Thursday 27 December 2012

ਗੁਜਰੀ

                         
ਇੱਕ ਗੁਜਰੀ ਹੁੰਦੀ ਹੈ
ਜਿਹਦੀ ਮਿੱਟੀ ਚੀਕਣੀ
ਕਲਾਕਾਰ ਹੱਥਾਂ ਦੀ ਸਿਰਜੀ
ਹੁਨਰਾਂ ਨਾਲ ਤਰਾਸ਼ੀ ਹੋਈ
ਅੱਗ ਦੇ ਆਵੇ ਪੱਕੀ ਹੋਈ
ਰੰਗ ਰੋਗਨ ਦੇ ਨਾਲ ਲਿਸ਼ਕਦੀ
ਸੁਰਮ-ਸੁਰਾਹੀਆਂ ਅੱਖਾਂ ਵਾਲੀ
ਲਾਲ ਯਾਕੂਤੀ ਹੋਂਠਾਂ ਵਾਲੀ
ਸਿਰ 'ਤੇ ਰੰਗਲੀ ਮਟਕੀ ਚੁੱਕੀ
ਡਰਾਇੰਗ-ਰੂਮ ਦੀ ਬਣੇ ਸਜਾਵਟ
ਜਾਂ ਬਾਲਾਂ ਦਾ ਖੇਡ ਖਿਡੌਣਾ


ਇੱਕ ਗੁਜਰੀ ਹੁੰਦੀ ਹੈ
ਜਿਹਦੀ ਮਿੱਟੀ ਮਾਸ ਦੀ
ਵਸਲ-ਪਲਾਂ ਦੀ ਸਿਰਜੀ ਹੋਈ
ਕੁੱਖ ਦੇ ਆਵੇ ਪੱਕੀ ਹੋਈ
ਜੋਬਨ ਦੀ ਧੁੱਪ ਨਾਲ ਲਿਸ਼ਕਦੀ
ਸ਼ਹਿਦ-ਨਹਾਈਆਂ ਅੱਖਾਂ ਵਾਲੀ
ਗ਼ਜ਼ਲਾਂ ਵਰਗੇ ਹੋਂਠਾਂ ਵਾਲੀ
ਸੱਤ ਰੰਗਾਂ ਦਾ ਪਹਿਨ ਕੇ ਲਹਿੰਗਾ
ਸਿਰ 'ਤੇ ਦੁੱਧ ਦੀ ਮਟਕੀ ਚੁੱਕੀ
ਹੋਕਾ ਦਿੰਦੀ ਗਲੀ ਗਲੀ


ਉਂਜ ਤਾਂ ਹੁੰਦੀਆਂ ਨੇ
ਸਭ ਕੁੜੀਆਂ ਹੀ ਗੁਜਰੀਆਂ
ਅੰਬੜੀ ਦੀਆਂ ਸੋਨੇ ਦੀਆਂ ਡਲੀਆਂ
ਵੰਝਲੀ ਵਰਗੇ ਬੋਲਾਂ ਜਿਹੀਆਂ
ਖੱਟੀਆਂ ਮਿੱਠੀਆਂ ਗੋਲ੍ਹਾਂ ਜਿਹੀਆਂ
ਬਾਬਲ-ਬਾਗੀਂ ਮੋਰਨੀਆਂ
ਘਰ ਘਰ ਖੇਡਣ ਵਾਲੀ ਰੁੱਤ ਤੋਂ
ਘਰ ਬਣਾਉਣ ਦੇ ਮੌਸਮ ਤੀਕਰ
ਚੁੱਕ ਖਾਬਾਂ ਦੀ ਸੰਦਲੀ ਮਟਕੀ

ਮਟਕ ਮਟਕ ਕੇ ਤੁਰਦੀਆਂ

ਪਰ ਉਹ ਗੁਜਰੀ ਕੇਹੀ ਗੁਜਰੀ ਸੀ?
ਚਮਤਕਾਰੀ ਮਿੱਟੀ ਦੀ ਸਿਰਜੀ
ਸੱਚ ਦੇ ਆਵੇ ਪੱਕੀ ਹੋਈ
ਨਾਮ-ਖੁਮਾਰੀ ਨਾਲ ਸ਼ਿੰਗਾਰੀ,
ਸਿਰ ਮਟਕੀ ਕੁਰਬਾਨੀਆਂ ਵਾਲੀ
ਵਿਸਾਹ-ਘਾਤ ਦੀਆਂ ਨਹੁੰਦਰਾਂ ਛਿੱਲੀ
ਲਹੂ ਦੀ ਚੁੰਨੀ,ਲਹੂ ਦੇ ਲੀੜੇ
ਛਾਲਿਆਂ ਲੱਦੇ ਨੰਗੇ ਪੈਰੀਂ
ਠੰਢੇ ਬੁਰਜ ਦੀ ਅੱਗ ਤੱਕ ਪਹੁੰਚ ਗਈ ਸੀ ਜਿਹੜੀ।                          
 

