Saturday 7 September 2013

ਮੈਂ ਹੁਣ ਕਵਿਤਾ ਹੋਣਾ ਹੈ

          

                                                                                    ਮੈਂ ਹੁਣ ਕਵਿਤਾ ਲਿਖਣੀ ਨਹੀਂ
ਮੈਂ ਹੁਣ ਕਵਿਤਾ ਹੋਣਾ ਹੈ
ਕਵਿਤਾ ਜਿਹੜੀ ਚਾਨਣੀ ਦੇ
ਚਿੱਟੇ ਦੁੱਧ ਵਿੱਚ
ਨਾਹਤੀ-ਧੋਤੀ ਹੋਵੇ
ਕਵਿਤਾ,ਜਿਹਦੇ ਹੋਂਠਾਂ ਤੋਂ
ਕਿਰਦੇ ਬੋਲਾਂ ਵਿੱਚੋਂ
ਬੰਸਰੀ ਦੀ ਤਾਨ ਸੁਣੇ
ਕਵਿਤਾ,ਜਿਸਦੇ ਕਾਗ਼ਜ਼ਾਂ ਦੀ ਹਿੱਕ'ਤੇ
ਵਿਛੇ ਹਰਫਾਂ ਵਿੱਚੋਂ
ਚੋਮੁਖੀਏ ਦੀਵੇ ਦੀ ਲੋਅ ਆਵੇ
ਕਵਿਤਾ,ਜਿਸਦੇ ਸੁਪਨੀਲੇ ਨੈਣਾਂ ਵਿੱਚ
ਵਸੇ ਖਾਬਾਂ ਵਿੱਚੋਂ
ਕਾਦਰ ਦਾ ਸਿਰਨਾਵਾਂ ਲੱਭੇ
ਤੇ ਕਵਿਤਾ
ਜਿਹੜੀ ਜਦੋਂ ਵੀ ਡੁੱਲ੍ਹੇ
ਜਿੱਥੇ ਵੀ ਡੁੱਲ੍ਹੇ
ਉੱਥੇ ਹੀ ਸ਼ਹਿਦ ਬੀਜਿਆ ਜਾਵੇ
ਕੀ ਮੈਂ ਕਦੀ ਹੋ ਸਕਦੀ ਹਾਂ
ਇਹੋ ਜਿਹੀ ਕਵਿਤਾ?
ਕੀ ਮੈਂ ਕਦੀ ਵੀ ਹੋ ਸਕਦੀ ਹਾਂ

ਇਹੋ ਜਿਹੀ ਕਵਿਤਾ?

ਕਦ ਮੋਤੀ ਥਿਆਉਣਾ? ….


ਇਹ ਤਨ ਡਾਢਾ ਵੈਰੀ
ਸ਼ੁਬਾਹ ਰਜਾਇਆ
ਰਾਤੀਂ ਫੇਰ ਮੰਗੇ
ਕੱਲ੍ਹ ਸੁੱਖੀਂ ਨਹਾਇਆ
ਅੱਜ ਫਿਰ ਉਹੀ ਲੋੜਾਂ
ਮੈਨੂੰ ਆਹ ਦੇ ਦੇ
ਮੈਨੂੰ ਔਹ ਦੇ ਦੇ
ਇਹਦਾ ਤਾਂ ਕਾਸਾ
ਕਦੀਓ ਨਾ ਭਰਦਾ
ਇਹ ਹਰ ਵੇਲੇ ਚਰਦਾ
ਮੈਂ ਕਿੰਜ ਵਿਹਲੀ ਹੋਵਾਂ?
ਮੈਂ ਕਦ ਵਿਹਲੀ ਹੋਵਾਂ?
ਤੇ ਸੋਚਾਂ ਮੈਂ ਤੁਧ ਨੂੰ
ਤੇ ਲੱਭਾਂ ਮੈਂ ਤੁਧ ਨੂੰ

ਇਹ ਮਨ ਡਾਢਾ ਵੈਰੀ
ਕਦੀ ਭੱਜੇ ਏਧਰ
ਕਦੀ ਭੱਜੇ ੳਧਰ
ਕਦੀ ਟੱਪੇ ਪਰਬਤ
ਕਦੀ ਨਾਪੇ ਸਾਗਰ
ਕਦੀ ਕਿਤੇ ਠਹਿਰੇ ਨਾ
ਅੱਥਰਾ ਇਹ ਘੋੜਾ
ਹਰ ਵੇਲੇ ਟੱਪ-ਟੱਪ
ਹਰ ਵੇਲੇ ਠੱਕ-ਠੱਕ
ਅੰਤਾਂ ਦਾ ਸ਼ੋਰ
ਤੇ ਅੰਤਾਂ ਦੀ ਭਟਕਣ
ਮੈਂ ਕਿੰਜ ਵਿਹਲੀ ਹੋਵਾਂ?
ਮੈਂ ਕਦ ਵਿਹਲੀ ਹੋਵਾਂ?
ਤੇ ਸੋਚਾਂ ਮੈਂ ਤੁਧ ਨੂੰ
ਤੇ ਖੋਜਾਂ ਮੈਂ ਤੁਧ ਨੂੰ

