Sunday 23 June 2013

ਰਾਤ ਨੂੰ ਜੋ ਜਗ ਪਿਆ ਸੀ




ਰਾਤ ਨੂੰ ਜੋ ਜਗ ਪਿਆ ਸੀ, ਜੁਗਨੂੰਆਂ  ਦੇ ਨਾਲ ਨਾਲ।
ਓਸ   ਸੂਰਜ  ਨੇ  ਜਿਉਣੈਂ  ਧੜਕਣਾਂ  ਦੇ ਨਾਲ ਨਾਲ ।

 

ਬੇਵਿਸਾਹੀ   ਦਾ   ਸਮੁੰਦਰਬੇਵਫਾਈ   ਦੇ  ਭੰਵਰ,
ਫੇਰ ਵੀ  ਕੰਢੇ 'ਤੇ ਆਉਣੈਂ  ਤਿਣਕਿਆਂ ਦੇ ਨਾਲ ਨਾਲ।

ਤੈਨੂੰ  ਲੱਗੇ  ਸੇਕ  ਮੈਂ  ਸਾਰੀ  ਦੀ  ਸਾਰੀ ਪਿਘਲ ਜਾਂ,
ਇਸ ਤਰ੍ਹਾਂ ਨਿਭਣੀ ਮੁਹੱਬਤ, ਫੇਰਿਆਂ  ਦੇ ਨਾਲ ਨਾਲ।

ਰੋਵੇ  ਦਿਲ  ਤੇ  ਜ਼ੇਹਨ  ਹੱਸੇ  ਧੀ  ਦੀ  ਡੋਲੀ ਤੋਰ ਕੇ,
ਇਸ ਤਰ੍ਹਾਂ  ਵੱਸਦੇ  ਨੇ ਹਾਸੇ , ਹੰਝੂਆਂ ਦੇ ਨਾਲ ਨਾਲ।

ਅਣਖ ਲਈ ਵੱਢ ਕੇ ਜੋ ਦੱਬੀ,ਉਸ ਕੁੜੀ ਦੀ ਕਬਰ 'ਚੋਂ
ਉੱਠ  ਰਹੀਆਂ ਨੇ ਦੁਆਵਾਂ  ਸਿਸਕੀਆਂ ਦੇ ਨਾਲ ਨਾਲ।

ਕਿਹੜਿਆਂ ਗਗਨਾਂ'ਤੇ ਵਸਨੈਂ ? ਕੋਈ ਤਾਂ ਝਲਕਾਰ ਦੇ,
ਮੈਂ ਬੜਾ ਲੱਭਿਆ ਹੈ  ਤੈਨੂੰ, ਤਾਰਿਆਂ  ਦੇ ਨਾਲ  ਨਾਲ।

ਗ਼ਜ਼ਲ ਲਿਖਣੀ ਇੰਜ ਹੈ, ਸੋਨੇ 'ਚੋਂ  ਘੜਨੀ ਟੂੰਮ ਜਿਉਂ,
ਮੱਚਣਾ  ਪੈਂਦਾ ਹੈ   ਮਘਦੇ  ਅੱਖਰਾਂ  ਦੇ  ਨਾਲ  ਨਾਲ।

ਚੱਲ ! ਪਰਤ ਚੱਲੀਏ

      
ਚੱਲ! ਪਰਤ ਚੱਲੀਏ
ਉਮਰਾਂ ਦੀ ਕੁੰਜ ਲਾਹ ਕੇ  
ਅਨੁਭਵ ਦੇ ਤਾਜ ਉਤਾਰ ਕੇ
ਉਸ ਕੱਚ-ਕੁਆਰੀ ਰੁੱਤ ਵੱਲ
ਜਦੋਂ ਝੱਲ-ਵਲੱਲੀਆਂ ਮਾਰਦੇ
ਆਪਾਂ ਸੱਚ ਦੇ ਹਾਣੀ ਹੋ ਜਾਂਦੇ.