ਕੰਤ ਜਦੋਂ ਪਰਦੇਸੀਂ ਜਾਂਦੇ
ਗੋਰੀਆਂ ਦੇ ਨੈਣਾਂ ਦੇ ਵਿਹੜੇ
ਸਤਲੁਜ ਅਤੇ ਬਿਆਸ ਉੱਤਰਦੇ
ਪਰ ਜਦ ਉਹਦੇ ਸਿਰ ਦਾ ਸਾਂਈਂ
ਕਤਲਗਾਹਾਂ ਦੇ ਦੇਸ ਨੂੰ ਤੁਰਿਆ
ਆਰੇ ਚੱਲ ਗਏ ਹੋਣੇ   ਨੇ,
ਉਹਦੇ ਨਰਮ ਕਾਲਜੇ ਉੱਤੇ


ਉਫ!ਉਹ ਕਿਹੇ ਸੂਰਜੀ ਪਲ ਸਨ!
ਜਦ ਦੰਦਾਂ ਵਿੱਚ ਚੁੰਨੀ ਨੱਪ ਕੇ
ਉਹਨੇ ਆਪਣਾ ਦਰਦ ਦਬਾਇਆ
ਇੱਕ ਵੀ ਹੰਝੂ ਨਾ ਛਲਕਾਇਆ
' ਤੇਰਾ ਭਾਣਾ ਮੀਠਾ ਲਾਗੈ '
ਖੁਦ ਨੂੰ ਇਹ ਗੁਰ-ਵਾਕ ਸੁਣਾਇਆ
'ਸ਼ੁਕਰ ਤੇਰਾ'ਕਹਿ ਸੀਸ ਨਿਵਾਇਆ


ਪੁੱਤਰਾਂ ਦੇ ਠੋਹਕਰ ਵੀ ਲੱਗੇ
ਮਾਵਾਂ ਪੀੜੋ-ਪੀੜ ਹੁੰਦੀਆਂ
ਕੀੜੀ ਦੇ ਆਟੇ ਨੂੰ ਡੋਲ੍ਹਣ
ਦੁਖਦੀ ਥਾਂ ਨੂੰ ਮੁੜ ਮੁੜ ਚੁੰਮਣ
ਅੱਥਰੂਆਂ ਦੀਆਂ ਕਰਨ ਟਕੋਰਾਂ
ਪਰ ਜਦ ਉਹਦੇ ਲਾਲ ਨੂੰ ਵਿੰਨ੍ਹਿਆ
ਸਾਜਿਸ਼-ਭਿੱਜੇ ਤੀਰਾਂ ਨੇ,
ਸੂਲਾਂ ਨੇ ,ਸ਼ਮਸ਼ੀਰਾਂ ਨੇ
ਸੱਪਾਂ ਦੇ ਵਿਹੁ-ਡੰਗਾਂ ਨੇ
ਲਹੂ-ਤਿਹਾਏ ਰੰਗਾਂ ਨੇ
ਜਿਸਮ ਹੋ ਗਿਆ ਛਲਣੀ ਛਲਣੀ
ਬੱਗੇ ਮੁੱਖ 'ਤੇ ਲਾਲ-ਤਤੀ੍ਹਰੀ
ਮਾਛੀਵਾੜੇ ਦੇ ਜੰਗਲ ਵਿੱਚ
ਤੱਕ ਕੰਡਿਆਂ ਦੀ ਸੇਜ 'ਤੇ ਸੁੱਤਾ
ਰੁੱਗ ਤਾਂ ਵੱਢੇ ਗਏ ਹੋਣਗੇ
ਮਾਂ ਦੀ ਇੱਕ ਇੱਕ ਆਂਦਰ 'ਚੋਂ ਵੀ



ਉਫ! ਉਹ ਕਿਹੇ ਸੂਰਜੀ ਪਲ ਸਨ!
ਜਦ ਜ਼ਖਮਾਂ ਦੇ ਝੁਰਮਟ 'ਤੇ ਉਸ
ਰੱਬੀ ਰਜ਼ਾ ਦੀ ਮਲ੍ਹਮ ਲਗਾਈ
ਥਾਪੜ ਥਾਪੜ ਪੀੜ ਸੁਆਈ
ਫਿਰ ਸ਼ੁਕਰਾਂ ਦੀ ਧੂਫ ਜਗਾਈ                                            

ਦਾਦੀਆਂ ਦੇ ਹੋਂਠਾਂ 'ਤੇ ਤੁਰਕੇ,
ਲੋਰੀਆਂ ਪਹੁੰਚਣ ਘੋੜੀਆਂ ਤੀਕਰ
ਪਰ ਜਦ ਉਹਨੇ ਪੋਤਰਿਆਂ ਨੂੰ
ਭੇਜਣ ਲਈ ਕਸਾਈ-ਖਾਨੇ
ਅੰਤਿਮ ਵਾਰ ਸ਼ਿੰਗਾਰਿਆ ਹੋਣੈ
ਚੁੰਮ ਚੁੰਮ ਮਸਤਕ ਠਾਰਿਆ ਹੋਣੈ
ਫਟਿਆ ਹੋਊ ਜਵਾਲਾਮੁਖੀ
ਉਹਦੀ ਧਰਤੀ ਦੇ ਅੰਦਰ ਵੀ