ਇਹ ਜੁੱਗਾਂ ਦੇ ਵੈਰੀ
ਇਹ ਜਨਮਾਂ ਦੇ ਵੈਰੀ
ਜਾਣਾਂ ਕਿ ਕਾਬੂ
ਇਹ ਕਰਨੇ ਹੀ ਪੈਣੇ
ਏਹੀ ਭਵਸਾਗਰ
ਇਹ ਤਰਨੇ ਹੀ ਪੈਣੇ

ਪਰ ਇਹ ਕਦ ਹੋਸੀ?
ਪਰ ਇਹ ਕਿੰਜ ਹੋਸੀ?
ਇਹ ਮੈਥੋਂ ਨਾ ਹੁੰਦਾ?
ਉਫ...............
ਮੈਥੋਂ ਨਾ ਹੁੰਦਾ
ਮੈਂ ਕਦ ਗੋਤਾ ਲਾਉਣਾ
ਕਦ ਮੋਤੀ ਥਿਆਉਣਾ?

ਅਜੇ ਤਾਂ.........


  
ਅਜੇ ਨਹੀਂ ਲਹਿਰਾਈਆਂ ਕੱਚ ਦੀਆਂ ਮੁੰਦਰਾਂ
ਕਿਸੇ ਅਨੰਤ ਖੜਾਵਾਂ ਵਾਲੇ ਜੋਗੀ ਦੇ ਕੰਨਾਂ ਵਿੱਚ
ਤੇ ਅਜੇ ਨਹੀਂ ਦਿਸਿਆ ਤੇਰਾ ਮੂੰਹ
ਅਜੇ ਤਾਂ ਮੈਂ ਕਮਲੀਆਂ ਹਾਰ
ਜੰਗਲਾਂ ਵੀਰਾਨਿਆਂ ਵਿੱਚ
ਭਟਕਦੀ ਫਿਰਦੀ ਹਾਂ
ਪਤਾ ਨਹੀਂ
ਇੱਕ ਪਲ ਵਿੱਚ ਕੋਟਿ ਜਨਮ ਨੇ
ਕਿ ਇੱਕ ਜਨਮ ਵਿੱਚ ਕੋਟਿ ਪਲ
ਅਜੇ ਤਾਂ ਮੈਂ
ਇਸ ਹਿਸਾਬ ਵਿੱਚੋਂ ਹੀ ਪਾਰ ਨਹੀਂ ਹੋਈ
ਅਜੇ ਤਾਂ ਲਿਖਿਆ ਹੀ ਨਹੀਂ ਮੈਂ
ਕਿਸੇ ਵੈਰਾਗੀ ਪਲ ਦੀ ਤਲੀ ਉੱਤੇ
ਇਸ਼ਕੇ ਦਾ ਗੂੜ੍ਹਾ ਗੂੜ੍ਹਾ ਨਾਂ
ਨਾ ਹੀ ਖੁਲ੍ਹਦੀਆਂ ਨੇ ਮੈਥੋਂ
ਸੰਘਣੇ ਹਨ੍ਹੇਰਿਆਂ ਵਿੱਚੋਂ
ਚਾਨਣ ਵੱਲ ਖੁਲ੍ਹਦੀਆਂ ਬਾਰੀਆਂ
ਅਜੇ ਤਾਂ ਮੈਥੋਂ ਹਨ੍ਹੇਰੇ ਮਿੱਧ ਹੀ ਨਹੀਂ ਹੋਏ
ਅਜੇ ਤਾਂ ਮੈਂ
ਸਿਰਫ ਤੈਨੂੰ ਆਵਾਜ਼ ਮਾਰੀ ਹੈ
ਅਜੇ ਤਾਂ ਮੈਂ
ਸਿਰਫ ਤਲਾਸ਼ ਹਾਂ
ਅਜੇ ਤਾਂ ਮੈਂ
ਸਿਰਫ ਉਡੀਕ ਹਾਂ ..