 ਚੱਲ ! ਪਰਤ ਚੱਲੀਏ
ਉਸ ਤਾਂਬੇ-ਰੰਗੀ ਦੁਪਹਿਰ ਵੱਲ
ਜਦੋਂ ਤੇਰੀ ਸੱਜਰੀ ਪੈੜ ਦਾ ਰੇਤਾ
ਮੇਰੀ ਹਿੱਕ ਨਾਲ ਲੱਗ ਕੇ ਠੰਢਾ ਠਾਰ ਹੋ ਜਾਂਦਾ
ਤੇ ਮੈਂ ਤਪਦੇ ਥਲਾਂ ਵਿੱਚ
ਕਣੀਆਂ ਦੀ ਫਸਲ ਬੀਜ ਦਿੰਦੀ

 ਚੱਲ ! ਪਰਤ ਚੱਲੀਏ
ਉਸ ਸੋਨ-ਸੁਨਹਿਰੀ ਸ਼ਾਮ ਵੱਲ
ਜਦੋਂ ਮੇਰੇ ਚਰਖੇ ਦੀ ਘੁਕਰ ਸੁਣ ਕੇ
ਤੂੰ ਸਾਲਮ ਦਾ ਸਾਲਮ ਪਹਾੜੀ ਜੋਗੀ ਹੋ ਜਾਂਦਾ
ਤੇ ਮੈਂ ਮੁਹੱਬਤ ਦੇ ਸਾਰੇ ਗਲੋਟੇ
ਤੇਰੇ ਕਰਮੰਡਲ ਵਿੱਚ ਪਾ ਦਿੰਦੀ 

ਚੱਲ! ਪਰਤ ਚੱਲੀਏ
ਉਸ ਉਦਾਸ ਸਾਂਵਲੀ ਰਾਤ ਵੱਲ
ਜਦੋਂ ਛੱਤ 'ਤੇ ਲੇਟਿਆਂ, ਅਸਮਾਨ ਮੈਨੂੰ
ਨੀਲੇ  ਕਾਗ਼ਜ਼ 'ਤੇ ਲਿਖਿਆ ਤੇਰਾ ਖ਼ਤ ਲੱਗਦਾ
ਤੇ ਮੈਂ ਤਾਰਿਆਂ ਦੇ ਹਰਫ ਪੜ੍ਹਦੀ ਪੜ੍ਹਦੀ
ਏਨਾ ਲੰਮਾ ਖ਼ਤ ਲਿਖਣ ਵਾਲੇ ਤੇਰੇ ਹੱਥ  ਟੋਲਦੀ ਰਹਿੰਦੀ
 
ਚੱਲ! ਪਰਤ ਚੱਲੀਏ
ਉਸ ਸੰਗਦੀ ਜਿਹੀ ਸੁਬਾਹ ਵੱਲ
ਜਦੋਂ ਤੇਰੀਆਂ ਸੂਰਜੀ ਨਿਗਾਹਾਂ ਪੈਂਦਿਆਂ ਹੀ
ਮੇਰੇ ਬਰਫ-ਰੰਗੇ ਚਿਹਰੇ 'ਤੇ ਕਸੁੰਭੜਾ ਬਿਖਰ ਜਾਂਦਾ
ਤੇ ਮੇਰੀਆਂ ਸਾਰੀਆਂ ਟਹਿਣੀਆਂ ਉਤੇ
ਹਸਰਤਾਂ ਦੀਆਂ ਚਿੜੀਆਂ ਚਹਿਕਣ ਲੱਗਦੀਆਂ

ਕਿ ਜ਼ਿੰਦਗੀ ਤਾਂ ਉਹੀ  ਹੁੰਦੀ ਹੈ
ਜਦੋਂ ਚਿੜੀਆਂ ਚਹਿਕਦੀਆਂ ਨੇ
ਕਿ ਜ਼ਿੰਦਗੀ ਤਾਂ ਉਹੀ ਹੁੰਦੀ ਹੈ
ਜਦੋਂ ਸਰਘੀਆਂ ਮਹਿਕਦੀਆਂ ਨੇ

Thursday 20 June 2013

ਆਓ ਮੁਹੱਬਤਾਂ ਭੇਜੀਏ !

             

ਆਓ ਨਾ ! ਚਿੱਠੀਆਂ   ਭੇਜੀਏ  ਮੁਹੱਬਤਾਂ ਵਿੱਚ ਗੁੰਨ੍ਹ  ਕੇ
ਆਓ  ਮੁਹੱਬਤਾਂ  ਭੇਜੀਏ !  ਸੱਤਾਂ  ਸੁਰਾਂ  ਵਿੱਚ   ਬੰਨ੍ਹ ਕੇ
ਕਿ ਨਫਰਤਾਂ ਦੇ ਸੇਕ ਨੇ , ਖੁਸ਼ੀਆਂ  ਦਾ ਪਿੰਡਾ ਪੀੜਿਆ
ਕੰਡਿਆਲੀਆਂ  ਵਾੜਾਂ  ਨੇ ਤਾਂ ਵਸਲਾਂ ਦਾ ਬੂਹਾ ਭੀੜਿਆ

