Thursday 24 October 2013

ਇੱਕ ਖਤ ਲਿਖਿਓ ਕਿਣਮਿਣ ਵਰਗਾ


 

ਸਬਰਾਂ ਦਾ ਸ਼ੀਸ਼ਾ


                 

ਕਦੀ ਸਬਰਾਂ ਦਾ ਸ਼ੀਸ਼ਾ ਤਿੜਕਿਆ
ਤਾਂ ਇਹ ਨਾ ਸਮਝੀਂ
ਇਹ ਕੱਚ ਦੀ ਮੂਰਤੀ ਹੈ
ਟੁੱਟ ਕੇ ਬਿਖਰ ਹੀ ਜਾਏਗੀ
ਤੇਰੀ ਦੇਹਲੀ 'ਤੇ ਸਜਦਾ ਮਰ ਗਿਆ
ਤਾਂ ਇਹ ਨਾ ਜਾਣੀਂ
ਵਫਾ ਅੱਲ੍ਹੜ ਕੁੜੀ ਹੈ
ਲਾਂਬੂਆਂ ਤੋਂ ਡਰ ਹੀ ਜਾਏਗੀ
ਮੇਰੇ ਮੱਥੇ 'ਤੇ ਨੀਲ ਉੱਗਿਆ
ਤਾਂ ਇਹ ਨਾ ਸਮਝੀਂ
ਇਹ ਕੁਰਬਾਨੀ ਦੀ ਜਾਈ ਹੈ
ਇਹ ਮੇਰੇ ਦਰ ਹੀ ਆਏਗੀ
ਮੇਰੀ ਗਾਨੀ ਦਾ ਧਾਗਾ ਟੁੱਟਿਆ
ਤਾਂ ਇਹ ਨਾ ਜਾਣੀਂ
ਇਹ ਪਿੰਜਰੇ ਦੀ ਹੈ ਘੁੱਗੀ
ਉੱਡ ਕੇ ਫਿਰ ਘਰ ਹੀ ਆਏਗੀ

ਕਿ ਮੈਂ ਹੁਣ
ਹਉਕਿਆਂ ਦੀ ਜੂਨ ਵਿੱਚੋਂ ਪਾਰ ਹੋਈ
ਤੇਰੇ ਦਰਬਾਰ ਦੇ
ਸਭ ਫਤਵਿਆਂ ਤੋਂ ਬਾਹਰ ਹੋਈ
ਮੈਂ ਆਪਣੇ ਹਸ਼ਰ ਦੇ
ਗਿਣ ਕੇ ਹਿਸਾਬ ਮੰਗਣੇ ਨੇ
ਸਭ ਟਕੂਏ ਤੇ ਬਰਛੇ
ਚੌਂਕ ਦੇ ਵਿੱਚ ਬਾਲਣੇ ਨੇ
ਤੇਰੀ ਹਰ ਰਾਤ 'ਚੋਂ
ਮੈਂ ਚੰਦ ਤਾਰੇ ਤੋੜਨੇ ਨੇ
ਤੇ ਲੇਖ ਆਪਣੇ

ਆਪਣੇ ਹੀ ਹੱਥੀਂ ਜੋੜਨੇ ਨੇ ।

ਇਸ ਪੀੜ ਨੂੰ ਕਿਹੜਾ ਨਾਂ ਦੇਵਾਂ ?

                 
ਇਸ  ਪੀੜ ਨੂੰ  ਕਿਹੜਾ  ਨਾਂ ਦੇਵਾਂ ?
ਇਹਨੂੰ ਕਿਸ ਰਿਸ਼ਤੇ ਵਿੱਚ ਥਾਂ ਦੇਵਾਂ?
ਹੈ ਸਿਖਰ ਦੁਪਹਿਰ ਤਸ਼ੱਦਦ  ਦੀ
ਇਹਨੂੰ  ਕਿਸ ਬੱਦਲ ਦੀ ਛਾਂ ਦੇਵਾਂ ?

ਵੰਝਲੀ ਦਾ ਜਿਹੜਾ  ਵੈਰੀ  ਸੀ
ਵੰਝਲੀ  ਦਾ  ਮਾਲਕ ਬਣ  ਬੈਠਾ
ਸਭ  ਹੇਕਾਂ , ਹੂਕਾਂ  ਹੋ  ਗਈਆਂ
ਉਹਨੂੰ ਕਿਉਂ ਰਾਂਝਣ ਦਾ 'ਨਾਂ' ਦੇਵਾਂ ?

