Saturday 22 March 2014

ਕੁੜੀਆਂ ਮਿਸ਼ਰੀ ਦੀਆਂ ਪੁੜੀਆਂ,



ਕੁੜੀਆਂ ਮਿਸ਼ਰੀ ਦੀਆਂ ਪੁੜੀਆਂ,ਰਾਹ ਮਿਰਚਾਂ ਤੋਂ ਕੌੜੇ
ਯੁੱਗਾਂ ਯੁੱਗਾਂ ਤੋਂ ਤੁਰੀਆਂ ਚੁੱਕ ਪੀੜਾਂ ਦੇ ਤੌੜੇ
ਨਾ ਅੰਬਰ ਮਿਲਿਆ ਇਹਨਾਂ ਨੂੰ ਨਾ ਧਰਤੀ ਕੋਈ
ਮਿਲੀ ਤਾਂ ਮਿਲੀ ਹੰਢਾਉਣ ਨੂੰ ਲਾਜਾਂ ਦੀ ਲੋਈ
ਅੱਖ ਝਮਕਣ ਤਾਂ ਗਰਜਦੇ ਖ਼ੂੰ-ਖ਼ਾਰ ਹਥੌੜੇ
ਕੁੜੀਆਂ ਮਿਸ਼ਰੀ ਦੀਆਂ ਪੁੜੀਆਂ………..
ਇਹ ਆਪਣੇ ਆਪ ਨੂੰ ਲੱਭਦੀਆਂ ਕਿਸ ਜਨਮ ' ਆਈਆਂ?
ਜਾਂ ਗਰਭ-ਜੂਨ ਵਿੱਚ ਮਾਰੀਆਂ ਜਾਂ ਪਿਛੋਂ ਮੁਕਾਈਆਂ
ਤੰਗ ਵਿਹੜੇ ਕੰਤ ਦੇ  ਮਹਿਲਾਂ ਦੇ ਤੇ ਬੂਹੇ ਚੌੜੇ
ਕੁੜੀਆਂ ਮਿਸ਼ਰੀ ਦੀਆਂ ਪੁੜੀਆਂ………..
ਇਹ ਨਵੀਂ ਪਨੀਰੀ ਸਿਰਜ ਕੇ ਜ਼ਿੰਦਗਾਨੀ ਵੰਡਣ
ਇਹ ਸੁਫ਼ਨੇ ਬੀਜਣ ਵਾਲੀਆਂ ਸੱਚ ਸਾਹਵੇਂ ਹੰਭਣ
ਕੋਈ ਮੰਗੇ 'ਅਗਨ ਪ੍ਰੀਖਿਆ' ਕੋਈ ਮੋਹਰਾਂ ਲੋੜੇ
ਕੁੜੀਆਂ ਮਿਸ਼ਰੀ ਦੀਆਂ ਪੁੜੀਆਂ………..
ਸਿਦਕਾਂ ਦੀਆਂ ਪਹਿਰੇਦਾਰਨਾਂ ਦੇ ਪੈਰੀਂ  ਬੇੜੀ
ਇਹ ਚਾਨਣ ਦੀਆਂ ਵਣਜਾਰਨਾਂ ਤਕਦੀਰ ਤਰੇੜੀ
ਇਹ ਹੰਝੂ ਚੁਗਦੀਆਂ ਘੁੱਗੀਆਂ ਮਿਲੇ ਹਾਸੇ ਥੋੜ੍ਹੇ

ਕੁੜੀਆਂ ਮਿਸ਼ਰੀ ਦੀਆਂ ਪੁੜੀਆਂ………..
ਹੁਣ ਤਾਂ ਇਹਨਾਂ ਨੂੰ ਆਪਣੀ ਜੰਗ ਲੜਨੀ ਪੈਣੀ
ਉਡਾਣ ਟੁੱਟੇ ਹੋਏ ਖ਼ੰਭਾਂ ਦੇ ਵਿੱਚ ਭਰਨੀ ਪੈਣੀ

