Friday 14 February 2014

ਦਿੱਲੀ ਵਾਲੀਏ ਕੁੜੀਏ !

ਦਿੱਲੀ ਵਾਲੀਏ ਕੁੜੀਏ !

3 ਨਵੰਬਰ 2012 ਬਾਅਦ ਦੁਪਹਿਰ/ਸ਼ਾਮ 07:48 ਵਜੇ

30 ਸਾਲ ਪੁਰਾਣੀ ਕਵਿਤਾ..ਪਰ ਜ਼ਖਮ ਤਾਂ ਅਜੇ ਵੀ ਸੱਜਰੇ ਨੇ , ਹੰਝੂ ਤਾਂ ਅਜੇ ਵੀ ਵਗਦੇ ਨੇ :


ਦਿੱਲੀ ਵਾਲੀਏ ਕੁੜੀਏ ! ਤੇਰੀ ਜੋ ਖਬਰ ਆਈ ਹੈ
ਉਹ ਆਪਣੇ ਨਾਲ ਤੱਤੇ ਤੱਤੇ ਹੰਝੂ ਲੈ ਕੇ ਆਈ ਹੈ

ਤੇਰਾ ਇੱਕ ਸਿਸਕਦਾ ਤਰਲਾ,ਕਲੇਜਾ ਕੱਢ ਕੇ ਲੈ ਗਿਐ
ਤੇਰਾ ਇੱਕ ਤੜਪਦਾ ਹਉਕਾ,ਰੂਹ ਨੂੰ ਵੱਢ ਕੇ ਲੈ ਗਿਐ
ਵੈਣ ਤੇਰੇ  ਮੇਰੇ  ਕੰਨਾਂ  ਦੇ  ਵਿੱਚ  ਪੀੜ  ਪਾਉਂਦੇ  ਨੇ
ਮੇਰੇ ਬਦਕਿਸਮਤ ਗੀਤ ਤੈਨੂੰ ਗਲ ਦੇ ਨਾਲ ਲਾਉਂਦੇ ਨੇ
ਤੂੰ ਆਪਣੇ ਦੇਸ਼,ਆਪਣੇ ਘਰ 'ਚ ਕੇਹੀ ਜੂਨ ਹੰਢਾਈ ਹੈ
ਜੋ ਆਪਣੇ ਨਾਲ ਲੱਖਾਂ ਹੰਝੂ,ਲੱਖਾਂ ਗਮ ਲਿਆਈ ਹੈ




ਤੇਰੇ ਘਰ ਅੱਗ ਜਦ ਲੱਗੀ,ਸੇਕ  ਮੈਨੂੰ  ਵੀ ਆਇਆ ਸੀ
ਮੈਂ ਅੱਧੀ ਰਾਤੀਂ ਪਾਣੀ ਘੜੇ ਦਾ ਅੰਗ ਨਾਲ ਲਾਇਆ ਸੀ
ਮੈਂ ਕੀ  ਦੇਖਿਆ ,ਪਾਣੀ  ਘੜੇ ਦੇ  ਵਿੱਚ  ਉਬਲਦਾ  ਸੀ
ਸ਼ਾਇਦ ਉਸ ਵੇਲੇ ਤੇਰੇ ਵਿਹੜੇ ਵਿੱਚ ਇਕ ਸਿਵਾ ਬਲਦਾ ਸੀ
ਤੇਰੇ ਉਸ ਸਿਵੇ ਦੀ ਰਾਖ ਉੱਡ ਕੇ ਏਥੇ ਆਈ ਹੈ
ਤੇ ਆਪਣੇ ਨਾਲ ਰੱਤੇ ਰੱਤੇ ਹੰਝੂ ਲੈ ਕੇ ਆਈ ਹੈ


ਤੇਰੇ ਸਾਹਮਣੇ ਵੱਢੇ ਗਏ ਅੜੀਏ ਨੀਂ! ਫੁੱਲ ਤੇਰੇ
ਰਹਿਮ ਲਈ ਰਹੇ ਵਿਲਕਦੇ ਅੜੀਏ ਨੀਂ ਬੁੱਲ੍ਹ ਤੇਰੇ
ਤੇਰੇ ਹਮਵਤਨਾਂ ਨੇ ਅੜੀਏ ਨੀਂ ਤੈਨੂੰ ਨੰਗੀ ਕੀਤਾ ਹੈ
ਉਹ ਭੁੱਲ ਗਏ ਇਹਨਾਂ ਵਿੱਚ ਵੀ ਕੋਈ ਰਾਧਾਂ ਕੋਈ ਸੀਤਾ ਹੈ
ਉਹਨਾਂ ਨੂੰ ਉਹਨਾਂ ਦੇ ਰੱਬ ਦੀ ਦੁਹਾਈ ਹੈ ਦੁਹਾਈ ਹੈ
ਜੋ ਆਪਣੇ ਨਾਲ ਤੱਤੇ ਤੱਤੇ ਹੰਝੂ ਲੈ ਕੇ ਆਈ ਹੈ