ਉਫ!ਉਹ ਕਿਹੇ ਸੂਰਜੀ ਪਲ ਸਨ!
ਅੰਗ ਅੰਗ ਦੇ ਭੂਚਾਲ ਨੂੰ ਉਸ ਜਦ
ਸਿਮਰਨ ਨਾਲ ਟਿਕਾਇਆ ਹੋਣੈ
ਸ਼ੁਕਰਾਨੇ ਦਾ ਦੀਵਾ
ਰੂਹ ਦੀ ਥਾਲੀ ਵਿੱਚ ਟਿਕਾਇਆ ਹੋਣੈ

ਹੈ ਆਸਾਨ ਇਹ ਕਹਿਣਾ,ਉਹ ਮਹਾਨ ਬੜੀ ਸੀ
ਰੱਬੀ ਨੂਰ ਸੀ,ਉਹ ਤਾਂ ਡੋਲ ਨਹੀਂ ਸਕਦੀ ਸੀ
ਪੀੜਾਂ ਦੇ ਅਹਿਸਾਸ ਤੋਂ ਸੀ ਉਹ ਬਹੁਤ ਉਚੇਰੀ
ਉਹ ਸੀ ਨਾਮ 'ਚ ਰੰਗੀ ਹੋਈ
ਕੁੱਖ ਉਹਦੀ ਸੀ ਚਾਨਣ ਚਾਨਣ


ਸੱਚ ਹੈ ਇਹ
ਪਰ ਇਹ ਵੀ ਸੱਚ ਹੈ
ਜੇ ਉਹ ਮਾਸ-ਮਿੱਟੀ ਦਾ ਬੁੱਤ ਸੀ
ਜੇ ਜੁੱਸਾ ਰੋਟੀ ਮੰਗਦਾ ਸੀ
ਤੇਹ ਉਹਦੀ ਸੀ ਪਾਣੀ ਲੱਭਦੀ
ਸਾਹਾਂ ਲਈ ਸੀ ਹਵਾ ਲੋੜੀਂਦੀ
ਫਿਰ ਤਾਂ ਫੱਟ ਵੀ ਲੱਗੇ ਹੋਣੇ
ਫਿਰ ਤਾਂ ਪੀੜ ਵੀ ਹੋਈ ਹੋਣੀ
ਫਿਰ ਹੰਝੂ ਵੀ ਆਏ ਹੋਣੇ                         
 

ਉਫ! ਉਹ ਕੇਹੀ ਅੰਬਰੀ ਰੂਹ ਸੀ!
ਜਿਸਮ ਸੀ ਜਾਂ ਕੋਈ ਕਰਾਮਾਤ ਸੀ
ਕੇਹਾ ਸੀ ਸ਼ਾਹਕਾਰ ਖੁਦਾ ਦਾ!
ਜਿਹਨੇ ਸਬਰ-ਸਮੁੰਦਰ ਪੀਤੇ
ਜ਼ਖਮਾਂ 'ਤੇ ਫੁਲਕਾਰੀ ਦਿੱਤੀ
ਇੱਕ ਵਾਰੀ ਵੀ 'ਸੀਅ' ਨਾ ਕੀਤੀ
ਕੀਤਾ ਤਾਂ ਸ਼ੁਕਰਾਨਾ ਕੀਤਾ
ਜਿਹੜੀ ਆਪ ਰਤਾ ਨਾ ਡੋਲੀ
ਨਾ ਹੀ ਡੋਲਿਆ ਉਹਦਾ ਜਾਇਆ
ਨਾ ਉਹਦੇ ਜਾਏ ਦੇ ਜਾਏ                               


ਹੈ ਕੋਈ ਗੁਜਰੀ ਉਹਦੇ ਵਰਗੀ?
ਸੀ ਕੋਈ ਗੁਜਰੀ ਉਹਦੇ ਵਰਗੀ?
ਕਦੇ ਵੀ ਗੁਜਰੀ ਉਹਦੇ ਵਰਗੀ?
ਕਿਤੇ ਵੀ ਗੁਜਰੀ ਉਹਦੇ ਵਰਗੀ?


ਤਵਾਰੀਖ ਦਾ ਹਰ ਵਰਕਾ ਹਰ ਸਤਰ ਫਰੋਲੋ
ਧਰਤੀ  ਦੇ  ਹਰ  ਕੋਨੇ  ਦੀ  ਮਿੱਟੀ  ਨੂੰ  ਫੋਲੋ
ਕਿਤੇ ਵੀ ਨਹੀਂਓਂ ਲੱਭਣੀ ਗੁਜਰੀ ਉਹਦੇ ਵਰਗੀ?
ਕਿਤੇ ਵੀ ਨਹੀਂਓਂ ਹੋਣੀ ਗੁਜਰੀ ਉਹਦੇ ਵਰਗੀ?