ਹੁਣ 'ਪੀਆ' ੳਹੀ ਜੋ ਮੋਢੇ ਦੇ ਸੰਗ ਮੋਢਾ ਜੋੜੇ
ਕੁੜੀਆਂ ਮਿਸ਼ਰੀ ਦੀਆਂ ਪੁੜੀਆਂ ਰਾਹ ਮਿਰਚਾਂ ਤੋਂ ਕੌੜੇ
ਯੁੱਗਾਂ  ਯੁੱਗਾਂ  ਤੋਂ  ਤੁਰੀਆਂ  ਚੁੱਕ  ਪੀੜਾਂ ਦੇ  ਤੌੜੇ 


ਕੈਂਸਰ-ਪੀੜਿਤਾਂ ਜਾਂ ਕਿਸੇ ਵੀ ਮਾਰੂ ਰੋਗ ਨਾਲ ਹੱਸ-ਹੱਸ ਕੇ ਜੂਝਦਿਆਂ ਦੇ ਨਾਂ...........




ਇਕ ਵਾਰ ਮੈਂ ਇਕ ਕੈਂਸਰ-ਪੀੜਿਤ ਕੁੜੀ ਨੂੰ ਮਿਲੀ ਸੀ,ਉਸਦੇ ਜਿਸਮ ਉੱਤੇ ਪੱਟੀਆਂ ਬੱਝੀਆਂ ਸਨ..ਉਹ ਪੀੜੋ-ਪੀੜ ਸੀ,ਪਰ ਖਿੜਖਿੜਾ ਕੇ ਹੱਸ ਰਹੀ ਸੀ... ਗਾ ਰਹੀ ਸੀ,ਉਹ ਕਵਿਤਾ ਲਿਖਦੀ ਸੀ..ਕਵਿਤਾ ਗਾਉਂਦੀ ਸੀ...ਉਸ ਬਾਰੇ ਮੈਂ ਇਕ ਨਜ਼ਮ ਲਿਖੀ ਸੀ..ਜਿਸ ਨੂੰ ਪੜ੍ਹ ਕੇ ਉਹ ਬੇਹੱਦ ਖੁਸ਼ ਹੋਈ...ਪਿਛੋਂ ਮੇਰੇ ਤੋਂ ਉਹ ਨਜ਼ਮ ਲੈ ਕੇ.ਪੀ ਜੀ ਆਈ ਚੰਡੀਗੜ੍ਹ ਦੇ ਬਹੁਤ ਸਾਰੇ ਰੋਗੀਆਂ ਨੂੰ ਸੁਣਾਈ ਗਈ.. ਸੁਣਿਆ ਹੈ ਤੇ ਇਸ ਨੇ ਉਹਨਾਂ ਦੇ ਵਤੀਰੇ ਵਿੱਚ ਖੁਸ਼ੀ ਤੇ ਹੌਸਲੇ ਦੀ ਝਲਕ ਲੈ ਆਂਦੀ .. ਸਾਂਝੀ ਕਰਨ ਨੂੰ ਦਿਲ ਕਰ ਆਇਆ ਹੈ...

 

ਅੱਜ ਮੈਂ ਤੈਨੂੰ ਦੇਖਿਆ ਹੈ ਗਾਉਂਦਿਆਂ

ਪੱਟੀ ਨੂੰ ਝਾਂਜਰ ਸਮਝ ਛਣਕਾਉਂਦਿਆਂ

ਪੀੜ ਦੇ ਅਰਥਾਂ ਨੂੰ ਹਾਸਾ ਲਿਖਦਿਆਂ

ਉਦਾਸੀਆਂ ਨੂੰ ਦੇਸ-ਨਿਕਾਲਾ ਦਿੰਦਿਆਂ

 ਤੇਰੀ ਜ਼ਿੰਦਾ-ਦਿਲੀ ਨੂੰ ਸਲਾਮ ਅੱਜ

ਮੇਰੀ ਇਹ ਨਜ਼ਮ ਹੈ ਤੇਰੇ ਨਾਮ ਅੱਜ

ਦੇਖ..ਜਾਂਦਾ-ਜਾਂਦਾ ਸੂਰਜ ਅਟਕਿਐ

ਦੇਖ..ਠਹਿਰੀ ਆਉਂਦੀ ਆਉਂਦੀ ਸ਼ਾਮ ਅੱਜ

 

