Saturday 25 January 2014

ਕੋਈ ਉਸ ਰਾਹ ਦਾ ਸਿਰਨਾਵਾਂ ਤਾਂ ਦੱਸੇ


ਕੋਈ ਉਸ ਸੁਰੰਗ ਦਾ ਸਿਰਨਾਵਾਂ ਤਾਂ ਦੱਸੇ
ਜਿਸ ਵਿੱਚੋਂ ਗੁਜ਼ਰਦਿਆਂ
ਸਾਂਵਲਾ ਚੰਦ ਗੋਰਾ ਨਿਛੋਹ ਹੋ ਜਾਂਦਾ ਹੈ
ਤੇ ਤਾਰੇ
ਕਿਸੇ ਸੁਹਾਗਣ ਦੇ ਮੱਥੇ ਦੀ ਬਿੰਦੀ ਹੋ ਜਾਂਦੇ ਹਨ

ਕੋਈ ਉਸ ਰਾਹ ਦੀ ਪੁੱਛ ਤਾਂ ਦੇਵੇ
ਜਿੱਥੋਂ ਲੰਘਦਿਆਂ ਕੁਸੈਲਾ ਜਿਹਾ ਬੀਜ
ਗੁਲਾਬੀ ਫੁੱਲ ਹੋ ਜਾਂਦਾ ਹੈ
ਤੇ ਫੁੱਲ
ਸ਼ਹਿਦ ਬਣ ਕੇ ਤਿੱਪ-ਤਿੱਪ ਚੋਣ ਲੱਗ ਜਾਂਦਾ ਹੈ

ਕੋਈ ਉਸ ਡੰਡੀ ਬਾਰੇ ਕੁਝ ਤਾਂ ਦੱਸੇ
ਜਿਸ 'ਤੇ ਤੁਰਦਿਆਂ
ਸ਼ਹਿਤੂਤੀ ਪੱਤੇ ਢਿੱਡ ਦਾ ਸਬਰ ਹੋ ਜਾਂਦੇ ਨੇ
ਤੇ ਤਾਰਾਂ
ਰੇਸ਼ਮ ਬਣ ਕੇ ਜ਼ਿੰਦਗੀ ਦਾ ਨੰਗੇਜ 'ਜਦੀਆਂ ਨੇ


ਕੋਈ ਉਸ ਰਾਹ ਬਾਰੇ ਕੁਝ ਤਾਂ ਦੱਸੇ
ਜਿੱਥੋਂ ਲੰਘਦਿਆਂ
ਹਥੇਲੀਆਂ ਦੀਆਂ ਲਕੀਰਾਂ
ਔਸੀਆਂ ਬਣ ਜਾਂਦੀਆਂ ਨੇ
ਤੇ ਮੁਹੱਬਤ
ਚੌਹਾਂ ਕੂੰਟਾਂ ਵਿੱਚ ਅਨਹਦ-ਨਾਦ