ਸਭ   ਬੋਟ  ਅਲੂੰਏ  ਟੁੱਕ  ਦਿੱਤੇ
ਟੁੱਕ  ਕੇ  ਫਿਰ  ਧੁੱਪੇ  ਸੁੱਟ ਦਿੱਤੇ
ਅਣਜੰਮੀਆਂ ਬੱਚੀਆਂ ਤੜਪਦੀਆਂ
ਮੈਂ  ਕਿੱਥੋਂ  ਮਹਿਰਮ  ਮਾਂ  ਦੇਵਾਂ ?

ਅੱਖੀਆਂ ਦਾ ਵਣਜ ਸਹੇੜ ਲਿਆ
ਅੱਖੀਆਂ  ਦੇ  ਵਪਾਰੀ ਆਏ ਨਾ
ਇਸ  ਮੰਡੀ ਵਿੱਚ ਹੱਡ ਵਿਕਦੇ ਨੇ
ਦਿਲ  ਦੇ  ਦੇਵਾਂ, ਜਾਂ  ਨਾ ਦੇਵਾਂ ?

ਇਹ ਦਰਦ  ਧੁਰਾਂ ਤੋਂ  ਸਾਡਾ ਸੀ
ਇਸ ਦਰਦ ਦੀ ਲਾਟ ਸਲਾਮਤ ਹੈ
ਇਹ ਸੇਕ ਵੀ ਹੈ ਇਹ ਚਾਨਣ ਵੀ
ਉਹ 'ਨਾਂਹ'  ਦੇਵੇ ਮੈਂ 'ਹਾਂ' ਦੇਵਾਂ

ਰੇਤੇ  ਨੇ  ਪਾਣੀ   ਜੀਰ   ਲਏ
ਨੈਣਾਂ ਵਿੱਚ ਨਦੀਆਂ ਆ ਗਈਆਂ
ਦਿਸਹੱਦੇ  ਤੱਕ   ਹੈ  ਮਾਰੂਥਲ
ਮੈਂ ਕਿੱਥੋਂ  ਕੋਈ  ਝਨਾਂ  ਦੇਵਾਂ?

ਇਸ  ਪੀੜ ਨੂੰ  ਕਿਹੜਾ  ਨਾਂ ਦੇਵਾਂ ?
ਇਹਨੂੰ ਕਿਸ ਰਿਸ਼ਤੇ ਵਿੱਚ ਥਾਂ ਦੇਵਾਂ?
ਹੈ ਸਿਖਰ ਦੁਪਹਿਰ ਤਸ਼ੱਦਦ  ਦੀ

ਇਹਨੂੰ  ਕਿਸ  ਬੱਦਲ ਦੀ ਛਾਂ ਦੇਵਾਂ?

ਕੁੜੀ ਹੁਣ ਕੋਈ ਖਤ ਨਹੀਂ ਲਿਖੇਗੀ



ਕੁੜੀਆਂ ਦਾ ਸਾਵਣ


ਸਾਡੇ ਲਈ ਹਰ ਵਰ੍ਹੇ
ਸੁੱਖਾਂ ਦੇ ਸੰਧਾਰੇ ਲਿਆਉਂਦਿਆਂ ਵੀਰਾ ਸਾਵਣਾ!
ਇਸ ਵਰ੍ਹੇ ਤੇਰੀਆਂ ਕਣੀਆਂ
‘ਰੱਬਾ ਰੱਬਾ ਮੀਂਹ ਵਸਾ”’ ਗਾਉਂਦੀਆਂ
ਮਾਸੂਮ ਤਲੀਆਂ ਨੇ ਨਹੀਂ ਬੋਚਣੀਆਂ
‘ਹਾਇ ਅਸੀਂ ਜਿਉਣਾ ਸੀ..ਅਸੀਂ ਜਿਉਣਾ ਸੀ’” ਕਰਦੀਆਂ
 ਭਰੂਣ ਤਲੀਆਂ ਨੇ ਬੋਚਣੀਆਂ ਨੇ


ਸਾਡੀ ਔੜਾਂ ਮਾਰੀ ਧਰਤੀ ਉੱਤੇ
ਜਲ-ਥਲ ਕਰਦਿਆ ਸਾਂਵਲ ਮੇਘਲਿਆ!
ਇਸ ਵਰ੍ਹੇ
ਤੇਰੀ ਵੱਖੀ 'ਚੋਂ ਉੱਗਣ ਵਾਲੀ ਸਤਰੰਗੀ ਪੀਂਘ
ਛੈਲ-ਛਬੀਲੀਆਂ ਰਕਾਨਾਂ ਨੇ ਨਹੀਂ ਝੂਟਣੀ
ਬਲਾਤਕਾਰ ਦੀਆਂ ਡੰਗੀਆਂ ਮੁਟਿਆਰਾਂ  ਨੇ
 ਧੌਣਾਂ 'ਚ ਰੱਸੇ ਪਾ ਕੇ ਝੂਟਣੀ  ਹੈ