ਖੁਸ਼ਿਕਸਮਤ ਹੈਂ ਕੁੜੀਏ ਨੀਂ ਜ਼ਖਮਾਂ ਵਾਲੀਏ !

ਜਾਣੈਂ ਕਦ ?ਤੇਰੇ ਕੋਲ ਇਹ ਜਵਾਬ ਹੈ

ਰੱਬ ਦੇ ਨੇੜੇ ਹੈਂ ਕਰਮਾਂ ਵਾਲੀਏ !

ਤੈਨੂੰ ਜ਼ਿੰਦਗੀ ਮੌਤ ਦਾ ਹਿਸਾਬ ਹੈ

 

ਮੈਂ ਨਿਕਰਮਣ ਨੂੰ ਤਾਂ ਇਹ ਵੀ ਖਬਰ ਨਾ

ਇੱਕ ਦਿਨ ਹੈ ਕੋਲ ਕਿ ਉਹ ਵੀ ਨਹੀਂ ?

ਪੱਟੂੰ ਅਗਲਾ ਪੈਰ,ਕਿ ਉਹ ਵੀ ਨਹੀਂ ?

ਬੋਲੂੰ ਅਗਲਾ ਬੋਲ ਕਿ ਉਹ ਵੀ ਨਹੀਂ ?

 

ਤੂੰ ਤਾਂ ਟੱਪੀਆਂ ਔਖੀਆਂ ਸਭ ਸਰਦਲਾਂ

ਨੈਣੀਂ ਨੇ ਸਕੂਨ ਦੀਆਂ ਮਹਿਫਲਾਂ

ਗੀਤ ਸੁਣ ਕੇ ਵਕਤ ਵੀ ਹੈਰਾਨ ਹੈ

ਗਾਉਂਦੇ ਤੇਰੇ ਬੁਲ੍ਹ ਨੇ ਕਿ ਬੁਲਬੁਲਾਂ

 

ਸੋਨੇ ਦੀ ਹੈਂ ਤੂੰ, ਭਾਵੇਂ ਹੋਈ ਛਾਨਣੀ

ਤੂੰ ਪਾਟੇ ਚੋਲੇ ਵਿੱਚੋਂ ਕਿਰਦੀ ਚਾਨਣੀ

ਤੂੰ ਕਾਲੇ ਬੱਦਲੀਂ ਬਿਜਲੀਆਂ ਦੀ ਲਿਸ਼ਕ ਹੈਂ

ਮੁਸਕਾਨ ਤੇਰੀ ਤਿੰਨ-ਤਾਰੀ ਚਾਸ਼ਨੀ

 

ਖਾਮੋਸ਼ ਅੰਤ ਵਾਲੀਏ ਕਹਾਣੀਏ !

ਕਈਆਂ ਮਹਾਜ਼ਾਂ ਉੱਤੇ ਲੜਦੀ ਰਾਣੀਏ !

ਕਿਹੜੇ ਸਬਰ ਦੇ ਤੂੰ ਸਮੁੰਦਰ ਡੀਕ ਲਏ ?

ਕਿੱਥੋਂ ਲਿਆਈਓਂ ਹੌਸਲਾ ਮਰਜਾਣੀਏ ?