ਵੇ ਇਤਿਹਾਸ ਲਿਖੰਦੜਿਓ!ਕੋਈ ਫਰਜ਼ ਨਿਭਾਓ!
ਕਲਮ ਚੁੱਕੋ,ਅੱਖਰਾਂ ਨੂੰ ਸੱਚ ਦੀ ਵਾਟ ਦਿਖਾਓ!
ਨਾ ਪੰਜਾਬ ਦੇ,ਨਾ ਹੀ ਹਿੰਦ ਦੇ
ਦੁਨੀਆਂ ਦੇ ਇਤਿਹਾਸ 'ਚ ਉਹਦਾ ਕਾਂਡ ਲਿਖਾਓ!
                                                         

Friday 23 November 2012

ਧੀਆਂ ਦੇ ਚੰਦ-ਸੂਰਜ

ਧੀਆਂ ਲਈ ਬਾਪ ਸੂਰਜ ਹੁੰਦਾ
ਉਭੜ-ਖਾਭੜ ਰਾਹਾਂ ਵਿੱਚ ਲੋਅ ਵਿਛਾਉਂਦਾ
ਪੱਬੀਂ ਉੱਕਰੇ ਸਫਰ ਨੂੰ ਊਰਜਾ ਦਿੰਦਾ
ਕਕਰੀਲੇ ਸਿਆਲਾਂ ਵਿੱਚ
ਕੋਸੀ ਕੋਸੀ ਧੁੱਪ ਜਿਹਾ


ਤੇ ਕਦੀ ਕਦੀ ਜੇਠ ਹਾੜ੍ਹ ਦੀ
ਤਿੱਖੜ ਦੁਪਹਿਰ ਵਰਗਾ ਵੀ
ਜਿਹਦੇ ਧੁਰ ਅੰਦਰ ਧੀਆਂ ਲਈ
ਸਾਵੀ ਛਾਂ ਦਾ ਸੁਫਨਾ ਬੀਜਿਆ ਹੁੰਦਾ
ਤੇ ਇੱਕ ਦਿਨ
ਕਿਰਨਾਂ ਦੀ ਪੰਡ
ਧੀਆਂ ਦੇ ਸਿਰ 'ਤੇ ਧਰ ਕੇ
ਕਿਸੇ ਦੂਰ ਦੇਸ ਵੱਲ ਤੋਰ ਦਿੰਦਾ


ਧੀਆਂ ਲਈ ਮਾਂ ਚੰਦ ਹੁੰਦੀ
ਮੱਚਦੇ ਸਿਰ'ਤੇ ਰਿਸ਼ਮਾਂ ਦਾ ਸ਼ਾਮਿਆਨਾ ਤਾਣਦੀ
ਪਾਤਲੀਆਂ ਦੇ ਛਾਲਿਆਂ ਲਈ ਚੰਦਨ ਦਾ ਲੇਪ ਬਣਦੀ
ਟਸਟਸ ਕਰਦੇ ਅੱਟਣਾਂ ਲਈ ਸ਼ਹਿਦ-ਭਿੰਨਾ ਚੁੰਮਣ
ਸਾਹ-ਸੂਤਣੀਆਂ ਕਾਲੀਆਂ ਰਾਤਾਂ ਵਿੱਚ
ਗੋਰੀ ਗੋਰੀ ਚਾਨਣੀ ਜਿਹੀ
ਤੇ ਕਦੀ ਕਦੀ ਗੁੰਗੇ ਸਾਧ ਦੀ ਕੁਟੀਆ ਵਰਗੀ ਵੀ
ਜਿਹਦੇ ਅੰਦਰ ਧੀਆਂ ਦੀਆਂ 'ਸੱਤੇ ਖੈਰਾਂ' ਲਈ
ਧੂਣੀ ਮਘਦੀ ਰਹਿੰਦੀ
ਤੇ ਇੱਕ ਦਿਨ
ਮਾਂ ਬਣਨ ਦਾ ਵਰਦਾਨ
ਧੀਆਂ ਦੇ ਮੱਥੇ'ਤੇ ਧਰ ਕੇ
ਕਿਸੇ ਦੂਰ ਦੇਸ ਵੱਲ ਤੁਰ ਜਾਂਦੀ।

