Wednesday 16 January 2013

ਆਇਐ ਹਨ੍ਹੇਰਾ ਸਾਹਮਣੇ



ਆਇਐ ਹਨ੍ਹੇਰਾ  ਸਾਹਮਣੇ, ਜਦ  ਵੀ  ਤਲਾਸ਼ ਵਿੱਚ
ਬਲ ਕੇ ਮੈਂ  ਜੁਗਨੂੰ ਹੋ ਗਈ , ਉੱਡੀ  ਆਕਾਸ਼ ਵਿੱਚ

ਨਜ਼ਰਾਂ 'ਚ, ਹੋਂਠਾਂ ਵਿੱਚ , ਮੇਰੇ  ਹਰ  ਸੁਆਸ  ਵਿੱਚ
ਸ਼ਾਮਿਲ ਹੈ ਉਹਦੀ  ਚਾਸ਼ਨੀ , ਮੇਰੀ  ਮਿਠਾਸ ਵਿੱਚ

ਉਹਦੀ  ਨਜ਼ਰ  ਜੇ ਆਏ, ਤਾਂ  ਵਾਪਿਸ  ਨਾ ਜਾ ਸਕੇ
ਸਖੀਓ!ਮੈਂ ਕੀ ਕੀ ਜੜ ਲਵਾਂ ਆਪਣੇ ਲਿਬਾਸ ਵਿੱਚ

ਨਦੀਆਂ   ਨੂੰ   ਡੀਕਿਐ , ਕਦੀ  ਰੇਤੇ   ਨੂੰ   ਚੂਸਿਐ
ਆਏ   ਨੇ   ਉਹ   ਮੁਕਾਮ  ਵੀ  ਮੇਰੀ ਪਿਆਸ ਵਿੱਚ

ਮੈਂ   ਉਹਦੀ  ਬੰਸਰੀ  ਦਿਆਂ  ਪੋਰਾਂ  'ਚ   ਲੁਕ ਗਈ
ਉਹ  ਮੈਨੂੰ  ਭਾਲਦਾ  ਰਿਹਾ ,ਗੋਕਲ ਦੀ ਰਾਸ ਵਿੱਚ

ਸ਼ਾਇਰ  ਬਣਨਗੇ,  ਜਾਂ  ਕਿਤੇ  ਮਹਿਬੂਬ  ਬਣਨਗੇ
ਜਿੰਨੇ  ਵੀ  ਲੋਕ  ਮਰ  ਗਏ,  ਮੌਸਮ  ਉਦਾਸ ਵਿੱਚ

ਰਾਤੀਂ  ਤੁਸੀਂ  ਝੂਮੇ ਸੀ, ਜਿਸ  ਛਣਕਾਰ  ਨੂੰ  ਸੁਣਕੇ

ਛਣਕੇ ਸੀ ਉਹ ਅੱਥਰੂ ਮੇਰੇ, ਕੱਚ ਦੇ ਗਲਾਸ ਵਿੱਚ

ਮਰਾਂ ਤਾਂ ਇਓਂ ਮਰਾਂ



ਮਰਾਂ ਤਾਂ ਇਓਂ  ਮਰਾਂ  ਜ਼ਿੰਦਗੀ  ਫਲਾਂ ਦਾ  ਬਾਗ ਲੱਗੇ
ਜਲਾਂ ਤਾਂ  ਇਓਂ   ਜਲਾਂ  ਮੇਰਾ  ਸਿਵਾ   ਚਿਰਾਗ  ਲੱਗੇ


ਧਰਾਂ   ਇਓਂ   ਸਰਗ਼ਮਾਂ ,  ਹਨ੍ਹੇਰਿਆਂ  ਦੇ    ਹੋਂਠਾਂ  'ਤੇ
ਕਿ ਮੇਰਾ  ਮਰਸੀਆ  ਦੁਨੀਆਂ  ਨੂੰ  ਕੋਈ  ਰਾਗ ਲੱਗੇ

ਜੇ ਮੁਕਤੀ  ਦੇਣੀ  ਨਹੀਂ , ਫਿਰ ਏਨਾ ਤਾਂ ਵਰਦਾਨ ਦੇ
ਆਉਣ  ਦਾ ਚਾਅ  ਚੜ੍ਹੇ, ਨਾ ,ਜਾਣ  ਦਾ ਵਰਾਗ  ਲੱਗੇ


ਜਿਹਨੇ ਤਕਦੀਰ ਨਹੀਂ ਤਦਬੀਰ ਬੰਨੀ੍  ਚੁੰਨੀ ਵਿੱਚ
ਭਲਾ ! ਉਹਦਾ ਕੀ  ਬੰਨੇ ਬੋਲਦਾ ਫਿਰ ਕਾਗ  ਲੱਗੇ ?