 ਸਾਡੀਆਂ ਵੱਢੀਆਂ ਟੁੱਕੀਆਂ ਪੌਣਾਂ ਵਿੱਚ ਘੁਲਦੀਏ
  ਸੁਰਮਈ ਬਦਲੋਟੀਏ!
  ਇਸ ਵਰ੍ਹੇ
  ਤੇਰੀਆਂ ਲਟਬੌਰ ਮਸਤੀਆਂ ਨਾਲ ਝੂਮ ਕੇ
  ਸਾਡੀ ਰੀਝ ਦੇ ਮੋਰਾਂ ਨੇ ਪੈਲਾਂ ਪਾ ਕੇ ਨਹੀਂ ਨੱਚਣਾ
  ਦਾਜ-ਗੁਲੇਲਾਂ ਨਾਲ ਛਾਨਣੀ ਹੋ ਚੁੱਕੇ
  ਸਾਡੇ ਪੰਖਾਂ ਨੇ ਨੱਚਣਾ ਹੈ

  ਸਾਡੀਆਂ ਕੂਕਾਂ ਸੁਣ ਕੇ ਅੱਖਾਂ ਭਰਦਿਆ
  ਝੱਲਿਆ ਸਾਉਣ ਵੀਰਿਆ!
ਆਪਣੀਆਂ ਸਾਰੀਆਂ ਗਾਗਰਾਂ ਉਲੱਦ ਕੇ
  ਇਉਂ ਪਿਛਲੇ ਪੈਰੀਂ ਨਾ ਪਰਤ
  ਕਿ ਅਸੀਂ ਹੁਣ ਤੀਆਂ 'ਚ ਨਵੇਂ ਪਿੜ ਸਜਾਉਣੇ ਨੇ
  ਤੇਰਿਆਂ  ਛਰਾਟਿਆਂ ਨਾਲ  ਵਾਢ ਧੋਣੇ ਨੇ
  ਬਿਜਲੀਆਂ ਦੇ ਧਾਗਿਆਂ ਨਾਲ ਪੰਖ ਸਿਉਣੇ ਨੇ

  ਸੁੰਝੀਆਂ  ਧੜਾਂ 'ਤੇ ਨਵੇਂ ਸਿਰ ਟਿਕਾਉਣੇ ਨੇ।

ਚਿਹਰੇ ਦਾ ਅਖਬਾਰ


ਪੜ੍ਹਦੀ ਨਹੀਂ ਕਦੇ ਵੀ ਜਿਸਨੂੰ  ਵਕਤ ਦੀ ਸਰਕਾਰ ਹੈ
ਲੈ ਪੜ੍ਹ ਲਿਆ ਸੱਜਣਾ!ਮੈਂ ਤੇਰੇ ਚਿਹਰੇ ਦਾ ਅਖਬਾਰ ਹੈ

ਮੱਥੇ 'ਤੇ  ਖਬਰਾਂ  ਗੂੜ੍ਹੀਆਂ  ਧੁਖਦੇ ਨਸੀਬਾਂ ਵਾਲੀਆਂ
ਚੰਦ-ਚਾਨਣੀ ਦੀ ਸੇਜ 'ਤੇ ਉਗੀਆਂ ਸਲੀਬਾਂ ਵਾਲੀਆਂ
ਰੀਝਾਂ ਜੋ ਬੀਰ-ਵਹੁਟੀਆਂ, ਜਬਰਾਂ ਦੇ ਰਥ ਨੇ ਮਿੱਧੀਆਂ

ਅਣਹੋਣੀਆਂ ਨੇ ਖਿੱਚੀਆਂ ਲੀਕਾਂ ਨੇ ਪੁੱਠੀਆਂ-ਸਿੱਧੀਆਂ
ਮਸਤਕ ਉੱਤੇ ਤਣ ਗਿਆ  ਜੋ  ਝੁਰੜੀਆਂ ਦਾ ਜਾਲ ਹੈ
ਇਹ ਤੇਰਾ 'ਕੱਲੇ ਦਾ ਨਹੀਂ ਇਹ ਹਰ ਕਿਸੇ ਦਾ ਹਾਲ ਹੈ

