Thursday 1 September 2016

ੳਹਨੂੰ ਆਖੀਂ.........                                  
ਪਰਦੇਸੀ ਧਰਤੀਆਂ ਗਾਹੁੰਦਿਆ ਰਾਹੀਆ !
ੳਥੇ ਚੋਗਾ ਚੁਗਦੀ ਮੇਰੇ ਢਿੱਡ ਦੀ ਆਂਦਰ ਨੂੰ ਦੱਸੀਂ
ਕਿ ਤੇਰੀਆਂ ਜੜ੍ਹਾਂ ਵਿੱਚ ਕਿਸੇ ਨੇ ਤੇਲ ਨਹੀਂ,
ਤੇਜ਼ਾਬ ਪਾ ਦਿੱਤਾ ਹੈ
ਤੇ ਹੁਣ ਤੇਰੇ ਪਿੰਡ ਦੀਆਂ 
ਕੁੜੀਆਂ-ਚਿੜੀਆਂ ਦੀ ਚਹਿਚਹਾਟ
ਪੌਣਾਂ ਵਿੱਚ ਪਤਾਸਿਆਂ ਵਾਂਗ ਘੁਲਣ ਤੋਂ ਪਹਿਲਾਂ
ਬਘਿਆੜੀ ਜਬ੍ਹਾੜਿਆਂ ਦਵਾਰਾ ਚੱਬ ਲਈ ਜਾਂਦੀ ਹੈ

ੳਹਨੂੰ ਆਖੀਂ
ਕਿ ਹੁਣ ਤੇਰੇ ਅਗਵਾੜ ਦੇ ਭਰ ਜੁਆਨ ਗੱਭਰੂਆਂ ਦੇ
ਡੌਲਿਆਂ ਦੀਆਂ ਸੁਨਹਿਰੀ ਮੱਛੀਆਂ
ਕਿਸੇ ਛਿੰਝ ਦੇ ਢੋਲ 'ਤੇ ਨਹੀਂ ਫੜਕਦੀਆਂ
ਨਾ ਹੀ ਹੱਦਾਂ-ਸਰਹੱਦਾਂ 'ਤੇ 
ਵਤਨ ਦਾ ਮਾਣ ਬਣਦੀਆਂ ਨੇ
ਸਗੋਂ ਨਸ਼ਿਆਂ ਦੇ ਕਾਲੇ-ਵਿਹੁਲੇ ਛੱਪੜਾਂ ਵਿੱਚ
ਨਿੱਤ ਆਤਮ-ਹੱਤਿਆ ਕਰ ਰਹੀਆਂ ਨੇ

ੳਹਨੂੰ ਆਖੀਂ
‘ਜਾਗੋ ਵੱਡ-ਵਡੇਰਿਓ ਵੇ ਥੋਨੂੰ ਫਲਾਣਾ ਸਿਹੁੰ ਜਗਾਵੇ’”
ਗਾਉਂਦੀਆਂ ਸੱਜਰੀਆਂ ਵਹੁਟੀਆਂ
ਖੇਤਾਂ-ਬੰਨਿਆਂ ਤੋਂ ਮਿੱਟੀ ਕੱਢਦੀਆਂ ਕੱਢਦੀਆਂ
ਜਦੋਂ ਕੋਈ ਮਨੁੱਖੀ ਪਿੰਜਰ ਦੇਖਦੀਆਂ ਨੇ
ਤਾਂ ਪਿੱਟਦੀਆਂ-ਕੁਰਲਾਉਂਦੀਆਂ
ਕਮਲੀਆਂ-ਹਾਰ ਪਿੰਡ ਵੱਲ ਭੱਜ ਆਉਂਦੀਆਂ ਨੇ

