Monday 14 April 2014

ਪਲ ਪਲ ਸਰਘੀ


 

ਅੰਬਰ ਦੀ ਟਾਹਣੀ ਖਿੜ ਰਿਹਾ ਹੈ

ਇਕ ਫੁੱਲ ਅੱਗ ਦਾ

ਆ ਰਿਹੈ,ਕੋਈ ਆ ਰਿਹੈ

ਮੱਥੇ ’ਚੋਂ ਕਿਰਨਾਂ ਛੱਡਦਾ

 

ਪੂਰਬ ਦੀ ਵੱਖੀ ਤਣ ਗਿਐ

ਪਰਦਾ ਗੁਲਾਬੀ ਰੰਗ ਦਾ

ਖਾਰੇ ਚੜ੍ਹਨ ਲੱਗਿਆਂ

ਲਾੜਾ ਜਿਵੇਂ ਹੈ ਸੰਗਦਾ



ਹੁਣ ਗੁਲਾਬੀ ਨੁੱਕਰੋਂ

ਕੋਈ ਨੂਰ ਝਲਕਾਂ ਪਾ ਰਿਹੈ

ਚਿੜੀਆਂ ਮਲ੍ਹਾਰ ਗਾਉਂਦੀਐਂ

ਸ਼ਹਿਜ਼ਾਦਾ ਕੋਈ ਆ ਰਿਹੈ

 

ਹਰਿਆਂ ਗਲੀਚਿਆਂ ਉੱਤੇ

ਸ਼ਬਨਮ ਦਾ ਇਤਰ ਵਹਿ ਰਿਹੇ

ਪਲ ਪਲ ਸਰਘੀ ਦੇ ਬੁੱਤ ਤੋਂ

ਇਕ ਹੋਰ ਪਰਦਾ ਲਹਿ ਰਿਹੈ

  

ਵੱਡੀ ਹੀ ਹੁੰਦੀ ਜਾ ਰਹੀ ਹੈ

ਇਕ ਕਾਤਰ ਰੱਤ ਦੀ

ਰਾਂਗਲੇ ਪੀੜ੍ਹੇ 'ਤੇ ਬਹਿ

ਕੁਦਰਤ ਹੈ ਚਰਖਾ ਕੱਤਦੀ

 

ਔਹ ਸੁਰਮਈ ਸਲੇਟ 'ਤੇ

ਤੰਦ ਚਿੱਟੀ ਅੱਖਰ ਵਾਹ ਰਹੀ

ਇਹ ਪਰਦੇਸਣ ਚੋਗਣਾਂ ਦੀ

ਡਾਰ ਉਡੀ ਜਾ ਰਹੀ

 

ਹੁਣ ਕਾਸ਼ਨੀ ਜਹੀ ਝੀਲ 'ਤੇ

ਇਕ ਸੂਹਾ ਗੋਲਾ ਤਰ ਰਿਹੈ

ਅੰਬਰ ਦੀ ਬਾਰੀ ਖੋਲ੍ਹ ਕੇ

ਰੱਬ ਝਾਤੀ-ਮਾਤੀ ਕਰ ਰਿਹੈ

 

ਲਾ ਕੇ ਕਿਨਾਰੀਆਂ ਉਤੇ

ਸੁੱਚੇ ਤਿੱਲੇ ਦੀ ਗੋਟੜੀ

ਹੈ ਪੈਲਾਂ ਪਾਉਂਦੀ ਫਿਰ ਰਹੀ

ਇਕ ਜਾਮਨੀ ਬਦਲੋਟੜੀ

 

ਲਓ! ਸੂਹਾ ਗੋਲ਼ਾ ਖੁੱਲ੍ਹ ਕੇ

ਸੋਨੇ ਦਾ ਥਾਲ ਹੋ ਗਿਐ

ਪੋਚਾ ਸੁਨਹਿਰੀ ਫਿਰ ਗਿਐ

ਜਾਦੂ ਕਮਾਲ ਹੋ ਗਿਐ

 