ਗਾਉਣ ਲੱਗ ਜਾਂਦੀ ਹੈ।

ਮੈਂ ਹੁਣ ਕਵਿਤਾ ਹੋਣਾ ਹੈ

         
ਮੈਂ ਹੁਣ....
ਮੈਂ ਹੁਣ ਕਵਿਤਾ ਲਿਖਣੀ ਨਹੀਂ
ਮੈਂ ਹੁਣ ਕਵਿਤਾ ਹੋਣਾ ਹੈ
ਕਵਿਤਾ ਜਿਹੜੀ ਚਾਨਣੀ ਦੇ ਚਿੱਟੇ ਦੁੱਧ ਵਿੱਚ
ਨਾਹਤੀ-ਧੋਤੀ ਹੋਵੇ
ਕਵਿਤਾ,ਜਿਹਦੇ ਹੋਂਠਾਂ ਤੋਂ ਕਿਰਦੇ ਬੋਲਾਂ ਵਿੱਚੋਂ
ਬੰਸਰੀ ਦੀ ਤਾਨ ਸੁਣੇ
ਕਵਿਤਾ,ਜਿਸਦੇ ਕਾਗ਼ਜ਼ਾਂ ਦੀ ਹਿੱਕ 'ਤੇ ਵਿਛੇ ਹਰਫਾਂ ਵਿੱਚੋਂ
ਚੋਮੁਖੀਏ ਦੀਵੇ ਦੀ ਲੋਅ ਆਵੇ
ਕਵਿਤਾ,ਜਿਸਦੇ ਸੁਪਨੀਲੇ ਨੈਣਾਂ ਵਿੱਚ ਵਸੇ ਖਾਬਾਂ ਵਿੱਚੋਂ
ਕਾਦਰ ਦਾ ਸਿਰਨਾਵਾਂ ਲੱਭੇ
ਤੇ ਕਵਿਤਾ
ਜਿਹੜੀ ਜਦੋਂ ਵੀ ਡੁੱਲ੍ਹੇ
ਜਿੱਥੇ ਵੀ ਡੁੱਲ੍ਹੇ
ਉੱਥੇ ਹੀ ਸ਼ਹਿਦ ਬੀਜਿਆ ਜਾਵੇ
ਕੀ ਮੈਂ ਕਦੀ ਹੋ ਸਕਦੀ ਹਾਂ
ਇਹੋ ਜਿਹੀ ਕਵਿਤਾ?
ਕੀ ਮੈਂ ਕਦੀ ਵੀ ਹੋ ਸਕਦੀ ਹਾਂ
ਇਹੋ ਜਿਹੀ ਕਵਿਤਾ ?
 

ਅਜੇ ਤਾਂ.........


  
ਅਜੇ ਨਹੀਂ ਲਹਿਰਾਈਆਂ ਕੱਚ ਦੀਆਂ ਮੁੰਦਰਾਂ
ਕਿਸੇ ਅਨੰਤ ਖੜਾਵਾਂ ਵਾਲੇ ਜੋਗੀ ਦੇ ਕੰਨਾਂ ਵਿੱਚ
ਤੇ ਅਜੇ ਨਹੀਂ ਦਿਸਿਆ ਤੇਰਾ ਮੂੰਹ
ਅਜੇ ਤਾਂ ਮੈਂ ਕਮਲੀਆਂ ਹਾਰ
ਜੰਗਲਾਂ ਵੀਰਾਨਿਆਂ ਵਿੱਚ
ਭਟਕਦੀ ਫਿਰਦੀ ਹਾਂ
ਪਤਾ ਨਹੀਂ
ਇੱਕ ਪਲ ਵਿੱਚ ਕੋਟਿ ਜਨਮ ਨੇ
ਕਿ ਇੱਕ ਜਨਮ ਵਿੱਚ ਕੋਟਿ ਪਲ
ਅਜੇ ਤਾਂ ਮੈਂ
ਇਸ ਹਿਸਾਬ ਵਿੱਚੋਂ ਹੀ ਪਾਰ ਨਹੀਂ ਹੋਈ
ਅਜੇ ਤਾਂ ਲਿਖਿਆ ਹੀ ਨਹੀਂ ਮੈਂ
ਕਿਸੇ ਵੈਰਾਗੀ ਪਲ ਦੀ ਤਲੀ ਉੱਤੇ
ਇਸ਼ਕੇ ਦਾ ਗੂੜ੍ਹਾ ਗੂੜ੍ਹਾ ਨਾਂ
ਨਾ ਹੀ ਖੁਲ੍ਹਦੀਆਂ ਨੇ ਮੈਥੋਂ
ਸੰਘਣੇ ਹਨ੍ਹੇਰਿਆਂ ਵਿੱਚੋਂ
ਚਾਨਣ ਵੱਲ ਖੁਲ੍ਹਦੀਆਂ ਬਾਰੀਆਂ
ਅਜੇ ਤਾਂ ਮੈਥੋਂ ਹਨ੍ਹੇਰੇ ਮਿੱਧ ਹੀ ਨਹੀਂ ਹੋਏ
ਅਜੇ ਤਾਂ ਮੈਂ
ਸਿਰਫ ਤੈਨੂੰ ਆਵਾਜ਼ ਮਾਰੀ ਹੈ
ਅਜੇ ਤਾਂ ਮੈਂ
ਸਿਰਫ ਤਲਾਸ਼ ਹਾਂ
ਅਜੇ ਤਾਂ ਮੈਂ
ਸਿਰਫ ਉਡੀਕ ਹਾਂ ..   