 

ਹੰਝੂਆਂ ਨੂੰ ਦਿੱਤੀ ਤੂੰ ਹੀ ਹੈ ਸ਼ਰਮਿੰਦਗੀ

ਤੂੰ ਮੌਤ ਨੂੰ ਮਖੌਲ ਕਰਦੀ ਜ਼ਿੰਦਗੀ

ਏਵੇਂ ਹੀ ਹੱਸਦੀ ਜਾਈਂ,ਜੇਰੇ ਵਾਲੀਏ,

ਤੇਰੇ ਲਈ ਇਹੋ ਹੈ ਮੇਰੀ ਬੰਦਗੀ
     -----------------                          

Monday 17 March 2014

ਦਿੱਲੀ ਦੇ ਨਾਂ








ਜਾਣਦੇ ਹਾਂ
ਗੋਲੀ ਕਿਤੇ ਵੀ ਚੱਲੇ
ਸਾਡੇ ਸੀਨੇ ਵਿੱਚ ਹੀ ਲੱਗਣੀ ਹੈ

ਇਹ ਵੀ ਪਤਾ ਹੈ
ਸਾਡੇ ਜ਼ਖਮਾਂ ਨੂੰ ਇਨਸਾਫ
ਨਾ ਆਪਣਿਆਂ ਨੇ ਲੈ ਕੇ ਦੇਣੈ
ਨਾ ਬੇਗਾਨਿਆਂ ਨੇ

ਇਹ ਵੀ ਸੱਚ ਹੈ
ਕਿ ਜਿਹੜਾ ਬਾਣਾ
ਭਗਤੀ ਤੇ ਸ਼ਕਤੀ ਦਾ ਪ੍ਰਤੀਕ ਹੋਣਾ ਸੀ
ਵਿਚਾਰਗੀ ਤੇ ਲਾਚਾਰਗੀ ਦਾ ਪ੍ਰਤੀਕ ਹੋ ਗਿਐ

ਸਿਰਫ ਨਵੰਬਰ ਚੁਰਾਸੀ
ਜਾਂ ਜੂਨ ਚੁਰਾਸੀ ਹੀ ਨਹੀਂ
ਚੁਰਾਸੀ ਲੱਖ ਜੂਨਾਂ ਵਿੱਚ
ਸਾਡੇ ਨਾਲ ਇਹੋ ਭਾਣਾ ਵਰਤਣੈਂ..

ਸੰਸਦਾਂ ਕਚਹਿਰੀਆਂ ਦੇ ਮਾਲਕੋ!
ਇਤਿਹਾਸ ਭੂਗੋਲ ਦੇ ਸਿਰਜਕੋ!
ਬਹੁਤ ਕੁਝ ਜਾਣ ਗਏ ਹਾਂ ਅਸੀਂ
ਨਹੀਂ ਜਾਣਦੇ ਤਾਂ ਬੱਸ ਇਹ
ਕਿ ਅਸੀਂ ਕਿਸਨੂੰ ਆਪਣਾ ਦੇਸ ਕਹੀਏ ?
ਅਸੀਂ ਕਿਸਨੂੰ ਆਪਣੀ ਧਰਤੀ ਕਹੀਏ ?

ਜ਼ਰਾ ਇਹ ਤਾਂ ਸੋਚੋ !

                 
ਲਹਿਰਾ ਲਹਿਰਾ ਕੇ ਗਾਉਂਦੀ ਗੁਲਾਬੀ ਚੁੰਨੀ ਨੂੰ
ਕਾਮੀ-ਪੈਰਾਂ ਹੇਠਾਂ ਮਧੋਲਣ ਤੋਂ ਪਹਿਲਾਂ
ਜ਼ਰਾ ਇਹ ਤਾਂ ਸੋਚੋ!
ਚੁੰਨੀਆਂ ਧੀਆਂ ਵਰਗੀਆਂ ਹੁੰਦੀਆਂ ਨੇ
ਤੇ ਧੀਆਂ ਚੁੰਨੀਆਂ ਵਰਗੀਆਂ ਹੁੰਦੀਆਂ ਨੇ