ਮੌਤ ਦਾ ਜਸ਼ਨ ਮਨਾਉਂਦੇ ਪੱਤੇ


ਮੌਤ  ਦਾ  ਜਸ਼ਨ  ਮਨਾਉਂਦੇ ਪੱਤੇ
ਪਤਝੜ ਵਿੱਚ  ਮੁਸਕਾਉਂਦੇ ਪੱਤੇ

ਲਾਲ,   ਗੁਲਾਬੀ,  ਕਿਤੇ   ਨਰੰਗੀ
ਰੰਗਾਂ    ਵਿੱਚ   ਨਹਾਉਂਦੇ    ਪੱਤੇ

ਆਉਂਦੀ  ਰੁੱਤ  ਨੂੰ  ਸਜਦਾ ਕਰਦੇ
ਨਿੱਤ ਹੀ  ਸ਼ਗਨ  ਮਨਾਉਂਦੇ ਪੱਤੇ





ਕਿਰਨ- ਮਕਿਰਨੀਂ ਕਿਰਦੇ ਜਾਂਦੇ
ਪੌਣ   'ਚ   ਪੈਲਾਂ   ਪਾਉਂਦੇ    ਪੱਤੇ

ਸੁੱਕ ਕੇ ਖੜ-ਖੜ ਕਰਦੇ ਫਿਰਦੇ
ਝਾਂਜਰ  ਜਹੀ  ਛਣਕਾਉਂਦੇ  ਪੱਤੇ

ਮਰਨ ਦੇ ਵਿੱਚ ਵੀ ਸ਼ਾਨ ਬੜੀ ਹੈ
ਲੋਕਾ  `ਵੇ  !   ਸਮਝਾਉਂਦੇ   ਪੱਤੇ

ਫਿਰ   ਆਵਾਂਗੇ   ਅਗਲੇ   ਮੌਸਮ
ਚੱਲੇ   ਗੀਤ    ਸੁਣਾਉਂਦੇ    ਪੱਤੇ

ਹੁਣ ਅਲਵਿਦਾ ਹੁੰਦੇ ਨੇ ਖ਼ਤ


                                                             


ਫੋਨਾਂ ਦੀ ਟੁਣਕਾਰ ਵਿੱਚ
ਈ-ਮੇਲਾਂ ਦੀ ਰੁੱਤ ਵਿੱਚ
ਬੰਨ੍ਹ ਰਹੇ ਨੇ ਗੰਢੜੀਆਂ
ਸਭ ਖ਼ਤ ਗੁਲਾਬੀ ਰੰਗ ਦੇ

ਹਾਇ ਉਹ ਸ਼ਾਮਾਂ ਕਿਰਮਚੀ
ਜਦ ਭਾਲਣਾ ਵਰਕਾ ਕੋਈ
ਸੱਜਣਾਂ ਦੇ ਮੁਖ ਦੇ ਹਾਣ ਦਾ
ਸੁੰਝੇ ਜਿਹੇ ਕੋਨੇ ਦੇ ਵਿੱਚ
ਜਾ ਮਲਕੜੇ ਜਹੇ ਬੈਠਣਾ

ਸਿਆਹੀਆਂ ਹਰੀਆਂ ਨੀਲੀਆਂ
ਕਦੀ ਵੇਲ ਬੂਟੇ ਪਾਵਣੇ
ਕਦੀ ਟੱਪੇ ਕਿਤੇ ਸਜਾਵਣੇ
ਦੁਨੀਆਂ ਦਾ ਸਭ ਤੋਂ ਪਿਆਰਾ 'ਅੱਖਰ'
ਲਿਖਣਾ ਤੇ ਸ਼ਰਮਾਵਣਾ
ਦੰਦਾਂ 'ਚ ਕਲਮ ਨੱਪ ਕੇ
ਸੱਤ ਅੰਬਰੀਂ ਉੱਡ ਜਾਵਣਾ
ਪਰੀਆਂ ਦੇ ਨਕਸ਼ ਟੋਲਣਾ,
ਚੰਨ ਕੋਠੇ 'ਤੇ ਉਤਾਰਨਾ
ਚੀਰ ਕੇ ਦਿਲ ਆਪਣਾ
ਚਿੱਠੀ 'ਤੇ ਸੁੱਕਣਾ ਪਾਵਣਾ
ਫਿਰ ਨਿੱਕੀ ਜਿਹੀ ਬਿੜਕ 'ਤੇ

ਇਹਨੂੰ ਕਾਪੀ ਹੇਠ ਲੁਕਾਵਣਾ
ਕਾਗ਼ਜ਼ ਦੇ ਫੜਕਣ ਵਾਂਗ ਹੀ
ਖ਼ਰਗੋਸ਼ ਮਾਸੂਮ ਦਿਲ ਦਾ ਫੜਕਣਾ
ਹੱਥ ਏਧਰ ੳਧਰ ਮਾਰ ਕੇ
ਸਭ ਨੂੰ ਭੁਲੇਖੇ ਪਾਵਣਾ

ਲੈਣਾ ਲਿਫ਼ਾਫ਼ਾ ਹੱਟੀਉਂ
ਹਲਕੇ ਗੁਲਾਬੀ ਰੰਗ ਦਾ
ਇਤਰਾਂ ਦੇ ਗੜਵੇ ਛਿੜਕਣਾ,
ਰਿਸ਼ਮਾਂ ਦੀ ਡੋਰੀ ਬੰਨ੍ਹਣਾ
ਲੱਗਣਾ ਲੈਟਰ ਬਕਸ ਵੀ
ਕੋਈ ਮੇਘਦੂਤ ਦਿਲਾਂ ਦਾ
ਅੱਖਾਂ ਚੋਂ ਸ਼ਹਿਦ ਡੋਲ੍ਹ ਕੇ,
ਰੀਝਾਂ ਦਾ ਕੇਸਰ ਘੋਲ ਕੇ
ਸੌਂਪ ਦੇਣਾ ਉਹਨੂੰ ਚਿੱਠੀ
ਸੋਹਣੀ ਦਰਦ ਫ਼ਿਰਾਕ ਦੀ
ਜਿਉਂ ਕੱਚੇ ਦੁੱਧ ਦੇ ਨਾਲ ਰੱਜੀ
ਝੱਗੋ ਝੱਗ ਕੋਈ ਬਾਲਟੀ
ਜਿਉਂ ਸ਼ੱਕਰ ਭਰੀ ਪਰਾਤ ਕੋਈ
ਜਿਉਂ ਇਸ਼ਕ ਦੀ ਬਰਸਾਤ ਕੋਈ