    

ਕਦ ਮੋਤੀ ਥਿਆਉਣਾ? …


ਇਹ ਤਨ ਡਾਢਾ ਵੈਰੀ
ਸੁਬਾਹ ਰਜਾਇਆ
ਰਾਤੀਂ ਫੇਰ ਮੰਗੇ
ਕੱਲ੍ਹ ਸੁੱਖੀਂ ਨਹਾਇਆ
ਅੱਜ ਫਿਰ ਉਹੀ ਲੋੜਾਂ
ਮੈਨੂੰ ਆਹ ਦੇ ਦੇ
ਮੈਨੂੰ ਔਹ ਦੇ ਦੇ
ਇਹਦਾ ਤਾਂ ਕਾਸਾ
ਕਦੀਓ ਨਾ ਭਰਦਾ
ਇਹ ਹਰ ਵੇਲੇ ਚਰਦਾ
ਮੈਂ ਕਿੰਜ ਵਿਹਲੀ ਹੋਵਾਂ?
ਮੈਂ ਕਦ ਵਿਹਲੀ ਹੋਵਾਂ?
ਤੇ ਸੋਚਾਂ ਮੈਂ ਤੁਧ ਨੂੰ
ਤੇ ਲੱਭਾਂ ਮੈਂ ਤੁਧ ਨੂੰ

ਇਹ ਮਨ ਡਾਢਾ ਵੈਰੀ
ਕਦੀ ਭੱਜੇ ਏਧਰ
ਕਦੀ ਭੱਜੇ ੳਧਰ
ਕਦੀ ਟੱਪੇ ਪਰਬਤ
ਕਦੀ ਨਾਪੇ ਸਾਗਰ
ਕਦੀ ਕਿਤੇ ਠਹਿਰੇ ਨਾ
ਅੱਥਰਾ ਇਹ ਘੋੜਾ
ਹਰ ਵੇਲੇ ਟੱਪ-ਟੱਪ
ਹਰ ਵੇਲੇ ਠੱਕ-ਠੱਕ
ਅੰਤਾਂ ਦਾ ਸ਼ੋਰ
ਤੇ ਅੰਤਾਂ ਦੀ ਭਟਕਣ
ਮੈਂ ਕਿੰਜ ਵਿਹਲੀ ਹੋਵਾਂ?
ਮੈਂ ਕਦ ਵਿਹਲੀ ਹੋਵਾਂ?
ਤੇ ਸੋਚਾਂ ਮੈਂ ਤੁਧ ਨੂੰ
ਤੇ ਖੋਜਾਂ ਮੈਂ ਤੁਧ ਨੂੰ

ਇਹ ਜੁੱਗਾਂ ਦੇ ਵੈਰੀ
ਇਹ ਜਨਮਾਂ ਦੇ ਵੈਰੀ
ਜਾਣਾਂ ਕਿ ਕਾਬੂ
ਇਹ ਕਰਨੇ ਹੀ ਪੈਣੇ
ਏਹੀ ਭਵਸਾਗਰ
ਇਹ ਤਰਨੇ ਹੀ ਪੈਣੇ

ਪਰ ਇਹ ਕਦ ਹੋਸੀ?
ਪਰ ਇਹ ਕਿੰਜ ਹੋਸੀ?
ਇਹ ਮੈਥੋਂ ਨਾ ਹੁੰਦਾ?
ਉਫ...............
ਮੈਥੋਂ ਨਾ ਹੁੰਦਾ
ਮੈਂ ਕਦ ਗੋਤਾ ਲਾਉਣਾ
ਕਦ ਮੋਤੀ ਥਿਆਉਣਾ?