ਚਟਖ-ਚਟਖ ਕੇ ਡੁੱਲ੍ਹਦੀ ਕੇਸਰੀ ਮਹਿਕ ਨੂੰ
ਬਜ਼ਾਰੀ-ਸ਼ੀਸ਼ੇ ਵਿੱਚ ਉਤਾਰਨ ਤੋਂ ਪਹਿਲਾਂ
ਜ਼ਰਾ ਇਹ ਤਾਂ ਸੋਚੋ!
ਮਹਿਕਾਂ ਧੀਆਂ ਵਰਗੀਆਂ ਹੁੰਦੀਆਂ ਨੇ
ਤੇ ਧੀਆਂ ਮਹਿਕਾਂ ਵਰਗੀਆਂ ਹੁੰਦੀਆਂ ਨੇ


ਠੁਮਕ-ਠੁਮਕ ਕੇ ਦਾਣੇ ਚੁਗਦੀ ਅੱਲ੍ਹੜ ਘੁੱਗੀ ਨੂੰ
ਕਪਟ-ਫਾਹੀਆਂ ਲਾਉਣ ਤੋਂ ਪਹਿਲਾਂ
ਜ਼ਰਾ ਇਹ ਤਾਂ ਸੋਚੋ!
ਘੁੱਗੀਆਂ ਧੀਆਂ ਵਰਗੀਆਂ ਹੁੰਦੀਆਂ ਨੇ
ਤੇ ਧੀਆਂ ਘੁੱਗੀਆਂ ਵਰਗੀਆਂ ਹੁੰਦੀਆਂ ਨੇ


ਮਟਕ-ਮਟਕ ਕੇ ਤੁਰਦੀ ਸਜ-ਵਿਆਹੀ ਨੂੰਹ ਨੂੰ
ਅਗਨ-ਭੱਠੀ ਵਿੱਚ ਸੁੱਟਣ ਤੋਂ ਪਹਿਲਾਂ
ਜ਼ਰਾ ਇਹ ਤਾਂ ਸੋਚੋ!
ਨੂੰਹਾਂ ਧੀਆਂ ਵਰਗੀਆਂ ਹੁੰਦੀਆਂ ਨੇ
ਤੇ ਧੀਆਂ ਵੀ ਕਿਸੇ ਦੀਆਂ ਨੂੰਹਾਂ ਹੁੰਦੀਆਂ ਨੇ1

Sunday 16 March 2014

ਕੀ ਧਰਤੀ ਫਿਰ ਵਿਹਲ ਦਵੇਗੀ ?

   ਮੰਡੀਕਰਨ ਦੀਆਂ ਬਰੂਹਾਂ ਤੋਂ:
            


  ਲਓ ਫਿਰ ਸੋਨ-ਵਪਾਰੀ ਆ ਗਏ
  ਫਿਰ ਭਰਮਾਉਣ ਮਦਾਰੀ ਆ ਗਏ
  ਅਸੀਂ ਵੀ ਸਭ ਦਰਵਾਜ਼ੇ ਖੋਲ੍ਹੇ
  ਕੋਈ ਨਾ ਜਾਗੇ, ਕੋਈ ਨਾ ਬੋਲੇ
  ਜਾਂ ਫਿਰ ਪਹਿਰੇਦਾਰਾਂ ਨੂੰ ਅੰਧਰਾਤਾ ਹੋਇਆ
  ਜਾਂ ਕਿਸੇ ਸੂਰਜ ਨੂੰ ਗੰਢ ਬੰਨ੍ਹ ਕੇ
  ਅੰਨ੍ਹੇ ਖੂਹ ਦੇ ਵਿੱਚ ਲਟਕਾਇਆ
  ਕੀ ਇਤਿਹਾਸ ਫੇਰ ਤੋਂ
  ਜਾਵੇਗਾ ਦੁਹਰਾਇਆ ?
  ਕੀ ਕੋਈ ਵੀ ਲਫਜ਼ ਨਹੀਂ
  ਅਕਲਾਂ ਦਾ ਜਾਇਆ ?
  