ਚੀਕਾਂ ਤੇਰੀਆਂ ਅੰਬਰ ਦੀ ਹਿੱਕ ਵਿੱਚ ਪਾੜ ਲਾਏ ਨੇ
ਤੇਰੇ ਹਉਕਿਆਂ ਸਾਗਰ ਵੀ ਸੱਥਰ 'ਤੇ ਬਿਠਾਏ ਨੇ
ਤੇਰੀ ਰੂਹ ਤੇ ਦੇਹ ਨੂੰ ਜਿਸਨੇ  ਛਾਲਾ-ਛਾਲਾ ਕੀਤਾ ਹੈ
ਉਹਨੇ ਹੀ ਦੇਸ਼ ਦੇ ਇਤਿਹਾਸ ਦਾ ਰੰਗ ਕਾਲਾ ਕੀਤਾ ਹੈ
ਇਹ ਕਾਲਖ ਗੋਰੀਆਂ ਧੁੱਪਾਂ ਤੋਂ ਜਾਣੀ ਨਾ ਮਿਟਾਈ ਹੈ
ਜੋ ਆਪਣੇ ਨਾਲ ਰੱਤੇ-ਰੱਤੇ ਹੰਝੂ ਲੈ ਕੇ ਆਈ ਹੈ



ਮੈਂ ਤੈਨੂੰ ਪੇਸ਼ ਕਰਾਂ ਤਾਂ ਕੀ ? ਬੇਕਰਾਰ ਬਹੁਤ ਹਾਂ
ਤੇਰੇ ਲਈ ਕੁਝ ਵੀ ਨਾ ਹੋ ਸਕਿਆ ਸ਼ਰਮਸਾਰ ਬਹੁਤ ਹਾਂ
ਮੈਂ ਤੇਰੇ ਗਮ'ਚ ਭਾਈਵਾਲ ਹਾਂ,ਗਮਗੀਨ ਬੜੀ ਹਾਂ
ਤੂੰ ਜ਼ਰਾ ਸਿਰ ਉਠਾਂ ਕੇ ਦੇਖ !ਤੇਰੇ ਨਾਲ ਖੜ੍ਹੀ ਹਾਂ..



ਜਾਂਜਬੀੜ

 ਜਾਂਜਬੀੜ


ਉਡੀਕਾਂ ਸੁਰਮਈ ਰੱਖਣਾ,ਬਰੂਹਾਂ ਕਿਰਮਚੀ ਕਰਨਾ

ਉਡੀਕਾਂ ਸੁਰਮਈ ਰੱਖਣਾ,ਬਰੂਹਾਂ ਕਿਰਮਚੀ ਕਰਨਾ

7 ਜਨਵਰੀ 2013 ਬਾਅਦ ਦੁਪਹਿਰ/ਸ਼ਾਮ 11:08 ਵਜੇ


ਨਾ  ਬਹੁਤੀ ਦੁਸ਼ਮਣੀ ਕਰਨਾ, ਨਾ ਬਹੁਤੀ ਦੋਸਤੀ ਕਰਨਾ
ਕਦੀ ਜੇ  ਹੋ ਸਕੇ  ਤਾਂ ਰਿਸ਼ਤਿਆਂ  ਦੀ ਸ਼ਾਇਰੀ ਕਰਨਾ

ਬੜੇ  ਡੂੰਘੇ  ਤਲਾਅ ਨੇ, ਅਕਸ  ਉੱਤੋਂ ਹੀ ਦਿਖਾਉਂਦੇ ਨੇ
ਨਾ ਲਹਿਣਾ ਵਿੱਚ ਇਹਨਾਂ ਦੇ, ਨਾ ਏਦਾਂ ਖੁਦਕਸ਼ੀ ਕਰਨਾ

ਪਤਾ ਕੀ ਹੈ? ਕਦੋਂ ਪਰਦੇਸ ਵਿੱਚ  ਵਤਨਾਂ ਦੀ ਤੇਹ ਲੱਗੇ
ਖੂਹੀ   ਪਿੰਡ  ਦੀ  ਕੋਲੇ ,  ਰਾਤ  ਨੂੰ  ਰੌਸ਼ਨੀ  ਕਰਨਾ

ਜਦੋਂ  ਕਰਨਾ  ਪਵਿੱਤਰ  ਜਜ਼ਬਿਆਂ  ਦੀ ਬੰਦਗੀ ਕਰਨਾ
ਅੱਖਾਂ  ਸ਼ਬਨਮੀ  ਰੱਖਣਾ  ਤੇ  ਨਜ਼ਰਾਂ  ਸ਼ਰਬਤੀ ਕਰਨਾ

ਮਿਲੇਗਾ ਕੀ ਤੁਹਾਨੂੰ ? ਪੂਜ ਕੇ ਪੱਥਰਾਂ ਨੂੰ, ਮੜ੍ਹੀਆਂ ਨੂੰ?
ਜੇ  ਕਰਨਾ ਤਾਂ  ਬਲੌਰੀ  ਅੱਖੀਆਂ ਦੀ ਆਰਤੀ  ਕਰਨਾ

ਨਾ  ਆਪਣੇ  ਅੰਦਰੋਂ ਅਹਿਸਾਸ ਦੀ ਰੰਗਤ ਉਡਾ ਲੈਣਾ
ਉਡੀਕਾਂ  ਸੁਰਮਈ  ਰੱਖਣਾ, ਬਰੂਹਾਂ  ਕਿਰਮਚੀ ਕਰਨਾ

ਨਾ ਭਰਨਾ ਹੰਝੂਆਂ ਦੇ  ਨਾਲ, ਉਮਰਾਂ  ਦੇ  ਕਟੋਰੇ  ਨੂੰ
ਕਿਸੇ  ਸੂਹੀ  ਜਿਹੀ  ਮੁਸਕਾਨ  ਦੀ ਖੇਤੀ ਹਰੀ ਕਰਨਾ

ਜ਼ਿੰਦਗੀ ਸਮਝ ਕੇ ਪੱਥਰ, ਨਾ ਐਵੇਂ  ਵਿਲਕਦੇ ਰਹਿਣਾ
ਘੜਨਾ  ਮੂਰਤੀ  ਕੋਈ , ਕੋਈ  ਕਾਰੀਗਰੀ  ਕਰਨਾ।

ਡਾ:ਗੁਰਮਿੰਦਰ ਸਿੱਧੂ


ਸ਼ੀਸ਼ੇ ਦੇ ਰੂਬਰੂ

 ਸ਼ੀਸ਼ੇ ਦੇ ਰੂਬਰੂ


ਮਾਂ- ਧਰਤੀਏ!.

