ਮੌਤ ਦਾ ਜਸ਼ਨ ਮਨਾਉਂਦੇ ਪੱਤੇ
ਪਤਝੜ ਵਿੱਚ ਮੁਸਕਾਉਂਦੇ ਪੱਤੇ
ਲਾਲ, ਗੁਲਾਬੀ, ਕਿਤੇ ਨਰੰਗੀ
ਰੰਗਾਂ ਵਿੱਚ ਨਹਾਉਂਦੇ ਪੱਤੇ
ਆਉਂਦੀ ਰੁੱਤ ਨੂੰ ਸਜਦਾ ਕਰਦੇ
ਨਿੱਤ ਹੀ ਸ਼ਗਨ ਮਨਾਉਂਦੇ ਪੱਤੇ
ਕਿਰਨ- ਮਕਿਰਨੀਂ ਕਿਰਦੇ ਜਾਂਦੇ
ਪੌਣ 'ਚ ਪੈਲਾਂ ਪਾਉਂਦੇ ਪੱਤੇ
ਸੁੱਕ ਕੇ ਖੜ-ਖੜ ਕਰਦੇ ਫਿਰਦੇ
ਝਾਂਜਰ ਜਹੀ ਛਣਕਾਉਂਦੇ ਪੱਤੇ
ਮਰਨ ਦੇ ਵਿੱਚ ਵੀ ਸ਼ਾਨ ਬੜੀ ਹੈ
ਲੋਕਾ `ਵੇ ! ਸਮਝਾਉਂਦੇ ਪੱਤੇ
ਫਿਰ ਆਵਾਂਗੇ ਅਗਲੇ ਮੌਸਮ
ਚੱਲੇ ਗੀਤ ਸੁਣਾਉਂਦੇ ਪੱਤੇ
Very good
ReplyDelete