  ਪਹਿਲਾਂ ਵੀ ਤਾਂ
  ਸਮਿਆਂ ਨੇ ਛਡਿਅੰਤਰ ਕੀਤੇ
  ੳਦੋਂ ਵੀ ਵਿਓਪਾਰੀ ਆਏ
  ਸੋਨ-ਚਿੜੀ ਦਾ ਸਾਰਾ ਸੋਨਾ ਲਾਹ ਕੇ ਲੈ ਗਏ
  ਅੰਗ ਵੀ ਨੋਚੇ, ਖੰਭ ਵੀ ਨੋਚੇ
  ਦਿਸਹੱਦਿਆਂ ਦੇ ਰੰਗ ਵੀ ਨੋਚੇ
  ਫਿਰ ਮਰ-ਜਿਊੜੇ ਅੱਗ ਵਿੱਚ ਨਾਹਤੇ
  ਆਪਣਾ ਆਪ ਮਸ਼ਾਲਾਂ ਕੀਤਾ
  ਦੇ ਕੇ ਅਰਘ ਲਹੂ ਆਪਣੇ ਦਾ
  ਆਪਣੇ ਹਿੱਸੇ ਦਾ ਚੰਦ ਖੋਹਿਆ
  ਤਕਦੀਰਾਂ ਦੇ ਬੋਹਲਾਂ ਉੱਤੇ ਹੱਕ ਟਿਕਾਏ
  ਸੋਨਚਿੜੀ ਦੇ ਸੁਆਸ ਬਚਾਏ
 
  ਪਰ ਕੁਝ ਲੋਕੀ
  ਜਿਹੜੇ ਸਰਵਣ-ਪੁੱਤ ਸਦੀਂਦੇ
  ਅੰਦਰੋਂ ਇਹਦੇ ਚੋਰ ਹੋ ਗਏ
   ਨੋਟਾਂ ਵੋਟਾਂ ਦੇ ਨਸ਼ਿਆਏ
   ਸਭ ਪੱਥਰ ਦੇ ਮੋਰ ਹੋ ਗਏ
  ਧਰਮਾਂ ਏਦਾਂ ਸੰਨ੍ਹਾਂ ਲਾਈਆਂ
  ਰਿਸ਼ਤਿਆਂ ਵਿੱਚ ਮਘੋਰ ਹੋ ਗਏ
  ਫਿਰ ਛਾਵਾਂ ਪੈ ਗਈਆਂ ਗਹਿਣੇ
  ਫਿਰ ਬਿਰਖਾਂ ਸਿਰ ਕਰਜ਼ ਹੋ ਗਏ
  ਭਰ-ਭਰ ਪੀਤੇ ਜਾਮ-ਅੰਗੂਰੀ
  ਫਿਰ ਜਾਏ ਅਲਗਰਜ਼ ਹੋ ਗਏ
  ਖੁਦ-ਦਾਰ ਨਹੀਂ, ਖੁਦਗ਼ਰਜ਼ ਹੋ ਗਏ
 
  ਸੋਨਚਿੜੀ ਪਰ ਅਜੇ ਵੀ ਜਿਉਂਦੀ
   ਭਾਵੇਂ ਸਾਹ ਹਟਕੋਰਿਆਂ ਵਰਗੇ
   ਅੰਦਰ ਲੱਗੇ ਖੋਰਿਆਂ ਵਰਗੇ
   ਦੇਖਣ ਨੂੰ ਮਰਨਾਊ ਲੱਗਦੀ
   ਪਰ ਇਹ ਸ਼ਕਤੀਮਾਨ ਬੜੀ ਹੈ
   ਜਪ-ਤਪ ਇਹਦੇ ਲਹੂ 'ਚ ਰਚਿਆ
   ਜਿੰਦ ਇਹਦੀ ਬਲਵਾਨ ਬੜੀ ਹੈ
   ਹਟਕੋਰੇ ਹਾਸੇ ਬਣ ਸਕਦੇ
   ਏਸ ਚਿੜੀ ਵਿੱਚ ਜਾਨ ਬੜੀ ਹੈ