ਆਓ ਨਾ ਭੇਲੀ ਭੇਜੀਏ, ਗੁੜ ਦੀ ਸ਼ਗਨ ਦੀ, ਅਮਨ ਦੀ
ਭਾਜੀ  ਨਹੀਂ  ਪਾਉਣੀ  ਅਸਾਂ , ਭਾਜੀ  ਤੁਸੀਂ ਨਾ ਮੋੜਿਓ !
ਆਓ ਨਾ  ਛਿੱਟੇ   ਮਾਰੀਏ !  ਪਰਮਾਣੂੰਆਂ  ਦੀ  ਤਪਸ਼ 'ਤੇ
ਜ਼ਿੰਦਗੀ ਦੀ ਡੋਲੀ ਸੋਹਣਿਓ! ਸਿਵਿਆਂ ਦੇ ਰਾਹ ਨਾ ਤੋਰਿਓ!

ਆਓ ਨਾ ਕਰਵਾ-ਚੌਥ ਨੂੰ, ਮਿੱਠਤ ਦੀ ਸਰਘੀ ਭੇਜੀਏ
ਆਓ ਸਿਤਾਰੇ ਮਣਸੀਏ , ਰੋਸੇ  ਦਾ  ਵਰਤ   ਤੋੜੀਏ
ਆਓ ਨਾ ਸਾਹਵੇਂ ਰੱਖੀਏ, ਰੂਹਾਂ  ਦੀ  ਸੁੱਚੀ ਛਾਨਣੀ
ਟੁੱਟੇ  ਹੋਏ  ਚੰਦ  ਨੂੰ  ਦੇ ਕੇ  ਅਰਘ  ਫਿਰ  ਜੋੜੀਏ

  

ਆਓ  ਨਾ ਰਲ ਕੇ ਖੇਡੀਏ ! ਆਓ ਨਾ ਪਾਈਏ ਆੜੀਆਂ
ਅੰਬਾਂ ਉੱਤੇ,ਬੰਬਾਂ  ਦੀਆਂ  ਛਾਵਾਂ  ਨੇ  ਹੁੰਦੀਆਂ ਮਾੜੀਆਂ
ਆਓ ਨਾ ਦੇਸਾਂ  ਵਾਲਿਓ !  ਆਓ  ਵਿਦੇਸ਼ਾਂ  ਵਾਲਿਓ!
ਸੰਭਲੋ  ਵੇ ਆਰ  ਵਾਲਿਓ ! ਸੰਭਲੋ  ਵੇ ਪਾਰ ਵਾਲਿਓ!




ਤਲੀਆਂ 'ਤੇ ਮਹਿੰਦੀ ਦੀ ਜਗਾਹ,ਅੰਗਿਆਰੀਆਂ ਨਾ ਧਰ ਦਿਓ
ਬਾਲਾਂ  ਦਿਆਂ  ਨੈਣਾਂ  'ਚ  ਨਾ , ਬਾਰੂਦ-ਸੁਰਮਾ   ਭਰ  ਦਿਓ
ਹਾੜ੍ਹਾ ਵੇ ! ਰੱਬ  ਦਾ ਵਾਸਤਾ! ਅੰਬਰ  ਨਾ ਕਤਲ ਕਰ ਦਿਓ
ਵੱਡੇ  ਪੁਲਾੜਾਂ  ਵਾਲਿਓ  ! ਧਰਤੀ   ਨਾ ਵਿਧਵਾ ਕਰ  ਦਿਓ

ਆਓ  ਨਾ   ਸੋਚਾਂ  ਫੋਲੀਏ  !   ਆਓ   ਨਾ  ਗੰਢਾਂ   ਖੋਲ੍ਹੀਏ
ਸਰਹੱਦਾਂ  ਦੀ ਸਰਦਲ  ਉੱਤੇ , ਚੌਲਾਂ  ਦੀ ਮੁੱਠੀ ਡੋਲ੍ਹੀਏ
ਰਿਸ਼ਤਿਆਂ ਦੇ ਜ਼ਖਮਾਂ 'ਤੇ  ਬੱਦਲਾਂ ਦੇ ਫੈਹੇ ਧਰ ਦਈਏ
ਜ਼ਿੰਦਗੀ ਨੂੰ   ਫੇਰ   ਆਪਾਂ   ਜੀਣ-ਜੋਗੀ  ਕਰ  ਦਈਏ