ਲੱਥਿਆ ਦੁਸ਼ਾਲਾ ਧੁੰਧ ਦਾ

ਘਰੁ-ਬਾਰ ਨਜ਼ਰੀਂ ਆਏ ਨੇ

ਮਾਂਜੁ ਧੋ ਕੇ ਭਾਂਡੇ ਜਿਉਂ

ਕੁਦਰਤ ਨੇ ਧੁੱਪੇ ਪਾਏ ਨੇ

  

ਆਉਂਦੈ ਲਿਸ਼ਕਾਰੇ ਮਾਰਦਾ

ਕਿਰਨਾਂ ਦੀਆਂ ਛਮਕਾਂ ਲਾ ਰਿਹੈ

ਜਾਗੋ ! ਸੌਣ ਵਾਲਿਓ !

ਰਥ ਜ਼ਿੰਦਗੀ ਦਾ ਆ ਰਿਹੈ ..

Monday 7 April 2014

" ਵਿਸਾਖੀ ਦੇ ਗੀਤ " -ਜੱਟ ਲਈ ਗੀਤ :ਕਣਕ ਦੀਏ ਬੱਲੀਏ ਨੀਂ!...


ਕਣਕ ਦੀਏ ਬੱਲੀਏ ਨੀਂ! ਮੋਤੀ ਹੁਣ ਕੇਰ ਦੇ

ਹਾਸਿਆਂ ਦਾ ਪੋਚਾ ਸਾਡੇ ਚੌਂਕਿਆਂ 'ਤੇ ਫੇਰ ਦੇ

ਘੁੰਡ ਹੁਣ ਚੁੱਕ ਰਤਾ ਸੋਨੇ ਦੀਏ ਡਾਲੀਏ!

ਖੜ੍ਹੇ ਤਿਰਹਾਏ ਅਸੀਂ ਨਖਰਿਆਂ ਵਾਲੀਏ!

