ਬੱਦਲਾ ਛੈਲ-ਛਬੀਲਿਆ !
From Ravinder Ravi’s Videos : Reading Badla Shail Shablleeia in Sahit Sabha Surrey’s Meeting:
ਬੱਦਲਾ ਛੈਲ-ਛਬੀਲਿਆ !
From Ravinder Ravi’s Videos : Reading Badla Shail Shablleeia in Sahit Sabha Surrey’s Meeting:
ਜਦੋਂ ਔੜ ਨੇ ਧਰਤੀ ਦੇ ਸਾਹ ਸੁਕਾ ਦਿੱਤੇ ਹੋਣ,ਗਰਮੀ ਨੇ ਅੱਤ ਚੱਕ ਦਿੱਤੀ ਹੋਵੇ, ਸੁੱਕੇ ਪੱਤੇ ਬਿਰਖਾਂ ਨਾਲੋਂ ਟੁੱਟ ਕੇ ਪੌਣਾਂ ਵਿਚ ਖੜ-ਖੜ ਕਰਦੇ ਫਿਰਦੇ ਹੋਣ,ਤਿਹਾਈਆਂ ਅੱਖਾਂ ਮੁੜ ਮੁੜ ਅੰਬਰਾਂ ਵਿਚੋਂ ਕਾਲੀ ਘਟਾ ਤਲਾਸ਼ ਰਹੀਆਂ ਹੋਣ,ਇਹੋ ਜਿਹੇ ਸਮਿਆਂ ਵਿਚ ਅਸਮਾਨ ਤੇ ਛਾ ਗਿਆ ਬੱਦਲ ਕਿਸੇ ਲਾੜੇ ਵਾਂਗ ਹੀ ਲੱਗਦੈ ਜੋ ਧਰਤੀ ਨੂੰ ਵਿਆਹ ਕੇ ਉਹਦੀ ਪਿਆਸ ਬੁਝਾਉਣ ਆਇਆ ਹੋਵੇ
ਬੱਦਲਾ ਛੈਲ-ਛਬੀਲਿਆ ! ਕਿਹੜੇ ਗਿਰਾਂ ਤੋਂ ਚੱਲਿਐਂ ?
ਕਿਸ ਜਲ-ਪਰੀ ਨੇ ਪਿਆਰ ਦੀ ਗਾਗਰ ਚੁਕਾ ਕੇ ਘੱਲਿਐਂ ?
ਕਿਸ ਦਿਸ਼ਾ ਮਾਂ ਦੇ ਵਾਂਗਰਾਂ ਸ਼ਗਨਾਂ ਦੇ ਗੁੜ ਨੂੰ ਭੋਰਿਆ ?
ਕਿਸ ਭੈਣ ਤੈਨੂੰ ਪੌਣ ਦੀ ਘੋੜੀ ਚੜ੍ਹਾ ਕੇ ਤੋਰਿਆ ?
ਪਰਬਤ ਬਾਬਲ ਦਾ ਪਿਆਰ ਸਿਰ 'ਤੇ ਧਰ ਕੇ ਆ ਗਿਐਂ
ਨੈਣਾਂ ‘ਚ ਖੁਸ਼ੀਆਂ ਦਾ ਸਮੁੰਦਰ ਭਰ ਕੇ ਆ ਗਿਐਂ
ਜਿੱਥੇ ਵੀ ਡੁੱਲ੍ਹਦੈਂ , ਧਰਤ ਸਾਵੀ ਰੰਗ ਦਿੰਦਾ ਹੈਂ
ਧੁੱਪ ਦੇ ਜੂੜੇ ‘ਚ ਕਿਣਮਿਣ ਟੰਗ ਦਿੰਦਾ ਹੈਂ
ਅੰਨ ਦਿੰਦਾ ਹੈਂ , ਤੂੰ ਖੀਰਾਂ-ਖੰਡ ਦਿੰਦਾ ਹੈਂ
ਗੁੰਗੀਆਂ ਜੀਭਾਂ ਨੂੰ , ਹੇਕਾਂ ਵੰਡ ਦਿੰਦਾ ਹੈਂ
ਸਾਂਵਲੇ ਸਲੋਨਿਆ ! ਲਹਿਰਾ ਕੇ ਆ ਗਿਉਂ
ਕਣੀਆਂ ਦਾ ਸਿਹਰਾ ਮੱਥੇ 'ਤੇ ਸਜਾ ਕੇ ਆ ਗਿਉਂ
ਗਲ ਵਿੱਚ ਬਿਜਲੀਆਂ ਦਾ ਕੈਂਠਾ ਪਾ ਕੇ ਆ ਗਿਉਂ
ਭਾਬੀਆਂ ਦੇ ਸੁਰਮੇ ਨੂੰ ਮਟਕਾ ਕੇ ਆ ਗਿਉਂ
ਤੇਰੇ ਉਤਾਰੇ ਵਾਸਤੇ ਸਜੀਆਂ ਨੇ ਮਹਿਫਲਾਂ
ਸਾਵਣ ਦੇ ਮੇਲੇ, ਗਲੀਆਂ ਦੇ ਵਿੱਚ ਬਾਲ-ਟੋਲੀਆਂ
ਸੁੱਕੇ ਪੱਤਿਆਂ ਦੀ ਝਾਂਜਰ ਪਾ ਕੇ ਪੌਣਾਂ ਨਿੱਕਲੀਆਂ
ਵਰੀ ਦੇ ਤਿਉਰ ਪਹਿਨ ਕੇ ਉਡ ਰਹੀਆਂ ਤਿਤਲੀਆਂ
ਤੇਰੇ ਆਉਣ 'ਤੇ ਰੰਗ ਰਚਣੈਂ ਇਸ ਕਾਇਨਾਤ ਵਿੱਚ
ਫੁੱਲਾਂ ਨੇ ਖਿੜ -ਖਿੜ ਹੱਸਣੈਂ ਧਰਤੀ ਪਰਾਂਤ ਵਿੱਚ
ਮੋਰਾਂ ਨੇ ਛਮ ਛਮ ਨੱਚਣੈਂ ਤੇਰੀ ਬਰਾਤ ਵਿੱਚ
ਕਿਸੇ ਗੀਤ ਨੇ ਘੁੰਡ ਚੱਕਣੈਂ ਦਿਲ ਦੀ ਸਬਾਤ ਵਿੱਚ
ਵਰ੍ਹ ਜਾ ! ਕਿ ਹੁਣ ਤਾਂ ਅਗਨ ਨੇ ਰੂਹਾਂ ਨੂੰ ਰਾੜ੍ਹਿਆ
ਕਿ ਜੱਗ ਨੇ ਗੁੱਡੀਆਂ ਦੀ ਥਾਂ , ਕੁੜੀਆਂ ਨੂੰ ਸਾੜਿਆ
ਕਰ ਲੈ ਉਤਾਰੇ ਸੋਹਣਿਆ ! ਬਰਸਾਤਾਂ ਵਾਲਿਆ
ਸਾਵਣ ਸਿਹੁੰ ਦੇ ਪੁੱਤਰਾ ! ਧਰਤੀ ਦੇ ਲਾੜਿਆ !
No comments:
Post a Comment