ਹਾਂ ਬੰਨ੍ਹ ਰਹੇ ਨੇ ਗੰਢੜੀਆਂ
ਸਾਰੇ ਉਹ ਟੋਟੇ ਧੁੱਪ ਦੇ
ਸਾਈਕਲ ਦੀ ਟੱਲੀ ਸੁਣਦਿਆਂ
ਭੱਜ ਕੇ ਬੀਹੀ ਦੇ ਵਿੱਚ ਆਵਣਾ
ਝਾਂਜਰਾਂ  ਵਗੈਰ ਹੀ
ਅੱਡੀਆਂ ਦਾ ਛਮ ਛਮ ਵੱਜਣਾ
ਡਾਕੀਏ ਦੀ ਤੋਰ 'ਚੋਂ
ਆਪਣੀ ਤਲਾਸ਼ ਲੱਭਣਾ
ਰੁਕਦਾ ਬਰੂਹੀਂ ਦੇਖ ਕੇ

ਬੱਸ ਬਾਂਵਰੇ ਹੋ ਜਾਵਣਾ

ਸੀਨੇ ਲਗਾਉਣਾ ਚੋਰੀਉਂ
ਮਾਹੀ ਦੀ ਭੇਜੀ ਪਾਤੜੀ           

ਕੋਈ ਖ਼ਤ ਜੋ ਲਾਵੇ ਮਹਿੰਦੀਆਂ
ਕੋਈ ਖ਼ਤ ਜੋ ਬੰਨ੍ਹੇ ਮੌਲੀਆਂ
ਕੋਈ ਖ਼ਤ ਜੋ ਚਿੱਟੇ ਖੰਭਾਂ ਦੇ ਵਿੱਚ

ਮੋਤੀਆਂ ਨੂੰ ਗੁੰਦ ਕੇ
ਵਾਂਗ ਕਿਸੇ ਹੰਸ ਦੇ

ਰੂਹ ਦੇ ਸਰੋਵਰ ਉੱਤਰੇ
ਕੋਈ ਖ਼ਤ ਜੋ ਨੀਲੀ ਹਿੱਕ 'ਤੇ

ਲੈ ਤਾਰਿਆਂ ਦੇ ਕਾਫ਼ਿਲੇ
ਤਿੜਕੀ ਤਲੀ 'ਤੇ ਰੱਖ ਦੇਵੇ

 ਸਾਬਤਾ ਅੰਬਰ ਕੋਈ
ਕੋਈ ਖ਼ਤ ਜਿਵੇਂ ਮੰਦਿਰ ਦੇ ਅੰਦਰ

ਪਾਲਾਂ ਦੀਵਿਆਂ ਦੀਆਂ
ਕਿਤੇ ਤੋਤਲੇ ਜਿਹੇ ਬਾਲ ਦੇ
ਝਰੀਟੇ ਕਾਂਗ-ਕਰੂੰਘੜੇ
ਕਿਤੇ ਮਾਂ ਦਿਆਂ ਹੱਥਾਂ 'ਚੋਂ ਕਿਰੀਆਂ ਲੋਰੀਆਂ ਦੀ ਬੰਸਰੀ
ਕਿਤੇ ਮਿੱਠੇ ਚੌਲਾਂ ਵਰਗੀਆਂ ਅਸੀਸਾਂ ਵੱਡਿਆਂ ਦੀਆਂ
ਕਿਤੇ ਗਿਲੇ ਸ਼ਿਕਵੇ ਰੋਸੜੇ
ਕਿਤੇ ਮਿੰਨਤਾਂ ਮਨੌਤੀਆਂ
ਕਦੇ ਭੋਗ ਕਿਧਰੇ ਸੋਗ ਵੀ
ਵਧਾਈਆਂ ਹਲਦੀ-ਭਿੱਜੀਆਂ
ਕਦੀ ਖ਼ਬਰ  ਸੱਜਰੇ ਸਾਕਾਂ ਤੋਂ ਛੁਹਾਰਿਆਂ ਦੇ ਆਉਣ ਦੀ                 