.. ਪਤਾ ਨਹੀਂ ਕਿਉਂ ਅੱਜ ਇਹ ਦਰਦ ਸਾਂਝਾ ਕਰਨ ਨੂੰ ਜੀਅ ਕਰ ਆਇਐ, ਜੋ ਇਸ ਦੁਨੀਆਂ ਦੀਆਂ ਅਣਗਿਣਤ ਮਾਵਾਂ ਦਾ ਦਰਦ ਹੈ

12 ਮਈ 2013 ਸਵੇਰ 10:31 ਵਜੇ
ਮੈਂ ਇਹ ਕੀ  ਕੀਤਾ ?
ਕਿ ਆਪਣੇ ਜਿਗਰ ਦੇ ਦੋ ਟੁਕੜੇ ਕਰਕੇ
ਗਲੋਬ ਦੇ ਦੋਵਾਂ ਸਿਰਿਆਂ ਵੱਲ ਤੋਰ ਦਿੱਤੇ
ਤੇ ਆਪਣੇ ਪੀੜੋ-ਪੀੜ ਹੋਂਠਾਂ 'ਤੇ ਮੁਸਕਾਨ ਲਿੱਪ ਲਈ

ਮੈਂ ਇਹ ਕੀ  ਕੀਤਾ ?
ਕਿ ਆਪਣੇ ਫੁੱਲਾਂ ਦੀ ਖੁਸ਼ੀ ਲਈ
ਆਪਣੀ ਹਯਾਤੀ ਵਿੱਚੋਂ ਖੁਸ਼ਬੋ ਮਨਫੀ ਕਰ ਲਈ
ਤੇ ਪਤਝੜ ਦੀ ਬੁੱਕਲ ਵਿੱਚ ਰੋਣ ਨੂੰ ਆਪਣੀ ਹੋਣੀ ਬਣਾ ਲਿਆ

ਮੈਂ ਇਹ ਕੀ  ਕੀਤਾ ?
ਕਿ ਆਪਣੇ ਸੁਫਨਿਆਂ ਨੂੰ
ਕਾਲੀਆਂ ਬੋਲੀਆਂ ਰਾਤਾਂ ਦੇ ਕਿਨਾਰੇ ਰੱਖ ਦਿੱਤਾ
ਤੇ ਫੋਨ ਵਿੱਚੋਂ ਆਉਦੀ ਉਨ੍ਹਾਂ ਦੀ 'ਵਾਜ ਨੂੰ ਜ਼ਿੰਦਗੀ ਮਿਥ ਲਿਆ

ਜ਼ਖਮਾਂ ਦੀ ਕਚਹਿਰੀ ਵਿੱਚ ਖੜੋ ਕੇ
ਮੈਂ ਅੱਜ ਆਪਣੀ ਜੰਮਣ-ਭੋਂ  ਨੂੰ ਪੁੱਛਦੀ ਹਾਂ
ਕਿ ਮਾਂ- ਧਰਤੀਏ !
ਤੂੰ ਏਨੀ ਜ਼ਾਲਿਮ ਕਿਉਂ ਹੋਈ ਜਾਨੀ ਐਂ ?
ਜੋ ਮਾਵਾਂ ਨੂੰ ਆਪਣੀਆਂ ਆਂਦਰਾਂ ਵੱਢ ਕੇ
ਪਰਦੇਸੀ ਧਰਤੀਆਂ 'ਤੇ ਬੀਜਣੀਆਂ ਪੈ ਰਹੀਆਂ ਨੇ
ਤੇ ਆਪਣੇ ਮਾਸੂਮ ਬੋਟ
ਬੇਗਾਨੇ ਆਲ੍ਹਣਿਆਂ ਦੇ ਹਵਾਲੇ ਕਰਨੇ ਪੈ ਰਹੇ ਨੇ!

ਮਾਂ- ਧਰਤੀਏ!
ਤੂੰ ਏਨੀ ਜ਼ਾਲਿਮ ਕਿਉਂ ਹੋਈ ਜਾਨੀ ਐਂ ?

ਹਾਂ ਮੈਂ ਖਤ ਪੜ੍ਹ ਲਿਐ ਤੇਰਾ

 ਹਾਂ ਮੈਂ ਖਤ ਪੜ੍ਹ ਲਿਐ ਤੇਰਾ


ਸ਼ਹੀਦਾਂ ਦੇ ਸਿਰਤਾਜ ਨੂੰ

 ਸ਼ਹੀਦਾਂ ਦੇ ਸਿਰਤਾਜ ਸਤਿਗੁਰੂ !
  ਅਜੇ ਤੱਕ ਸ਼ਰਮਿੰਦਾ ਹੈ
  ਉਹ ਤੱਤੀ ਤਵੀ
  ਜਿਹੜੀ ਤੈਨੂੰ ਲੂਹਣ ਖਾਤਿਰ
  ਲੋਹੀ-ਲਾਖੀ ਹੋ ਗਈ।