ੳਹਨੂੰ ਆਖੀਂ
ਹੋਲ਼ਾਂ ਲਈ ਛੋਲੇ ਪੱਟਦੇ ਚਾਂਭਲੇ ਨਿਆਣੇ
ਜਦੋਂ ਮੂੰਹ ਵਿੱਚ ਸੁਆਦ ਜਿਹਾ ਭਰ ਕੇ
ਡੱਡੇ ਭੰਨਦੇ ਨੇ
ਤਾਂ ਵਿਚੋਂ ਕੱਚੇ-ਕੱਚੇ,ਮਿੱਠੇ-ਮਿੱਠੇ ਦਾਣਿਆਂ ਦੀ ਥਾਂ
ਭੜਕਦੇ ਹੋਏ ਬੰਬ ਨਿੱਕਲਦੇ ਨੇ
ਤੇ ਚੇਤਰ ਹੁਣ 
ਕਿਸੇ ਫੁੱਲਾਂ ਭਰੀ ਚੰਗੇਰ ਦਾ ਨਾਮ ਨਹੀਂ
ਨਾ ਹੀ ਤਖਤ ਹਜ਼ਾਰਾ 
ਮੁਹੱਬਤ ਦਾ ਕੋਈ ਰਿਮਝਿਮੀ ਚਸ਼ਮਾ ਹੈ

ੳਹਨੂੰ ਆਖੀਂ
ਕਿ ਜ਼ਿੰਦਗੀ ਕਾਲੇ ਬੁਰਕੇ ਵਿੱਚ ਲਿਪਟੀ
ਮੱਸਿਆ ਦੀ ਬੇਸ਼ਰਮ ਰਾਤ ਹੈ ਏਥੇ
ਤੇ ਧਰਤੀ ਹੇਠਲਾ ਧੌਲਾ ਬਲਦ
ਹਰ ਪਲ ਆਪਣੇ ਸਿੰਗ ਬਦਲਦਾ ਰਹਿੰਦਾ ਹੈ
ਤੇ ਇਸ ਗੂੜ੍ਹੇ-ਗਾੜ੍ਹੇ ਹਨੇਰੇ ਵਿੱਚ 
ਬੌਂਦਲੇ ਹੋਏ ਤੇਰੇ ਸਾਕ-ਸਕੀਰੀ,
ਇੱਕ ਦੂਜੇ ਵਿੱਚ ਵੱਜਕੇ 
ਆਪਣੇ ਹੀ ਮੱਥੇ ਲਹੂ-ਲੁਹਾਣ ਕਰ ਰਹੇ ਨੇ

ੳਹਨੂੰ ਆਖੀਂ
ਜੇ ਭੋਰਾ ਵੀ ਸੇਕ ਹੈ ਉਹਨੂੰ 
ਆਪਣੀ ਜੰਮਣ-ਵਾਲੀ ਦਾ
ਤਾਂ ਉਹ ਜਿਵੇਂ-ਕਿਵੇਂ,
ਜਿੱਥੋਂ ਕਿਤੋਂ ਕੋਈ ਲਿਸ਼ਕੋਰ ਸੁੱਟੇ
ਕਿ ਅਸੀਂ ਇੱਕ ਦੂਜੇ ਵਿੱਚ ਵੱਜ ਕੇ ਫੱਟੜ ਹੋਣ ਦੀ
ਇਸ ਆਪ ਵਿਹਾਜੀ ਸਜ਼ਾ ਤੋਂ ਮੁਕਤ ਹੋ ਸਕੀਏ
ਉਹ ਕੁਝ ਤਾਂ ਕਰੇ 
ਕਿ ਇਸ ਮਰ ਰਹੀ ਮਿੱਟੀ ਵਿੱਚ
ਸਾਹਾਂ ਦਾ ਕਬੂਤਰ ਫਿਰ ਤੋਂ ਗੁਟ੍ਹਕਣ ਲੱਗ ਪਵੇ   

ੳਹਨੂੰ ਆਖੀਂ ਉਹ ਕੁਝ ਤਾਂ ਕਰੇ...
ੳਹਨੂੰ ਆਖੀਂ ਉਹ ਕੁਝ ਤਾਂ ਕਰੇ....
ਹਾਸਿਆਂ ਦੀ ਉਮਰ     
ਬਹੁਤ ਹੀ ਹੱਸਦੀਆਂ ਨੇ ਕੁੜੀਆਂ
ਸੋਲ੍ਹਵੇਂ ਸੰਧੂਰੀ ਸਾਲ ਵਿੱਚ
ਬਿਨਾਂ ਗੱਲੋਂ ਹੀ
ਦੀਵਾਲੀ ਦੇ ਅਨਾਰਾਂ ਵਾਂਗ ਖਿੜ-ਖਿੜ ਪੈਂਦੀਆਂ
ਕਿ ਪੌਣਾਂ ਵਿੱਚ ਹਾਸੇ ਦੇ ਲਹਿਰੀਏ ਬੁਣੇ ਜਾਂਦੇ ਨੇ