ਮੇਰੇ  ਹਰ   ਹੰਝੂ  ਨੂੰ  ਪਲਕਾਂ  ਨਾ'  ਪੂੰਝਿਆ  ਜਿਸਨੇ
 ਕਦੀ ਉਹ  ਰੱਬ   ਲੱਗੇ  ਮੈਨੂੰ , ਕਦੀ  ਸੁਹਾਗ ਲੱਗੇ


ਤੇਰਾ  ਨਾਂ  ਲੈ   ਕੇ  ਮੈਂ  ਧਰਤੀ  ਨੂੰ  ਅਰਘ  ਦੇਣਾ ਹੈ
ਕਿ  ਮੈਨੂੰ   ਚੰਦ ਤਾਂ  ਅੰਬਰ 'ਤੇ   ਗੋਰਾ ਦਾਗ ਲੱਗੇ

ਗ਼ਜ਼ਲ  ਦੀ  ਤਲੀ  'ਤੇ  ਟਿਕਣੇ ਨੇ ਪੇੜੇ  ਮੱਖਣ ਦੇ
ਹੁਨਰ  ਦੇ  ਦੁੱਧ   ਨੂੰ ਜੇ   ਹੰਝੂਆਂ  ਦਾ  ਜਾਗ ਲੱਗੇ

Tuesday 8 January 2013

ਤੜਪਦਾ ਹੈ ਕੁਆਰਾ ਖ਼ਾਬ ਕੋਈ

           

ਤੜਪਦਾ  ਹੈ    ਕੁਆਰਾ  ਖ਼ਾਬ   ਕੋਈ    ਆਂਦਰਾਂ ਹੇਠਾਂ
ਜਗਦਾ  ਧਰ  ਗਿਆ  ਹੈ  ਦੀਪ   ਕੋਈ   ਪਾਣੀਆਂ ਹੇਠਾਂ


ਉਹ ਸੁਫ਼ਨੇ ਵਿੱਚ ਮਿਲ ਲੈਂਦੇ ਨੇ ਸਾਰੇ ਟੱਪ ਕੇ ਪਹਿਰੇ
ਜੋ  ਲੋਕਾਂ  ਨੂੰ  ਦਿਸਣ   ਰਾਤਾਂ  ਨੂੰ  ਸੁੱਤੇ  ਚਾਦਰਾਂ ਹੇਠਾਂ


ਘੁੰਗਰੂ  ਤਾਂ  ਅਦਾਕਾਰੀ ਨੇ  ਕਰਦੇ ਥਰਥਰਾਵਣ ਦੀ
ਛਣਕਦੇ  ਨੇ  ਸਦਾ  ਹੀ   ਜ਼ਖਮ ਕੋਈ   ਝਾਂਜਰਾਂ ਹੇਠਾਂ


ਹੁਨਰ  ਨਿੱਘ ਦੇਣ ਦਾ ਦਿੱਤਾ ਹੈ ਧੁੱਪਾਂ ਨੂੰ ਮੁਹੱਬਤ ਨੇ
ਬਲਦੀ   ਹੈ   ਖ਼ਤਾਂ  ਦੀ   ਪੰਡ   ਕੋਈ   ਸੂਰਜਾਂ   ਹੇਠਾਂ


ਥਲਾਂ ਨੇ ਸੋਕ ਲਏ ਜਿਸਮਾਂ 'ਚੋਂ ਭਾਵੇਂ ਆਖਰੀ ਪਾਣੀ
ਵਗਦੀ  ਹੈ  ਦਿਲਾਂ  ਦੀ  ਕੂਲ੍ਹ   ਕੋਈ   ਪੱਥਰਾਂ   ਹੇਠਾਂ


ਮੈਂ  ਜੋਗਣ ਹੋ ਕੇ  ਹੱਥਾਂ ਵਿੱਚ ਮਾਲਾ ਫੜ ਲਈ ਭਾਵੇਂ
ਤੇਰਾ ਹੀ ਨਾਮ ਲਿਖਿਆ ਹੈ ਮੈਂ ਸਾਰੇ ਮਣਕਿਆਂ ਹੇਠਾਂ


