ
ਉੱਥੇ ਹੀ ਸ਼ਹਿਦ ਬੀਜਿਆ ਜਾਵੇ
ਕੀ ਮੈਂ ਕਦੀ ਹੋ ਸਕਦੀ ਹਾਂ
ਇਹੋ ਜਿਹੀ ਕਵਿਤਾ?
ਕੀ ਮੈਂ ਕਦੀ ਵੀ ਹੋ ਸਕਦੀ ਹਾਂ
ਇਹੋ ਜਿਹੀ ਕਵਿਤਾ ?
 

ਅਜੇ ਤਾਂ.........


  
ਅਜੇ ਨਹੀਂ ਲਹਿਰਾਈਆਂ ਕੱਚ ਦੀਆਂ ਮੁੰਦਰਾਂ
ਕਿਸੇ ਅਨੰਤ ਖੜਾਵਾਂ ਵਾਲੇ ਜੋਗੀ ਦੇ ਕੰਨਾਂ ਵਿੱਚ
ਤੇ ਅਜੇ ਨਹੀਂ ਦਿਸਿਆ ਤੇਰਾ ਮੂੰਹ
ਅਜੇ ਤਾਂ ਮੈਂ ਕਮਲੀਆਂ ਹਾਰ
ਜੰਗਲਾਂ ਵੀਰਾਨਿਆਂ ਵਿੱਚ
ਭਟਕਦੀ ਫਿਰਦੀ ਹਾਂ
ਪਤਾ ਨਹੀਂ
ਇੱਕ ਪਲ ਵਿੱਚ ਕੋਟਿ ਜਨਮ ਨੇ
ਕਿ ਇੱਕ ਜਨਮ ਵਿੱਚ ਕੋਟਿ ਪਲ
ਅਜੇ ਤਾਂ ਮੈਂ
ਇਸ ਹਿਸਾਬ ਵਿੱਚੋਂ ਹੀ ਪਾਰ ਨਹੀਂ ਹੋਈ
ਅਜੇ ਤਾਂ ਲਿਖਿਆ ਹੀ ਨਹੀਂ ਮੈਂ
ਕਿਸੇ ਵੈਰਾਗੀ ਪਲ ਦੀ ਤਲੀ ਉੱਤੇ
ਇਸ਼ਕੇ ਦਾ ਗੂੜ੍ਹਾ ਗੂੜ੍ਹਾ ਨਾਂ
ਨਾ ਹੀ ਖੁਲ੍ਹਦੀਆਂ ਨੇ ਮੈਥੋਂ
ਸੰਘਣੇ ਹਨ੍ਹੇਰਿਆਂ ਵਿੱਚੋਂ
ਚਾਨਣ ਵੱਲ ਖੁਲ੍ਹਦੀਆਂ ਬਾਰੀਆਂ
ਅਜੇ ਤਾਂ ਮੈਥੋਂ ਹਨ੍ਹੇਰੇ ਮਿੱਧ ਹੀ ਨਹੀਂ ਹੋਏ
ਅਜੇ ਤਾਂ ਮੈਂ
ਸਿਰਫ ਤੈਨੂੰ ਆਵਾਜ਼ ਮਾਰੀ ਹੈ
ਅਜੇ ਤਾਂ ਮੈਂ
ਸਿਰਫ ਤਲਾਸ਼ ਹਾਂ
ਅਜੇ ਤਾਂ ਮੈਂ
ਸਿਰਫ ਉਡੀਕ ਹਾਂ ..   


    

ਕਦ ਮੋਤੀ ਥਿਆਉਣਾ? …


ਇਹ ਤਨ ਡਾਢਾ ਵੈਰੀ
ਸੁਬਾਹ ਰਜਾਇਆ
ਰਾਤੀਂ ਫੇਰ ਮੰਗੇ
ਕੱਲ੍ਹ ਸੁੱਖੀਂ ਨਹਾਇਆ
ਅੱਜ ਫਿਰ ਉਹੀ ਲੋੜਾਂ
ਮੈਨੂੰ ਆਹ ਦੇ ਦੇ
ਮੈਨੂੰ ਔਹ ਦੇ ਦੇ
ਇਹਦਾ ਤਾਂ ਕਾਸਾ
ਕਦੀਓ ਨਾ ਭਰਦਾ
ਇਹ ਹਰ ਵੇਲੇ ਚਰਦਾ
ਮੈਂ ਕਿੰਜ ਵਿਹਲੀ ਹੋਵਾਂ?
ਮੈਂ ਕਦ ਵਿਹਲੀ ਹੋਵਾਂ?
ਤੇ ਸੋਚਾਂ ਮੈਂ ਤੁਧ ਨੂੰ
ਤੇ ਲੱਭਾਂ ਮੈਂ ਤੁਧ ਨੂੰ

ਇਹ ਮਨ ਡਾਢਾ ਵੈਰੀ
ਕਦੀ ਭੱਜੇ ਏਧਰ
ਕਦੀ ਭੱਜੇ ੳਧਰ
ਕਦੀ ਟੱਪੇ ਪਰਬਤ
ਕਦੀ ਨਾਪੇ ਸਾਗਰ
ਕਦੀ ਕਿਤੇ ਠਹਿਰੇ ਨਾ
ਅੱਥਰਾ ਇਹ ਘੋੜਾ
ਹਰ ਵੇਲੇ ਟੱਪ-ਟੱਪ
ਹਰ ਵੇਲੇ ਠੱਕ-ਠੱਕ
ਅੰਤਾਂ ਦਾ ਸ਼ੋਰ
ਤੇ ਅੰਤਾਂ ਦੀ ਭਟਕਣ
ਮੈਂ ਕਿੰਜ ਵਿਹਲੀ ਹੋਵਾਂ?
ਮੈਂ ਕਦ ਵਿਹਲੀ ਹੋਵਾਂ?
ਤੇ ਸੋਚਾਂ ਮੈਂ ਤੁਧ ਨੂੰ
ਤੇ ਖੋਜਾਂ ਮੈਂ ਤੁਧ ਨੂੰ

ਇਹ ਜੁੱਗਾਂ ਦੇ ਵੈਰੀ
ਇਹ ਜਨਮਾਂ ਦੇ ਵੈਰੀ
ਜਾਣਾਂ ਕਿ ਕਾਬੂ
ਇਹ ਕਰਨੇ ਹੀ ਪੈਣੇ
ਏਹੀ ਭਵਸਾਗਰ
ਇਹ ਤਰਨੇ ਹੀ ਪੈਣੇ

ਪਰ ਇਹ ਕਦ ਹੋਸੀ?
ਪਰ ਇਹ ਕਿੰਜ ਹੋਸੀ?
ਇਹ ਮੈਥੋਂ ਨਾ ਹੁੰਦਾ?
ਉਫ...............
ਮੈਥੋਂ ਨਾ ਹੁੰਦਾ
ਮੈਂ ਕਦ ਗੋਤਾ ਲਾਉਣਾ
ਕਦ ਮੋਤੀ ਥਿਆਉਣਾ?