ਤ੍ਰੇਲ ਵਿੱਚ ਭਿੱਜੀ ਹੋਈ ਸੰਦਲੀ ਸਵੇਰ ਦੇ

ਹਾਸਿਆਂ ਦਾ ਪੋਚਾ ਸਾਡੇ ਚੌਂਕਿਆਂ 'ਤੇ ਫੇਰ ਦੇ

ਤੇਰੇ ਲਈ ਹਿੱਕ 'ਤੇ,ਸਿਆੜ ਡੂੰਘੇ ਲਾਏ ਨੇ

ਕੱਕਰੇ ਸਿਆਲ ਅਸੀਂ ਅੱਖਾਂ ' ਲੰਘਾਏ ਨੇ

ਹੁਣ ਸਾਡੇ ਹਾੜ੍ਹਾਂ ',ਸੁਗੰਧੀਆਂ ਖਿਲੇਰ ਦੇ

ਕਣਕ ਦੀਏ ਬੱਲੀਏ ਨੀਂ! ਮੋਤੀ ਹੁਣ ਕੇਰ ਦੇ

ਝੂਮ-ਝੂਮ ਸੋਹਣੀਏ ਹੁਲ੍ਹਾਰੇ ਜਦੋਂ ਖਾਵੇਂ ਤੂੰ

ਖੁਸ਼ੀਆਂ ਦਾ ਪਾਣੀ ਸੁੱਕੇ ਨੈਣਾਂ ' ਲਿਆਵੇਂ ਤੂੰ

ਪੈਰਾਂ ਦਿਆਂ ਛਾਲਿਆਂ ' ਮੰਜ਼ਿਲਾਂ ਬਿਖੇਰ ਦੇ

ਹਾਸਿਆਂ ਦਾ ਪੋਚਾ ਸਾਡੇ ਚੌਂਕਿਆਂ 'ਤੇ ਫੇਰ ਦੇ

ਪੱਲੇ ਵਿੱਚ ਗੋਰੇ ਗੋਰੇ ਦਾਣੇ ਜੋ ਲੁਕਾਏ ਤੂੰ

ਇੰਜ ਲੱਗੇ ਅਰਸ਼ਾਂ ਤੋਂ ਤਾਰੇ ਨੇ ਚੁਰਾਏ ਤੂੰ

ਸੱਖਣਿਆਂ ਬੋਹਲਾਂ ਨੂੰ, ਤੂੰ ਤਾਰਿਆਂ ਦੇ ਢੇਰ ਦੇ

ਕਣਕ ਦੀਏ ਬੱਲੀਏ ਨੀਂ! ਮੋਤੀ ਹੁਣ ਕੇਰ ਦੇ

ਤੇਰੀ ਨੀਂ ਉਡੀਕ ਵਿੱਚ,ਹੀਰ ਖੜ੍ਹੀ ਹੋਏਗੀ

ਆਪਾਂ ਘਰ ਚੱਲਾਂਗੇ, ਬਰੂਹੀਂ ਤੇਲ ਚੋਏਗੀ

ਉਹਦੇ ਪਾਟੇ ਹੱਥਾਂ ਨੂੰ, ਤੂੰ ਸੁੱਖਾਂ ਦੀ ਚੰਗੇਰ ਦੇ

ਹਾਸਿਆਂ ਦਾ ਪੋਚਾ  ਸਾਡੇ ਚੌਂਕਿਆਂ 'ਤੇ ਫੇਰ ਦੇ

ਕਣਕ ਦੀਏ ਬੱਲੀਏ ਨੀਂ!ਮੋਤੀ ਹੁਣ ਕੇਰ ਦੇ

ਹਾਸਿਆਂ ਦਾ ਪੋਚਾ ਸਾਡੇ ਚੌਂਕਿਆਂ 'ਤੇ ਫੇਰ ਦੇ..

ਜੱਟੀ ਲਈ ਗੀਤ: ਸੁਣ ਪਾਟੀਏ ਚੁੰਨੀਏ ਨੀਂ!...


ਸੁਣ ਪਾਟੀਏ ਚੁੰਨੀਏ ਨੀਂ!
ਰੁੱਤ ਵਿਸਾਖ ਦੀ ਆਈ
ਚੱਲ ਸ਼ਗਨ ਮਨਾ ਲੈ ਨੀਂ!
ਖੇਤੋਂ ਆਇਐ ਮਾਹੀ....
 
ਹੁਣ ਭੁੱਲ ਜਾ ਤੱਤੀਏ ਨੀਂ!
ਪੀਆ ਵਿਹੂਣੀਆਂ ਰਾਤਾਂ
ਭੁੱਲ ਜਾ ਦਿਨ ਭੱਠ ਵਰਗੇ
ਕੱਕਰ ਸਿੰਜੀਆਂ ਰਾਤਾਂ
 
ਚੱਲ ਥਾਲ  ' ਪਾ ਲੈ ਨੀਂ!
ਅੰਬਰ ਲਹਿੰਦਾ ਵਿਹੜੇ
ਘੁੱਟ ਹਿੱਕ ਨਾਲ ਲਾ ਲੈ ਨੀਂ!
ਤਾਰੇ ਲਿਆਇਐ ਜਿਹੜੇ
 
ਝਾਂਜਰ ਬਣਵਾ ਲੈ ਨੀਂ !
ਟੁੱਟ ਗਏ ਜਿਹਦੇ ਮਣਕੇ
ਗਿੱਧੇ ਵਿੱਚ ਜਿਹੜੀ ਨੀਂ!
ਸਭ ਤੋਂ ਵਧਕੇ ਛਣਕੇ
 
ਨੱਚ ਧਰਤੀ ਪੁੱਟਣੀ
ਬੋਲੀ ਜਦ ਜੱਟ ਨੇ ਪਾਈ
ਚੱਲ ਸ਼ਗਨ ਮਨਾ ਲੈ ਨੀਂ!
ਖੇਤੋਂ ਆਇਐ ਮਾਹੀ....