ਸਿਵਿਆਂ ਦੀ ਪਾਉਂਦੇ ਬਾਤ ਨੇ ਅੱਖਾਂ ਦੇ ਕਾਲੇ ਹਾਸ਼ੀਏ
ਇਹ ਸੁਫਨਿਆਂ ਦੀ ਕਬਰ 'ਤੇ ਖਿੱਚੇ ਨਿਰਾਲੇ ਹਾਸ਼ੀਏ
ਵਿੱਚ ਤਰ ਰਹੇ ਜੋ ਅੱਥਰੂ, ਮੌਸਮ ਦਾ ਦੱਸਦੇ ਹਾਲ ਨੇ
ਏਥੇ ਸਦਾ ਬਾਰਿਸ਼ ਰਹੇ,  ਅੰਦਰ  ਸਦਾ  ਭੂਚਾਲ  ਨੇ
ਪਾਣੀ ਦੇ ਪਰਦੇ ਵਿਚੋਂ ਪਰ ਹੈ ਜਗਮਗਾਉਂਦੀ  ਰੌਸ਼ਨੀ
ਇਹ ਚਮਕਦੀ ਹੈ,ਲਿਸ਼ਕਦੀ ਹੈ,ਗੁਣਗੁਣਾਉਂਦੀ ਰੋਸ਼ਨੀ

ਗੱਲ੍ਹਾਂ ਦੇ ਵਿੱਚ ਟੋਏ ਨੇ, ਤੰਗੀਆਂ ਤੁਰਸ਼ੀਆਂ ਦੇ  ਮੇਚ ਦੇ
ਲੁੱਟਾਂ ਦੇ  ਖੋਹਾਂ ਦੇ, ਉੱਜੜੀਆਂ  ਬਸਤੀਆਂ  ਦੇ ਮੇਚ ਦੇ
ਵਕਤਾਂ ਨੇ ਖਾਧਾ ਮਾਸ ਜੋ, ਇਹ  ਉਹਦੀਆਂ  ਇਬਾਰਤਾਂ
ਪਰ ਮਾਰਨ ਸੂਹੀ-ਭਾਹ ਕਿਤੇ, ਕੱਚ-ਉਮਰੀਆਂ ਸ਼ਰਾਰਤਾਂ
ਜਿਉਂ ਅਣਲਿਖੀ ਕਵਿਤਾ ਕੋਈ ਚਿਹਰੇ'ਤੇ ਛਪਣਾ ਚਾਹ ਰਹੀ
ਜਿਉਂ ਗੋਰੀ  ਆ ਕੇ ਮੇਲਿਉਂ, ਕੰਨਾਂ 'ਚੋਂ ਬੁੰਦੇ ਲਾਹ ਰਹੀ
  
ਹੋਂਠਾਂ 'ਤੇ ਲੱਗੀਆਂ ਸੁਰਖੀਆਂ ਨੇ, ਜਿੱਤੀਆਂ ਜੰਗਾਂ ਦੀਆਂ
ਵਿਸਥਾਰ ਵਿੱਚ ਨੇ ਸਿਸਕੀਆਂ ਪਰ,ਟੁੱਟੀਆਂ ਵੰਗਾਂ ਦੀਆਂ
ਦਿਲ ਦੇ ਪਹਾੜੀਂ  ਹਉਕਿਆਂ  ਦੀ  ਚਾਂਦਮਾਰੀ  ਹੋ ਰਹੀ
ਵਾਅਦੇ ਜੋ ਰਹਿ ਗਏ ਪੁੱਗਣੋ,ਉਹਨਾਂ ਦੀ ਗਾਥਾ ਛੋਹ ਰਹੀ
ਪਰ ਕਿਤੇ  ਕਿਤੇ  ਮੁਸਕਾਨ ਵੀ ਖਿੜਦੀ ਮਜੀਠ ਰੰਗ ਦੀ
ਪਹਿਲੇ ਵਸਲ ਦੇ ਜ਼ਿਕਰ'ਤੇ,ਜਿਉਂ ਸਜ-ਮੁਕਲਾਈ ਸੰਗਦੀ
  
ਤੋਰ ਵਿੱਚ ਭਟਕਣ ਕੋਈ , ਰਾਹਾਂ  ਦਾ  ਰੇਤਾ  ਛਾਣਦੀ
ਹਰ ਅੰਗ'ਤੇ ਲੱਗੀ ਖਬਰ, ਸਭ ਕੁਝ ਗੁਆਚ ਜਾਣ ਦੀ
ਠੋਡੀ ਜਿਉਂ ਚੂਪੀ ਗਿਟ੍ਹਕ ਹੈ, ਸਾਰੀ  ਕਹਾਣੀ ਖੋਲ੍ਹਦੀ
'ਜ਼ਿੰਦਗੀ ਹੈ ਅੰਬੀ ਗੁਮਸ਼ੁਦਾ..ਭਾਲੋ ਕੋਈ ' ਇਹ ਬੋਲਦੀ
ਚਾਹੇ ਇਹ ਅੰਤਿਮ ਖਬਰ ਹੈ,ਪਰ ਏਹੀ ਤਾਂ ਆਗਾਜ਼ ਹੈ

ਅੰਦਰ  ਏਸੇ  ਗਿਟ੍ਹਕ ਦੇ  ਹੀ, ਅੰਬੀਆਂ ਦਾ ਬਾਗ ਹੈ ।