  ਅਜੇ ਤੱਕ ਮਰਨ-ਮਿੱਟੀ ਹੈ
  ਉਹ ਕੱਕੀ ਰੇਤ
  ਜਿਹੜੀ ਅੱਗ ਦੀ ਸਰਕਦੀ ਚਾਦਰ ਵਾਂਗ
  ਤੇਰੇ ਦਵਾਲੇ ਲਪੇਟੀ ਗਈ।

  ਅਜੇ ਤੱਕ ਪਾਣੀ-ਪਾਣੀ ਨੇ
  ਉਹ ਉਬਲਦੇ ਪਾਣੀ
  ਜਿਹੜੇ ਆਪਣੀ ਤਾਸੀਰ ਦੀ
  ਰਾਖੀ ਨਾ ਕਰ ਸਕੇ
  ਤੇ ਤੇਰੇ ਬਦਨ ਦੇ ਭਖਦੇ ਬਗੀਚੇ ਵਿੱਚ
  ਛਾਲੇ ਗੁਲਾਬਾਂ ਵਾਂਗ ਖਿੜ ਗਏ
  ਅਤੇ ਤੂੰ ਸਾਰੇ ਜਹਾਨ ਨੂੰ ਵਰਤਾ ਦਿੱਤੀਆਂ
  ਠੰਢੀਆਂ ਮਿੱਠੀਆਂ ਛਬੀਲਾਂ

  ਤਹਿਜ਼ੀਬ ਨੇ ਕਦੀ ਦੇਖਿਆ ਨਾ ਸੁਣਿਆ
  ਇਮਤਿਹਾਨ ਦਾ ਇਹੋ ਜਿਹਾ ਪਰਚਾ
  ਜਿਸ ਵਿੱਚ ਇਕੱਲਾ ਤੂੰ ਪਾਸ ਹੋਇਆ
  ਤੇ ਸਾਰੇ ਤਸੀਹੇ ਫੇਲ੍ਹ ਹੋ ਗਏ
  ਤੇ ਫੇਲ੍ਹਹੋ ਗਏ ਤੇਰੇ ਨਾਮ-ਲੇਵਾ
  ਜਿਹਨਾਂ ਨੂੰ ਅਜੇ ਤੱਕ ਨਾ ਸਿਦਕ ਆਇਆ
  ਨਾ ਸਬਰ ਆਇਆ
  ਨਾ ਭਾਣਾ ਮੰਨਣ ਦਾ ਹੁਨਰ ਆਇਆ ।

ਦੂਰ ਦੇਸ ਨੂੰ ਤੁਰ ਗਏ ਬਾਬਲ!

ਦੂਰ ਦੇਸ ਨੂੰ ਤੁਰ ਗਏ ਬਾਬਲ!

16 ਜੂਨ 2013 ਸਵੇਰ 11:49 ਵਜੇ
ਕਹਿੰਦੇ ਨੇ ਬੱਸ ਬੰਦਾ ਖੁਰਦੈ
ਬਾਕੀ ਜੱਗ ਤਾਂ ੳਵੇਂ ਤੁਰਦੈ
ਸਾਡੇ ਲਈ ਤਾਂ ਜੱਗ ਹੀ ਖੁਰਿਆ
ਖੁਰ ਗਿਆ ਸਭ ਕੁਝ ਲੈ ਕੇ ਨਾਲ
ਦੂਰ ਦੇਸ ਨੂੰ ਤੁਰ ਗਏ ਬਾਬਲ!
ਕੀ ਕੁਝ ਤੁਰ ਗਿਆ ਤੇਰੇ ਨਾਲ…………..

ਨਾ ਸਾਡੇ ਖੇਡਣ ਦੀਆਂ ਪੈੜਾਂ
ਨਾ ਉਹ ਵਿਹੜਾ,ਨਾ ਉਹ ਗਲੀਆਂ
ਨਾ ਆਥਣ ਦੀ ਦੇਹਲ਼ੀ ਉੱਤੇ
ਰਾਤ ਦੀ ਰਾਣੀ ਕੇਰੇ ਕਲੀਆਂ
ਡਿੱਗੀਆਂ ਕੰਧਾਂ,ਢਹਿ ਗਏ ਕੋਠੇ
ਕੀ ਕੁਝ ਭੁਰ ਗਿਆ ਤੇਰੇ ਨਾਲ
ਦੂਰ ਦੇਸ ਨੂੰ ਤੁਰ ਗਏ ਬਾਬਲ !
ਕੀ ਕੁਝ ਤੁਰ ਗਿਆ ਤੇਰੇ ਨਾਲ…………..

ਨਾ ਉਹ ਥੜ੍ਹਾ,ਜਿਹਦੇ 'ਤੇ ਬਹਿ ਕੇ
ਮੈਂ ਗੁੱਡੀਆਂ ਦੀ ਜੰਜ ਸਦਾਈ
ਨਾ ਉਹ ਖੁਰਲੀ, ਜਿਸ 'ਤੇ ਚੜ੍ਹ ਕੇ
ਮੈਂ ਮਾਹੀ ਦੀ ਝਾਤੀ ਪਾਈ
ਐਸੀ ਕਾਂਗ ਹੁਕਮ ਦੀ ਆਈ
ਸਭ ਕੁਝ ਰੁੜ੍ਹ ਗਿਆ ਤੇਰੇ ਨਾਲ
ਦੂਰ ਦੇਸ ਨੂੰ ਤੁਰ ਗਏ ਬਾਬਲ!
ਕੀ ਕੁਝ ਤੁਰ ਗਿਆ ਤੇਰੇ ਨਾਲ…………..