ਲੈ ਕੇ ਦੁਆ ਮੇਰੀ ਜਾ


 
ਕਣਕ ਦੀ ਟਰਾਲੀ ਉੁੱਤੇ ਬੈਠੀ ਹੋਈ ਗੋਰੀਏ ਨੀਂ !
ਲੈ ਕੇ ਦੁਆ ਮੇਰੀ ਜਾ
ਗੋਰੇ ਗੋਰੇ ਮੁੜ੍ਹਕੇ 'ਚੋਂ ਉੱਗੇ ਹੋਏ ਮੋਤੀ ਤੇਰੇ
ਵਿਕ ਜਾਣ ਮੋਤੀਆਂ ਦੇ ਭਾਅ
ਡੰਗੇ ਨਾ ਦਮੂੰਹੀ ਕੋਈ ਰੀਝਾਂ ਦੀਆਂ ਮੇਲਣਾਂ ਨੂੰ
ਰਹਿਣ ਨਾ ਕੁਆਰੇ ਤੇਰੇ ਚਾਅ
ਰੋਲੇ ਨਾ ਨੀਂ ! ਮੰਡੀ ਤੇਰੇ ਸੋਨੇ ਰੰਗੇ ਦਾਣਿਆਂ ਨੂੰ
ਕੋਈ ਬਣਤ ਬਣਾ
ਜਿਹੜਾ ਅੰਨ ਖਾ ਕੇ ਜੀਂਦਾ ਜੱਗ ਸਾਰਾ ਸੋਹਣੀਏ ਨੀਂ
ਭਾੜਾ ਦੇਵੇ ਓਸਦਾ ਚੁਕਾ
ਤਪਦੇ ਵਿਸਾਖ ਦੀ ਦੁਪਹਿਰ-ਰੰਗੀ ਚੁੰਨੀ ਤੇਰੀ
ਬਣ ਜਾਵੇ ਸਾਲੂ ਰੱਤੜਾ
ਲਹਿਣ ਤੇਰੇ ਕੰਨਾਂ 'ਚੋਂ ਵੀ, ਡੰਡੀਆਂ ਪਿੱਤਲ ਦੀਆਂ
ਤੂੰ ਵੀ ਲਵੇਂ ਵਾਲੀਆਂ ਘੜਾ
ਭਰੀ-ਭਰੀ ਜਾਂਦੀਏ ਨੀਂ! ਲੱਦੀ -ਲੱਦੀ ਮੁੜ ਆਵੇਂ
ਵਿਹੜੇ ' ਬਜ਼ਾਰ ਲਵੇਂ ਲਾ
ਦੇਖ ਕੇ ਖਿਡੌਣੇ, ਲੋਟ-ਪੋਟ ਹੋਣ ਬਾਲ ਤੇਰੇ
ਨੱਚ ਨੱਚ ਪਉਣ ਭੰਗੜਾ
ਮੂਹਰੇ ਜਿਹੜਾ ਬੈਠੈ, ਤੇਰਾ ਗੱਭਰੂ ਸ਼ੁਕੀਨ ਮਾਹੀ
ਮਿਹਨਤਾਂ ਦਾ ਮੁੱਲ ਲਵੇ ਪਾ
ਇਹ ਵੀ ਹਿੱਕ ਤਾਣ ਬੈਠੇ
ਪਿੰਡ ਦਿਆਂ ਚੋਬਰਾਂ '
ਇਹ ਵੀ ਲਵੇ ਖੁਸ਼ੀਆਂ ਹੰਢਾ
ਲੈ ਕੇ ਦੁਆ ਮੇਰੀ ਜਾ..........

ਵਿਸਾਖੀ ਤੋਂ ਬਾਅਦ…..



ਕਿਹੜਾ ਲੰਘਿਆ ਬੋਹਲਾਂ ਵਿੱਚੋਂ ?

ਟੁੱਟ ਗਿਆ ਦਾਣਾ ਦਾਣਾ ਵੇ ਹੋ !

ਕਿਹੜਾ ਹੱਸਿਆ ਮੰਡੀ ਦੇ ਵਿੱਚ?

ਲੁੱਟ ਲਿਆ ਦਾਣਾ ਦਾਣਾ ਵੇ ਹੋ !

 

ਖਾਲੀ ਹੱਥੀਂ ਆਇਆ ਮੈਂ ਸ਼ਹਿਰੋਂ

ਰੋਇਆ ਮੇਰਾ ਲਾਣਾ ਵੇ ਹੋ !