ਹਾਂ ਬੰਨ੍ਹ ਰਹੇ ਨੇ ਗੰਢੜੀਆਂ
ਸਭ ਖ਼ਤ ਗੁਲਾਬੀ ਰੰਗ ਦੇ
ਕਰਦੇ ਰਹੇ ਨੇ ਜਿਹੜੇ ਹੁਣ ਤੱਕ ਰਿਸ਼ਤਿਆਂ ਦੀ ਆਰਤੀ
ਸਾਂਝਾਂ ਅਤੇ ਸਕੀਰੀਆਂ ਦੀ ਗੰਗਾ ਨਾਹਤੀ ਬੰਦਗੀ
ਸਨ ਹਾੜ੍ਹ ਦੀ ਧੁੱਪ ਵਿੱਚ ਜੋ ਪੱਖੀ ਘੁੰਗਰੂਆਂ ਵਾਲੜੀ
ਜਿਹਨਾਂ ਦੇ ਵਿੱਚ ਹੱਥਾਂ ਦੀ ਛੋਹ
ਜਿਹਨਾਂ ਦੇ ਵਿੱਚ ਅੱਖਾਂ ਦੀ ਛੋਹ
ਜਿਹਨਾਂ ਦੇ ਵਿੱਚ ਸਾਹਾਂ ਦੀ ਛੋਹ
ਜਿਹਨਾਂ ਦੇ ਵਿੱਚ ਹੋਂਠਾਂ ਦੀ ਛੋਹ
ਬੰਨ੍ਹ ਰਹੇ ਨੇ ਚਾਦਰ ਦੇ ਵਿੱਚ
ਸਾਰੀਆਂ ਹਰਿਆਵਲਾਂ
ਸਭ ਡੱਬੀਆਂ ਮਹਿਕਾਂ ਦੀਆਂ
ਸਿਰਾਂ ਦੇ ਉੱਤੇ ਚੁੱਕ ਕੇ
ਮਿੱਠਤਾਂ, ਮੁਹੱਬਤਾਂ, ਬਖ਼ਸ਼ਿਸ਼ਾਂ
ਲਓ ਜੀ ! ਤੁਹਾਡੇ ਸ਼ਹਿਰ 'ਚੋਂ
ਹੁਣ ਅਲਵਿਦਾ ਹੁੰਦੇ ਨੇ ਖ਼ਤ






ਚੰਗਾ ਜੀ ! ਤੁਹਾਡੇ ਸ਼ਹਿਰ 'ਚੋਂ
ਹੁਣ ਅਲਵਿਦਾ ਹੁੰਦੇ ਨੇ ਖ਼ਤ।

Thursday 22 November 2012

ਦਿੱਲੀ ਵਾਲੀਏ ਕੁੜੀਏ !

28 ਸਾਲ ਪੁਰਾਣੀ ਕਵਿਤਾ..ਪਰ ਜ਼ਖਮ ਤਾਂ ਅਜੇ ਵੀ ਸੱਜਰੇ ਨੇ,ਹੰਝੂ ਤਾਂ ਅਜੇ ਵੀ ਵਗਦੇ ਨੇ

ਦਿੱਲੀ ਵਾਲੀਏ ਕੁੜੀਏ! ਤੇਰੀ ਜੋ ਖਬਰ ਆਈ ਹੈ
ਉਹ ਆਪਣੇ ਨਾਲ ਤੱਤੇ ਤੱਤੇ ਹੰਝੂ ਲੈ ਕੇ ਆਈ ਹੈ

ਤੇਰੇ ਘਰ ਅੱਗ ਜਦ ਲੱਗੀ,ਸੇਕ ਮੈਨੂੰ ਵੀ ਆਇਆ ਸੀ
ਮੈਂ ਅੱਧੀ ਰਾਤੀਂ ਪਾਣੀ ਘੜੇ ਦਾ ਅੰਗ ਨਾਲ ਲਾਇਆ ਸੀ
ਮੈਂ ਕੀ ਦੇਖਿਆ,ਪਾਣੀ ਘੜੇ ਦੇ ਵਿੱਚ ਉਬਲਦਾ ਸੀ
ਸ਼ਾਇਦ ਉਸ ਵੇਲੇ ਤੇਰੇ ਵਿਹੜੇ ਵਿੱਚ ਇਕ ਸਿਵਾ ਬਲਦਾ ਸੀ
ਤੇਰੇ ਉਸ ਸਿਵੇ ਦੀ ਰਾਖ ਉੱਡ ਕੇ ਏਥੇ ਆਈ ਹੈ
ਤੇ ਆਪਣੇ ਨਾਲ ਰੱਤੇ ਰੱਤੇ ਹੰਝੂ ਲੈ ਕੇ ਆਈ ਹੈ

ਤੇਰੇ ਸਾਹਮਣੇ ਵੱਢੇ ਗਏ ਅੜੀਏ ਨੀਂ! ਫੁੱਲ ਤੇਰੇ
ਰਹਿਮ ਲਈ ਰਹੇ ਵਿਲਕਦੇ ਅੜੀਏ ਨੀਂ ਬੁੱਲ੍ਹ ਤੇਰੇ
ਤੇਰੇ ਹਮਵਤਨਾਂ ਨੇ ਅੜੀਏ ਨੀਂ ਤੈਨੂੰ ਨੰਗੀ ਕੀਤਾ ਹੈ
ਉਹ ਭੁੱਲ ਗਏ ਇਹਨਾਂ ਵਿੱਚ ਵੀ ਕੋਈ ਰਾਧਾਂ ਕੋਈ ਸੀਤਾ ਹੈ
ਉਹਨਾਂ ਨੂੰ ਉਹਨਾਂ ਦੇ ਰੱਬ ਦੀ ਦੁਹਾਈ ਹੈ ਦੁਹਾਈ ਹੈ
ਜੋ ਆਪਣੇ ਨਾਲ ਤੱਤੇ ਤੱਤੇ ਹੰਝੂ ਲੈ ਕੇ ਆਈ ਹੈ