ਜਿਸ ਬੈਠਕ ਵਿੱਚ ਗੂੰਜੇ ਹਾਸੇ
ਉਹ ਬੈਠਕ ਖਾਮੋਸ਼ ਬੜੀ ਹੈ
ਜਿਹੜੀ ਨਿੰਮ ਨੂੰ ਲੱਗੇ ਪਤਾਸੇ
ਰੁੰਡ-ਮੁੰਡ ਪਿੰਜਰ ਵਾਂਗ ਖੜ੍ਹੀ ਹੈ
ਹਰ ਰਿਸ਼ਤਾ ਜਿਉਂ ਸੁੱਕਿਆ ਪੱਤਾ
ਸੁੱਕ ਕੇ ਮੁੜ ਗਿਆ ਤੇਰੇ ਨਾਲ
ਦੂਰ ਦੇਸ ਨੂੰ ਤੁਰ ਗਏ ਬਾਬਲ!
ਕੀ ਕੁਝ ਤੁਰ ਗਿਆ ਤੇਰੇ ਨਾਲ…………..

ਹੁਣ ਤਾਂ ਲੋਭ ਨੇ ਚੁਕੀਆਂ ਸਿਰੀਆਂ
ਹੁਣ ਤਾਂ ਕੋਈ ਨਾ ਸਿਰ ਪਲੋਸੇ
ਨਾ ਬਹੁਲੀ ਦਾ ਛੰਨਾ ਮਿਲਦਾ           
ਨਾ 'ਸੀਸਾਂ ਦੇ ਮਿਲਣ  ਪਰੋਸੇ
ਤੂੰ 'ਕੱਲਾ ਨਹੀਂ ਤੁਰਿਆ ਬਾਬਲ
ਪਿੰਡ ਈ ਤੁਰ ਗਿਆ ਤੇਰੇ ਨਾਲ
ਦੂਰ ਦੇਸ ਨੂੰ ਤੁਰ ਗਏ ਬਾਬਲ!
ਕੀ ਕੁਝ ਤੁਰ ਗਿਆ ਤੇਰੇ ਨਾਲ।

ਕੋਈ ਹਰਿਆ ਬੂਟੁ ਰਹਿਓ ਰੀ ..



ਕੋਈ ਹਰਿਆ ਬੂਟੁ ਰਹਿਓ ਰੀ ..

17 ਨਵੰਬਰ 2013 ਬਾਅਦ ਦੁਪਹਿਰ/ਸ਼ਾਮ 10:46 ਵਜੇ
ਧੁੰਧ ਵਿੱਚ ਗੁਆਚੀਆਂ ਚੌਹਾਂ ਕੂੰਟਾਂ ਨੂੰ
ਚਿੰਤਨ ਦੀਆਂ ਖੜਾਵਾਂ ਪਾ ਕੇ ਗਾਹੁਣ ਵਾਲਿਆ
ਗੁਰੁ ਨਾਨਕ ਪਾਤਸ਼ਾਹ!
ਤੇਰੇ ਪਾਵਨ ਚਰਨ-ਕੰਵਲਾਂ ਦੀ ਸਹੁੰ
ਅਸੀ ਤੇਰੇ ਸੱਚ ਨਾਲੋਂ ਆਪਣਾ ਸਾਕ ਕਦੋਂ ਦਾ ਤੋੜ ਲਿਆ ਹੈ

ਬਾਬਲ  ਦੀਆਂ ਝਿੜਕਾਂ ਦੀ ਕੁੜਿੱਤਣ  ਪੀ ਕੇ
ਭੁੱਖਿਆਂ ਢਿੱਡਾਂ ਦਾ ਰੱਜ ਬਣਨ ਵਾਲਿਆ
ਸੱਚੇ-ਸੌਦੇ ਦੇ ਵਪਾਰੀਆ!
ਆ ਦੇਖ
ਅਸੀਂ ਤਾਂ ਤੇਰੇ ਨਾਂ ਦਾ ਹੀ ਵਪਾਰ ਕਰਨ ਲੱਗ ਪਏ ਹਾਂ
ਅਸੀਂ ਦੂਰ ਕਿਧਰੇ ਵਗਾਹ ਮਾਰੀ ਹੈ ਕੋਧਰੇ ਦੀ ਰੋਟੀ
ਤੇ ਹੁਣ ਲਹੂ ਚੋਂਦੀਆਂ ਪੂਰੀਆਂ ਦਾ ਸੁਆਦ
ਸਾਨੂੰ ਮਾਸ-ਖੋਰੇ ਹੀ ਨਹੀਂ ਆਦਮ-ਖੋਰੇ ਵੀ ਬਣਾ ਰਿਹੈ

ਇਕੀਵੀਂ ਸਦੀ ਦੀ ਤੇਜ਼ ਰਫਤਾਰ ਵਿੱਚ
ਵਾਹੋ-ਦਾਹੀ ਭੱਜਦਿਆਂ
ਅਸੀਂ ਫੂਕ ਮਾਰ ਕੇ ਉਡਾ ਛੱਡੀਆਂ ਨੇ
ਨਾਮ-ਜਪਣ ਦੀਆਂ ਤੇਰੀਆਂ ਸੱਚ-ਖੰਡੀ ਪੁੜੀਆਂ
ਕਿਰਤ ਕਰਨ ਦੀਆਂ ਰੱਬੀ-ਸਲਾਹਾਂ
ਵੰਡ ਛਕਣ ਦੇ ਨੂਰੀ-ਮਸ਼ਵਰੇ