ਨਾ ਮੈਂ ਲਿਆਇਆ ਖੇਡ-ਖਿਡੌਣੇ

ਨਾ ਕੋਈ ਬਸਤਰ-ਬਾਣਾ ਵੇ ਹੋ !

 

ਲੱਛੀ ਦੇ ਬੰਦ ਬਣੇ ਨਾ ਮੈਥੋਂ

ਔਖਾ ਬੋਲ ਪੁਗਾਣਾ ਵੇ ਹੋ !

'ਮਿੱਠੀ' ਲੈ ਕੇ ਵੀ ਨਹੀਂ ਮੰਨਦਾ

ਅੱਜ ਤਾਂ ਪੁੱਤਰ ਰਾਣਾ ਵੇ ਹੋ !

 

ਕੋਠਾ ਅਗਲਾ ਮੀਂਹ ਨਹੀਂ ਕੱਟਦਾ

ਧੀ ਦਾ ਕਾਜ ਰਚਾਣਾ ਵੇ ਹੋ !

ਕੱਲ੍ਹ ਹੋਇਆ ਮਿੱਟੀ ਵਿੱਚ ਮਿੱਟੀ

ਅੱਜ ਹੰਝੂਆਂ ਵਿੱਚ ਨਾਹਣਾ ਵੇ ਹੋ !

 

ਕੋਈ ਪੁੱਛੇ ਜੋਕਾਂ ਤਾਂਈਂ

ਕਿੰਨਾ ਖੂਨ ਪਚਾਣਾ ਵੇ ਹੋ ?

ਹਾੜ੍ਹਾ ਵੇ ਲੋਕਾ!ਬਹੁੜੀ ਵੇ ਪਿੰਡਾ!

ਵੈਰੀ ਕਿੰਜ ਪਛਾਣਾਂ ਵੇ ਹੋ ?

 

ਹੁਣ ਅਸੀਂ ਆਪਣੇ ਸੂਰਜ ਖੋਹਣੇ

ਨ੍ਹੇਰਾ ਦੂਰ ਭਜਾਣਾ ਵੇ ਹੋ

ਹੁਣ ਅਸੀਂ ਲਾਉਣੀ ਧਮਕ ਨਗਾਰੇ

ਸੁੱਤਾ ਮੁਲਕ ਜਗਾਣਾ ਵੇ ਹੋ !

ਸਾਡਾ ਚਿੜੀਆਂ ਦਾ ਚੰਬਾ ਵੇ !


 ਕੁੜੀਆਂ : ਸਾਡਾ ਚਿੜੀਆਂ ਦਾ ਚੰਬਾ ਵੇ ! ਬਾਬਲ ਅਸੀਂ ਉਡ ਵੇ ਜਾਣਾ..
           ਸਾਡੀ ਲੰਬੀ ਉਡਾਰੀ ਵੇ ! ਬਾਬਲ ਕਿਹੜੇ ਦੇਸ ਜਾਣਾ
           ਅਸੀਂ ਡਿੱਗ ਕੇ ਨਾ ਮਰ ਜਾਈਏ,ਬਾਬਲ ਖੰਭ ਤਕੜੇ ਕਰੀਂ
          ਅਸੀਂ ਜੀਂਦੀਆਂ ਨਾ ਸੜ ਜਾਈਏ,ਬਾਬਲ ਹੱਥ ਤਕੜੇ ਕਰੀਂ
ਬਾਬਲ:  ਧੀਆਂ ਧਿਰ ਕਮਜ਼ੋਰ ਬੱਚੀ ਕਿਵੇਂ ਖੰਭ ਤਕੜੇ ਕਰਾਂ?
           ਜੱਗ ਬਾਹਲਾ ਕਠੋਰ ਬੱਚੀ ਕਿਵੇਂ ਹੱਥ ਤਕੜੇ ਕਰਾਂ?
ਕੁੜੀਆਂ: ਸਾਨੂੰ ਵਿਦਿਆ ਪੜ੍ਹਾ ਦੇ ਵੇ ! ਮੈਂ ਜੱਗ ਨੂੰ ਪਛਾਣ ਲਓੂਂ
           ਫਿਰ ਧੋਖਾ ਨਾ ਖਾਵਾਂਗੀ, ਚੰਗਾ ਮੰਦਾ ਜਾਣ  ਲਓੂਂ
           ਸਾਡੀ ਜੂਨ ਸੁਧਰ ਜਾਓੂ ,ਤੇਰਾ  ਜੱਸ ਨਿੱਤ ਗਾਣਾ
           ਸਾਡਾ ਚਿੜੀਆਂ ਦਾ ਚੰਬਾ ਵੇ ! ਬਾਬਲ ਅਸੀਂ ਉਡ ਵੇ ਜਾਣਾ..
           ਸਾਡੀ ਲੰਬੀ ਉਡਾਰੀ ਵੇ ! ਬਾਬਲ ਕਿਹੜੇ ਦੇਸ ਜਾਣਾ
        