ਚੀਕਾਂ ਤੇਰੀਆਂ ਅੰਬਰ ਦੀ ਹਿੱਕ ਵਿੱਚ ਪਾੜ ਲਾਏ ਨੇ
ਤੇਰੇ ਹਉਕਿਆਂ ਸਾਗਰ ਵੀ ਸੱਥਰ 'ਤੇ ਬਿਠਾਏ ਨੇ
ਤੇਰੀ ਰੂਹ ਤੇ ਦੇਹ ਨੂੰ ਜਿਸਨੇ  ਛਾਲਾ-ਛਾਲਾ ਕੀਤਾ ਹੈ
ਉਹਨੇ ਹੀ ਦੇਸ਼ ਦੇ ਇਤਿਹਾਸ ਦਾ ਰੰਗ ਕਾਲਾ ਕੀਤਾ ਹੈ
ਇਹ ਕਾਲਖ ਗੋਰੀਆਂ ਧੁੱਪਾਂ ਤੋਂ ਜਾਣੀ ਨਾ ਮਿਟਾਈ ਹੈ
ਜੋ ਆਪਣੇ ਨਾਲ ਰੱਤੇ-ਰੱਤੇ ਹੰਝੂ ਲੈ ਕੇ ਆਈ ਹੈ


ਮੈਂ ਤੈਨੂੰ ਪੇਸ਼ ਕਰਾਂ ਤਾਂ ਕੀ? ਬੇਕਰਾਰ ਬਹੁਤ ਹਾਂ
ਤੇਰੇ ਲਈ ਕੁਝ ਵੀ ਨਾ ਹੋ ਸਕਿਆ ਸ਼ਰਮਸਾਰ ਬਹੁਤ ਹਾਂ
ਮੈਂ ਤੇਰੇ ਗਮ'ਚ ਭਾਈਵਾਲ ਹਾਂ,ਗਮਗੀਨ ਬੜੀ ਹਾਂ
ਤੂੰ ਜ਼ਰਾ ਸਿਰ ਉਠਾਂ ਕੇ ਦੇਖ ਤੇਰੇ ਨਾਲ ਖੜ੍ਹੀ ਹਾਂ..




ਦਿੱਲੀ ਦੇ ਨਾਂ

ਜਾਣਦੇ ਹਾਂ
ਗੋਲੀ ਕਿਤੇ ਵੀ ਚੱਲੇ
ਸਾਡੇ ਸੀਨੇ ਵਿੱਚ ਹੀ ਲੱਗਣੀ ਹੈ

ਇਹ ਵੀ ਪਤਾ ਹੈ
ਸਾਡੇ ਜ਼ਖਮਾਂ ਨੂੰ ਇਨਸਾਫ
ਨਾ ਆਪਣਿਆਂ ਨੇ ਲੈ ਕੇ ਦੇਣੈ
ਨਾ ਬੇਗਾਨਿਆਂ ਨੇ

ਇਹ ਵੀ ਸੱਚ ਹੈ
ਕਿ ਜਿਹੜਾ ਬਾਣਾ
ਭਗਤੀ ਤੇ ਸ਼ਕਤੀ ਦਾ ਪ੍ਰਤੀਕ ਹੋਣਾ ਸੀ
ਵਿਚਾਰਗੀ
ਤੇ ਲਾਚਾਰਗੀ ਦਾ ਪ੍ਰਤੀਕ ਹੋ ਗਿਐ

ਸਿਰਫ ਨਵੰਬਰ ਚੁਰਾਸੀ
ਜਾਂ ਜੂਨ ਚੁਰਾਸੀ ਹੀ ਨਹੀਂ
ਚੁਰਾਸੀ ਲੱਖ ਜੂਨਾਂ ਵਿੱਚ
ਸਾਡੇ ਨਾਲ ਇਹੋ ਭਾਣਾ ਵਰਤਣੈਂ..

ਸੰਸਦਾਂ ਕਚਹਿਰੀਆਂ ਦੇ ਮਾਲਕੋ!
ਇਤਿਹਾਸ ਭੂਗੋਲ ਦੇ ਸਿਰਜਕੋ!
ਬਹੁਤ ਕੁਝ ਜਾਣ ਗਏ ਹਾਂ ਅਸੀਂ
ਨਹੀਂ ਜਾਣਦੇ ਤਾਂ ਬੱਸ ਇਹ
ਕਿ ਅਸੀਂ ਕਿਸਨੂੰ ਆਪਣਾ ਦੇਸ ਕਹੀਏ ?
ਅਸੀਂ ਕਿਸਨੂੰ ਆਪਣੀ ਧਰਤੀ ਕਹੀਏ ?