ਪਰ ਅਸੀਂ ਤੈਨੂੰ ਯਾਦ ਬਹੁਤ ਕਰਦੇ ਹਾਂ
ਅਸੀਂ ਤੇਰਾ ਗੁਰਪੁਰਬ ਵੀ ਮਨਾਉਂਦੇ ਹਾਂ
ਸਵਾਰਥਾਂ-ਲੱਦੀ ਜੀਭ ਨਾਲ
ਤੇਰਾ ਨਾਮ ਵੀ ਲੈਂਦੇ ਹਾਂ
ਤੇਰਾ ਸ਼ਬਦ ਵੀ ਪੜ੍ਹਦੇ ਹਾਂ
ਪਰ ਉਸ ਦੇ ਅਰਥਾਂ ਦੇ ਆਗਮਨ ਲਈ
ਆਪਣੀ ਚੇਤਨਾ ਦੇ ਬੂਹੇ ਕਦੀ ਨਹੀਂ ਖੋਲ੍ਹਦੇ
ਦੀਨ-ਦੁਖੀਆਂ ਦੀ ਮੱਦਦ ਦੇ ਵਿਖਾਵੇ ਵੀ ਕਰਦੇ ਹਾਂ
ਪਰ ਮਾਇਆ ਦੇ ਭਰਮਾਏ
ਆਪਣਿਆਂ ਲਈ ਹੀ ਸੰਖੀਏ ਦੀ ਡਲੀ ਬਣ ਜਾਂਦੇ ਹਾਂ

'ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ'
ਉਚਰਨ ਵਾਲਿਆ!
ਅਸੀਂ ਮੰਦਾ ਆਖਦੇ ਹੀ ਨਹੀਂ
ਮੰਦਾ ਕਰਦੇ ਵੀ ਹਾਂ
ਕੁੜੀਆਂ ਨੂੰ ਕੁੱਖ ਵਿੱਚ ਵੀ ਮਾਰ ਦਿੰਦੇ ਹਾਂ ਜੰਮਣ ਤੋਂ ਬਾਅਦ ਵੀ
ਜੇ ਕਿਤੇ ਬਚ ਜਾਣ
ਤਾਂ ਦਾਜ ਲਈ ਜਲਾ ਦਿੰਦੇ ਹਾਂ

ਅਸੀਂ ਹੀ ਨਿਰਦਈ ਬਾਬਰ ਹਾਂ
ਅਸੀਂ ਹੀ ਰਾਖਸ਼ ਕੌਡੇ ਹਾਂ
ਅਸੀਂ ਹੀ ਠੱਗ ਸੱਜਣ ਹਾਂ
ਤੇ ਅਸੀਂ ਉਹ ਸਾਰੇ ਹਾਂ
ਜਿਹਨਾਂ ਦੇ ਅੰਦਰ ਦੀ ਕਾਲਖ ਨੂੰ
ਚਾਨਣ ਦੀ ਟਿੱਕੀ ਨਾਲ ਧੋਣ ਲਈ
ਤੁੰ ਆਪਣੀਆਂ ਹਥੇਲੀਆਂ 'ਤੇ
ਚੌ-ਮੁਖੀਏ ਦੀਵੇ ਬਾਲ ਕੇ
ਉਦਾਸੀਆਂ ਦੇ ਸਿਰਨਾਵੇਂ ਫੜੇ ਸਨ
ਕਦੀ ਆਵੇਂ ਤਾਂ ਦੇਖੇਂ!
ਸਾਡੀ ਦੇਹੀ ਦੇ ਮਕਾਨ ਵਿੱਚ
ਕੂੜ-ਅਮਾਵਸ ਦਾ ਕਬਜ਼ਾ ਹੈ

ਪਰ ਫਿਰ ਵੀ ਤੇਰੀ ਬਾਣੀ ਦੀ ਜਗਮਗਾਹਟ
ਬੰਦ ਕੋਠੜੀਆਂ ਦੇ ਝਰੋਖਿਆਂ ਵਿੱਚੋਂ
ਸਾਡੇ ਅੰਦਰ ਝਾਕ ਰਹੀ ਹੈ
ਕੋਈ ਹਰਿਆ ਬੂਟੁ
ਮੱਚਦੀਆਂ ਰੋਹੀਆਂ ਨੂੰ               
ਹਰਿਔਲ ਦੇ ਰਿਹਾ ਹੈ             
ਤੇ ਤੇਰਾ ਇਲਾਹੀ ਸ਼ਬਦ
ਸਾਡੀਆਂ ਭਟਕਣਾਂ  ਵਿੱਚ
ਸਕੂਨ ਦੀ ਰਬਾਬ ਛੇੜ ਰਿਹਾ ਹੈ।
...............