ਹੱਸਦਾ  ਹੈ  ਜਿਗਰ ਵਾਲਾ  ਕੋਈ  ਤੱਤੀ ਤਵੀ  ਉਤੇ
ਰੋਂਦੀ ਹੈ  ਸਿਰਾਂ   ਦੀ  ਭੀੜ  ਕੋਈ   ਛਤਰੀਆਂ ਹੇਠਾਂ।

ਉਡੀਕਾਂ ਸੁਰਮਈ ਰੱਖਣਾ,ਬਰੂਹਾਂ ਕਿਰਮਚੀ ਕਰਨਾ



ਨਾ  ਬਹੁਤੀ ਦੁਸ਼ਮਣੀ ਕਰਨਾ, ਨਾ ਬਹੁਤੀ ਦੋਸਤੀ ਕਰਨਾ
ਕਦੀ   ਜੇ   ਹੋ ਸਕੇ  ਤਾਂ ਰਿਸ਼ਤਿਆਂ  ਦੀ ਸ਼ਾਇਰੀ ਕਰਨਾ


ਬੜੇ   ਡੂੰਘੇ  ਤਲਾਅ  ਨੇ, ਅਕਸ  ਉੱਤੋਂ  ਹੀ  ਦਿਖਾਉਂਦੇ ਨੇ
ਨਾ ਲਹਿਣਾ ਵਿੱਚ ਇਹਨਾਂ ਦੇ, ਨਾ ਏਦਾਂ ਖੁਦਕਸ਼ੀ ਕਰਨਾ


ਪਤਾ ਕੀ ਹੈ? ਕਦੋਂ ਪਰਦੇਸ ਵਿੱਚ  ਵਤਨਾਂ ਦੀ ਤੇਹ ਲੱਗੇ
ਖੂਹੀ    ਪਿੰਡ   ਦੀ   ਕੋਲੇ ,  ਰਾਤ   ਨੂੰ   ਰੌਸ਼ਨੀ    ਕਰਨਾ


ਜਦੋਂ  ਕਰਨਾ  ਪਵਿੱਤਰ  ਜਜ਼ਬਿਆਂ  ਦੀ  ਬੰਦਗੀ ਕਰਨਾ
ਅੱਖਾਂ   ਸ਼ਬਨਮੀ  ਰੱਖਣਾ  ਤੇ  ਨਜ਼ਰਾਂ  ਸ਼ਰਬਤੀ ਕਰਨਾ


ਮਿਲੇਗਾ ਕੀ ਤੁਹਾਨੂੰ ? ਪੂਜ ਕੇ ਪੱਥਰਾਂ ਨੂੰ, ਮੜ੍ਹੀਆਂ ਨੂੰ ?
ਜੇ ਕਰਨਾ ਤਾਂ  ਬਲੌਰੀ  ਅੱਖੀਆਂ ਦੀ ਆਰਤੀ  ਕਰਨਾ


ਨਾ  ਆਪਣੇ  ਅੰਦਰੋਂ ਅਹਿਸਾਸ ਦੀ ਰੰਗਤ ਉਡਾ ਲੈਣਾ
ਉਡੀਕਾਂ  ਸੁਰਮਈ  ਰੱਖਣਾ, ਬਰੂਹਾਂ  ਕਿਰਮਚੀ ਕਰਨਾ


ਨਾ ਭਰਨਾ ਹੰਝੂਆਂ ਦੇ  ਨਾਲ, ਉਮਰਾਂ  ਦੇ  ਕਟੋਰੇ  ਨੂੰ
ਕਿਸੇ  ਸੂਹੀ  ਜਿਹੀ  ਮੁਸਕਾਨ  ਦੀ ਖੇਤੀ ਹਰੀ ਕਰਨਾ


ਜ਼ਿੰਦਗੀ ਸਮਝ ਕੇ ਪੱਥਰ, ਨਾ ਐਵੇਂ  ਵਿਲਕਦੇ ਰਹਿਣਾ
ਘੜਨਾ  ਮੂਰਤੀ   ਕੋਈ , ਕੋਈ   ਕਾਰੀਗਰੀ   ਕਰਨਾ ।