  ਪਰ ਲਓ ! ਫੇਰ ਵਪਾਰੀ ਆ ਗਏ
   ਖੇਡ੍ਹਾ ਪਾਉਣ ਮਦਾਰੀ ਆ ਗਏ
   ਸੀ.ਟੀ.ਬੀ.ਟੀ.,ਗੈਟ-ਸਮਝੌਤੇ
   ਵੱਡੀਆਂ ਮਾਲਾਂ, ਵੱਡੇ ਸੌਦੇ
   ਵਿਸ਼ਵ ਦੀ ਮੰਡੀ
   ਬਹੁਕੌਮੀ ਕੰਪਨੀਆਂ
   ਤੇ ਫਿਰ ਹੋਰ ਬੜਾ ਕੁਝ
   ਜਿੱਦਾਂ ਧੁੰਧੂਕਾਰਾ ਹੋਇਆ
   ਰਲ-ਗੱਡ ਜਿਹਾ ਨਜ਼ਾਰਾ ਹੋਇਆ
   ਸੋਨਚਿੜੀ ਦੀ ਇੱਕ ਅੱਖ ਫਰਕੇ
   ਦੂਜੀ ਅੱਖ ਪਥਰਾਈ ਹੋਈ
   ਹੰਝੂਆਂ ਵਿੱਚ ਨਹਾਈ ਹੋਈ
  


  ਕਿਧਰੇ ਵੀ ਕੋਈ ਜਗੇ ਨਾ ਬੱਤੀ
  ਕਿਧਰੇ ਵੀ ਕੋਈ ਸੁਰਤ ਨਾ ਜਾਗੇ
   ਸਹੀ ਗਲਤ ਦਾ ਪਤਾ ਨਾ ਲੱਗੇ
   ਆਪਣੇ ਅਤੇ ਪਰਾਏ
   ਸਭ ਚਿਹਰੇ ਧੁੰਧਲਾਏ
   ਸੋਨਚਿੜੀ ਹੈਰਾਨ ਬੜੀ ਹੈ
   ਗੁੰਮਸੁੰਮ ਪਰੇਸ਼ਾਨ ਖੜ੍ਹੀ ਹੈ



   ਜੇ ਫਿਰ ਵਰਤ ਗਈ ਕੋਈ ਹੋਣੀ
   ਜੇ ਫਿਰ ਮੁੜਕੇ ਪੈ ਗਏ ਸੰਗਲ
   ਜੇ ਖੁਸ਼ੀਆਂ ਨੂੰ ਪੈ ਗਈ ਦੰਦਲ
  ਆਉਂਦੀਆਂ ਨਸਲਾਂ ਨੂੰ ਫਿਰ
   ਕੀ ਜਵਾਬ ਦਿਆਂਗੇ ?
  ਕਿੰਜ ਸ਼ਹੀਦਾਂ ਨੂੰ ਫਿਰ
  ਅਸੀਂ ਹਿਸਾਬ ਦਿਆਂਗੇ?
  ਤਵਾਰੀਖ ਦੇ ਸਾਹਵੇਂ ਕਿੰਜ ਅੱਖਾਂ ਚੁੱਕਾਂਗੇ?
  ਕਿੱਦਾਂ ਖੁਦ ਨੂੰ ਮਾਫ ਕਰਾਂਗੇ?
  ਗਰਕਣ ਖਾਤਿਰ
  ਕੀ ਧਰਤੀ ਫਿਰ ਵਿਹਲ ਦਵੇਗੀ?
  ਕੀ ਧਰਤੀ ਫਿਰ ਵਿਹਲ ਦਵੇਗੀ?