          ਮਾਏ ਦਾਜ ਨੀਂ ਜੋੜਦੀਏ, ਨੀਂ! ਇਕ ਮੇਰੀ ਅਰਜ਼ ਸੁਣੀਂ
           ਚੰਗਾ ਘਰ-ਵਰ ਟੋਲਦੀਏ, ਨੀਂ! ਇਕ ਮੇਰੀ ਅਰਜ਼ ਸੁਣੀਂ
 ਮਾਂ:      ਮੇਰੀ ਕੁਖ ਦੀਏ ਜਾਈਏ, ਨੀਂ! ਸਦਾ ਸੁਖੀ ਰਹਿ ਬੱਚੀਏ
           ਮਾਂ  ਤੈਥੋਂ ਸਦਕੇ ਨੀਂ ! ਮੁਖੋਂ  ਕੁਝ  ਕਹਿ  ਬੱਚੀਏ
 ਕੁੜੀਆਂ: ਗਹਿਣੇ ਅੱਖਰਾਂ ਦੇ ਪਾ ਦੇ ਨੀਂ! ਇਹਨਾਂ ਨਾਲ ਝੋਲ਼ ਭਰੀਂ
          ਹੱਥ ਅੱਡਾਂ ਨਾ ਕਿਸੇ ਮੂਹਰੇ, ਏਨੇ ਜੋਗੀ ਮੈਨੂੰ ਕਰੀਂ
         ਤੇਰਾ ਬਾਕੀ ਦਾ ਨਿੱਕ-ਸੁੱਕ ਨੀਂ! ਮੇਰੇ ਕੰਮ ਨਾ ਆਣਾ
         ਸਾਡਾ ਚਿੜੀਆਂ ਦਾ ਚੰਬਾ ਵੇ ! ਬਾਬਲ ਅਸੀਂ ਉਡ ਵੇ ਜਾਣਾ..
          ਸਾਡੀ ਲੰਬੀ ਉਡਾਰੀ ਵੇ ! ਬਾਬਲ ਕਿਹੜੇ ਦੇਸ ਜਾਣਾ
       
         ਸਾਨੂੰ ਵਿਦਿਆ ਪੜ੍ਹਾ ਦੇ ਵੇ! ਬਾਬਲ ਤੇਰਾ ਪੁੰਨ ਹੋਵੇ
         ਜੀਣ-ਜੋਗੀਆਂ ਬਣਾ ਦੇ ਵੇ!ਬਾਬਲ ਤੇਰਾ ਪੁੰਨ ਹੋਵੇ
         ਫਿਰ ਬਣ ਪਰਦੇਸਣਾਂ ਵੇ! ਤੇਰੇ ਘਰੋਂ ਤੁਰ ਜਾਣਾ
        ਸਾਡੀ ਲੰਬੀ ਉਡਾਰੀ ਵੇ ! ਬਾਬਲ ਕਿਹੜੇ ਦੇਸ ਜਾਣਾ
        ਸਾਡਾ ਚਿੜੀਆਂ ਦਾ ਚੰਬਾ ਵੇ ! ਬਾਬਲ ਅਸੀਂ ਉਡ ਵੇ ਜਾਣਾ..