ਨਿੱਕੀ ਜਿਹੀ ਗੱਲ 'ਤੇ
ਦੂਹਰੀਆਂ ਤੀਹਰੀਆਂ ਚੌਹਰੀਆਂ ਹੁੰਦੀਆਂ
ਕਿ ਦੇਖਣ ਵਾਲੀਆਂ ਅੱਖਾਂ ਕਦੀ ਘੂਰਦੀਆਂ,
ਕਦੀ ਮੁਸਕਾਣ ਲੱਗ ਪੈਂਦੀਆਂ ਨੇ
ਇਕ ਦੂਜੀ ਦੇ ਕੰਨ ਵਿੱਚ ਨਿੱਕੀ ਜਿਹੀ ਸਰਗੋਸ਼ੀ ਕਰਕੇ
ਬੁੱਕਲਾਂ ਵਿੱਚ ਮੂੰਹ ਲੁਕਾ ਲੈਂਦੀਆਂ
ਤੇ ਫਿਰ ਮੱਕੀ ਦੀਆਂ ਭੁੱਜਦੀਆਂ ਖਿੱਲਾਂ ਵਾਂਗ
ਤਿੜ-ਤਿੜ ਕਰਕੇ
ਆਪਣ-ਆਪ ਤੋਂ ਵੀ ਬਾਹਰ ਡੁੱਲ੍ਹਣ ਲੱਗਦੀਆਂ ਨੇ
ਕਿ ਫਿਜ਼ਾ ਵਿੱਚ 
ਸੱਜਰੇ ਗੁੜ ਦੀ ਮਹਿਕ ਘੁਲ਼ ਜਾਂਦੀ ਹੈ

ਏਨਾ ਹਾਸਾ
ਕਿ ਚਿਹਰਾ ਸੂਹਾ ਗੁਲਾਬ ਹੋ ਜਾਂਦੈ
ਤੇ ਉੱਤੇ ਹੰਝੂਆਂ ਦੇ ਮੋਤੀ ਲਿਸ਼ਕਣ ਲੱਗ ਪੈਂਦੇ ਨੇ
ਪਰ ਪਤਾ ਨਹੀਂ ਫਿਰ
ਹਾਸਿਆਂ ਦੀ ਇਸ ਦੁਪਹਿਰ-ਖਿੜੀ 'ਤੇ
ਕਿਸ ਕਾਲ਼ੇ ਸਰਾਪ ਦਾ ਪ੍ਰਛਾਵਾਂ ਪੈ ਜਾਂਦੈ
ਇਸ ਕੰਜ ਕੁਆਰੀ ਰੁੱਤੇ
ਏਨਾ ਹੱਸਦੀਆਂ ਨੇ ਕਮਲੀਆਂ  
ਕਿ ਬਾਕੀ ਸਾਰੀ ਜ਼ਿੰਦਗੀ
ਮੁਸਕਾਣ ਦਾ ਵੱਲ ਵੀ ਭੁੱਲ ਜਾਂਦੀਆਂ ਨੇ
ਹੱਸ ਹੱਸ ਕੇ ਦੁਖਦੀਆਂ ਵੱਖੀਆਂ ਵਿੱਚ ਮੁੱਕੀਆਂ ਦੇ ਕੇ
ਇੰਜ ' ਹਾਇ ਨੀ ਮੈਂ ਮਰਗੀ..ਨੀ ਮੈਂ ਮਰਗੀ '
ਕਰਦੀਆਂ ਨੇ ਚੰਦਰੀਆਂ
ਕਿ ਬਾਕੀ ਸਾਰੀ ਉਮਰ
ਕਿਤੋਂ ਨਾ ਕਿਤੋਂ ਮਰੀਆਂ ਹੀ ਰਹਿੰਦੀਆਂ ਨੇ