ਕੰਧ ਦੇ ਆਰੋਂ ਪਾਰੋਂ ਖਤ

ਕੰਧ ਦੇ ਆਰੋਂ ਪਾਰੋਂ ਖਤ

ਕੰਧ ਦੇ ਆਰੋਂ ਪਾਰੋਂ ਖਤ-ਜਵਾਬ

 ਕੰਧ ਦੇ ਆਰੋਂ ਪਾਰੋਂ ਖਤ-ਜਵਾਬ


ਮੈਂ ਭਗਤ ਸਿੰਘ ਬੋਲਦਾਂ

ਮੈਂ ਭਗਤ ਸਿੰਘ ਬੋਲਦਾਂ

29 ਸਤੰਬਰ 2013 ਸਵੇਰ 02:54 ਵਜੇ



ਰਹਿਬਰੋ ! ਓ ਕੌਮ ਦੇ ਰਖਵਾਲਿਓ !
ਉੱਚੇ ਉੱਚੇ ਤਖਤਾਂ-ਤਾਜਾਂ ਵਾਲਿਓ !
ਭੀੜ ਸਾਹਵੇਂ ਹੱਥ ਆਪਣੇ ਜੋੜ ਕੇ,  
ਬੁੱਤਾਂ ਦੇ ਗਲ ' ਹਾਰ ਪਾਉਣ ਵਾਲਿਓ!
ਸੁਣ ਲਓ ਸਾਡੇ ਦਿਲਾਂ ਦੀ ਵੇਦਨਾ,   
ਫੁੱਲਾਂ ਅੰਦਰ ਰੋ ਰਹੀ ਹੈ ਵਾਸ਼ਨਾ
ਭਾਸ਼ਨਾਂ ਅੰਦਰ ਗੁਆਚੇ ਮਾਲਕੋ!
ਕਿੱਥੇ ਹੈ ਸੁੱਤੀ  ਤੁਹਾਡੀ ਚੇਤਨਾ?
ਲਾਰਿਆਂ ਦੇ, ਨਾਹਰਿਆਂ ਦੇ ਸ਼ੋਰ ਵਿੱਚ   
ਭੁੱਬਾਂ ਮਾਰੇ ਹਰ ਸ਼ਹੀਦ-ਆਤਮਾ
ਤੁਸੀਂ ਹੁਣ ਤੱਕ ਕੀਤੀਆਂ ਜੋ ਖੱਟੀਆਂ,
ਅੱਜ ਮੈਂ ਉਹਨਾਂ ਦੀ ਗੱਠੜੀ ਖੋਲ੍ਹਦਾਂ
ਪਛਾਣਿਆ ਹੈ ?ਕਿ ਨਹੀਂ ਪਛਾਣਿਆ?
ਵਾਰਿਸੋ! ਤੁਹਾਡਾ ਭਗਤ ਸਿੰਘ ਬੋਲਦਾਂ

ਤੁਸੀਂ ਭਾਰਤ-ਮਾਂ ਦਾ ਇਹ ਕੀ ਹਾਲ ਕੀਤਾ ਹੈ?
ਕਰਜ਼ੇ ਦੇ ਵਿੱਚ ਇਹਦਾ ਵਾਲ-ਵਾਲ ਕੀਤਾ ਹੈ
ਰੋਜ਼   ਏਥੇ  ਲੱਗਦੇ  ਲਾਸ਼ਾਂ  ਦੇ  ਢੇਰ  ਨੇ
ਮਿੱਝ ਦੇ ਵਿੱਚ ਲਿੱਬੜੇ ਬਾਲਾਂ ਦੇ ਪੈਰ ਨੇ
ਵੈਣਾਂ 'ਚ ਭਿੱਜ ਕੇ ਲਾਲ ਕਿਲ੍ਹਾ  ਕੰਬਦਾ ਏਥੇ,
ਮਾਵਾਂ ਦਾ ਸੀਨਾ ਪਿੱਟ ਪਿੱਟ ਕੇ ਅੰਬਦਾ ਏਥੇ,
ਥੇਹਾਂ ਦੀ  ਤਸਵੀਰ ਨਿੱਤ  ਦਿੰਦਾ ਅਖਬਾਰ ਹੈ
ਹਰ  ਮਾਸੂਮ  ਧੌਣ  'ਤੇ   ਤਾਣੀ ਤਲਵਾਰ ਹੈ
ਕੀ ਮੈਂ ਇਸੇ ਆਜ਼ਾਦੀ ਲਈ,ਜਵਾਨੀ ਵਾਰ ਆਇਆ ਸੀ?
ਕੀ ਮੈਂ ਇਸੇ ਆਜ਼ਾਦੀ ਲਈ,ਜ਼ਿੰਦਗੀ ਹਾਰ ਆਇਆ ਸੀ?
ਕੀ ਮੈਂ ਇਸੇ ਆਜ਼ਾਦੀ ਵਾਸਤੇ,ਫਾਂਸੀ ਨੂੰ ਚੁੰਮਿਆ ਸੀ?
ਬਸੰਤੀ ਚੋਲਾ ਪਹਿਨ ਕੇ ,ਕੀ ਇਹਦੇ ਲਈ ਘੁੰਮਿਆ ਸੀ?
ਨਹੀਂ ਨਹੀਂ…ਨਹੀਂ ਨਹੀਂ…
ਓ ਹਿੰਦ ਵਾਸੀਓ! ਓ ਸਾਥੀਓ! ਓ ਦੋਸਤੋ !
ਮੈਂ ਇਹ ਆਜ਼ਾਦੀ ਤਾਂ ਨਹੀਂ ਮੰਗੀ ਸੀ

ਏਥੇ ਤਾਂ ਜ਼ੋਰਾਵਰ ਹਰ ਥਾਂ ਕਹਿਰ ਢਾਅ ਰਿਹਾ,
ਹੱਕਾਂ ਦੀ ਚਿਣ ਕੇ ਚਿਖਾ ਲਾਂਬੂ ਲਗਾ ਰਿਹਾ
ਇਹ ਬੇਜ਼ਮੀਰੇ ਕੌਣ? ਜੋ ਹੱਥ ਸੇਕ ਰਹੇ ਨੇ?  
ਆਜ਼ਾਦੀ ਨੂੰ ਕਿਸ਼ਤਾਂ ਦੇ ਅੰਦਰ ਵੇਚ ਰਹੇ ਨੇ
ਵਿਕਦੀਆਂ ਨੇ ਕੰਜਕਾਂ ਤੇ ਵਿਕਦੀਆਂ ਨੇ ਬੋਟੀਆਂ
ਨਿੱਕੇ ਨਿੱਕੇ ਹੱਥ ਨੇ ਰੂੜੀ 'ਚੋਂ ਲੱਭਦੇ ਰੋਟੀਆਂ
ਕੀ ਇਹੋ ਮੇਰੇ ਸੁਫ਼ਨਿਆਂ ਦਾ ਭਾਰਤ ਹੈ?    
ਕੀ ਇਹੋ ਮੇਰੇ ਆਪਣਿਆਂ ਦਾ ਭਾਰਤ ਹੈ ?
     
ਮੈਂ ਆਪਣੀ ਚਰਬੀ ਨੂੰ ਜਿਸ ਲਾਟ 'ਤੇ ਪੰਘਾਰਿਆ
ਮੈਂ ਜਿਹੜੇ ਲੋਕਾਂ ਲਈ ਬਘਿਆੜਾਂ ਨੂੰ ਲਲਕਾਰਿਆ
ਮੈਂ ਟੋਟਾ ਧੁੱਪ ਦਾ ਮੰਗਿਆ ਸੀ ਜਿਸ ਹਨ੍ਹੇਰੇ ਲਈ
ਮੈਂ ਹਰ ਪਲ ਨੇਜ਼ੇ'ਤੇ ਟੰਗਿਆ ਸੀ ਜਿਸ ਸਵੇਰੇ ਲਈ
ਕੀ  ਇਹ ੳਹੀ ਹੈ ਸਵੇਰਾ  ? ੳਹੀ ਰੌਸ਼ਨੀ ਹੈ?
ਇਹ ਤਾਂ ਅੱਗ ਹੈ, ਜੋ ਸਾੜਦੀ ਹੈ, ਮਾਰਦੀ ਹੈ

ਓ ਮੇਰੇ ਨਾਮ ਦਾ ਵਪਾਰ ਕਰਨ ਵਾਲਿਓ!
ਇਕ ਦੂਜੇ ਉਤੇ ਇਲਜ਼ਾਮ ਧਰਨ ਵਾਲਿਓ!
ਦਾਅਵਾ ਕਰ ਰਹੇ ਓ ਮੇਰੀ ਰਾਹ'ਤੇ ਚੱਲਣ ਦਾ
ਓ ਮੇਰੇ ਵਤਨ ਨੂੰ ਨੀਲਾਮ ਕਰਨ ਵਾਲਿਓ!
ਮੈਂ ਕਦ ਕਿਹਾ ਸੀ? ਸੱਚ ਨੂੰ ਸ਼ਿਕੰਜੇ ਲਾ ਦਿਓ
ਹਰ ਇਕ ਵੰਝਲੀ ਚੁੱਲ੍ਹੇ ਦੇ ਅੰਦਰ  ਡਾਹ ਦਿਓ
ਮੈਂ ਕਦ ਕਿਹਾ ਸੀ?ਮੱਥੇ ਦਾ ਦੀਵਾ  ਪੂਰ ਦਿਓ
ਗੁੰਗੀ ਜੀਭ ਨੂੰ ਇੱਕ ਸ਼ਬਦ 'ਜੀ..ਹਜ਼ੂਰ' ਦਿਓ
ਤੁਸੀਂ ਵਿਕਾਸ  ਦੇ ਇਹ ਅਰਥ ਕੇਹੇ ਸਿਰਜੇ ਨੇ?
ਮੰਡੀਕਰਨ ਵਿੱਚ ਫਸਲਾਂ  ਲਿਤਾੜੀ ਜਾਂਦੇ ਓ
ਅਸੀਂ ਜਿਹਨਾਂ ਵਿਦੇਸ਼ੀ  ਹਾਕਮਾਂ ਨੂੰ ਕੱਢਿਆ
ਤੁਸੀਂ ਤਾਂ ਉਹਨਾਂ ਨੂੰ ਹੀ ਫੇਰ ਵਾੜੀ ਜਾਂਦੇ ਓ

ਇਹ ਹੰਝੂ  ਖੂਨ ਦੇ ਡੁੱਲ੍ਹਦੇ ਨੇ, ਤੇ ਜੋ ਡੁੱਲ੍ਹਣਗੇ,
ਇਨ੍ਹਾਂ ਹੰਝੂਆਂ ਦਾ ਕੋਈ  ਰਾਹ ਤੁਹਾਡੇ ਨਾਮ ਵੀ ਹੈ
ਮੈਂ ਇੱਕ ਵਾਰ ਨਹੀਂ ਮਰਿਆ, ਮੈਂ ਰੋਜ਼ ਮਰਦਾ ਹਾਂ
ਮੇਰੇ  ਕਤਲ  ਦਾ  ਗੁਨਾਹ  ਤੁਹਾਡੇ  ਨਾਮ  ਵੀ ਹੈ।

ਇਸ਼ਕ ਤਾਂ ਤੂੰ ਵੀ ਕੀਤਾ ਹੋਏਗਾ

 ਇਸ਼ਕ ਤਾਂ ਤੂੰ ਵੀ ਕੀਤਾ ਹੋਏਗਾ




ਕਿੰਨਾ ਵਿਸਮਾਦੀ ਹੁੰਦੈ

 ਕਿੰਨਾ ਵਿਸਮਾਦੀ ਹੁੰਦੈ