
ਫੋਨਾਂ ਦੀ ਟੁਣਕਾਰ ਵਿੱਚ
ਈ-ਮੇਲਾਂ ਦੀ ਰੁੱਤ ਵਿੱਚ
ਬੰਨ੍ਹ ਰਹੇ ਨੇ ਗੰਢੜੀਆਂ
ਸਭ ਖ਼ਤ ਗੁਲਾਬੀ ਰੰਗ ਦੇ
ਹਾਇ ਉਹ ਸ਼ਾਮਾਂ ਕਿਰਮਚੀ
ਜਦ ਭਾਲਣਾ ਵਰਕਾ ਕੋਈ
ਸੱਜਣਾਂ ਦੇ ਮੁਖ ਦੇ ਹਾਣ ਦਾ
ਸੁੰਝੇ ਜਿਹੇ ਕੋਨੇ ਦੇ ਵਿੱਚ
ਜਾ ਮਲਕੜੇ ਜਹੇ ਬੈਠਣਾ
ਸਿਆਹੀਆਂ ਹਰੀਆਂ ਨੀਲੀਆਂ
ਕਦੀ ਵੇਲ ਬੂਟੇ ਪਾਵਣੇ
ਕਦੀ ਟੱਪੇ ਕਿਤੇ ਸਜਾਵਣੇ
ਦੁਨੀਆਂ ਦਾ ਸਭ ਤੋਂ ਪਿਆਰਾ 'ਅੱਖਰ'
ਲਿਖਣਾ ਤੇ ਸ਼ਰਮਾਵਣਾ
ਦੰਦਾਂ 'ਚ ਕਲਮ ਨੱਪ ਕੇ
ਸੱਤ ਅੰਬਰੀਂ ਉੱਡ ਜਾਵਣਾ
ਪਰੀਆਂ ਦੇ ਨਕਸ਼ ਟੋਲਣਾ,
ਚੰਨ ਕੋਠੇ 'ਤੇ ਉਤਾਰਨਾ
ਚੀਰ ਕੇ ਦਿਲ ਆਪਣਾ
ਚਿੱਠੀ 'ਤੇ ਸੁੱਕਣਾ ਪਾਵਣਾ
ਫਿਰ ਨਿੱਕੀ ਜਿਹੀ ਬਿੜਕ 'ਤੇ
ਇਹਨੂੰ ਕਾਪੀ ਹੇਠ ਲੁਕਾਵਣਾ
ਕਾਗ਼ਜ਼ ਦੇ ਫੜਕਣ ਵਾਂਗ ਹੀ
ਖ਼ਰਗੋਸ਼ ਮਾਸੂਮ ਦਿਲ ਦਾ ਫੜਕਣਾ
ਹੱਥ ਏਧਰ ੳਧਰ ਮਾਰ ਕੇ
ਸਭ ਨੂੰ ਭੁਲੇਖੇ ਪਾਵਣਾ
ਲੈਣਾ ਲਿਫ਼ਾਫ਼ਾ ਹੱਟੀਉਂ
ਹਲਕੇ ਗੁਲਾਬੀ ਰੰਗ ਦਾ
ਇਤਰਾਂ ਦੇ ਗੜਵੇ ਛਿੜਕਣਾ,
ਰਿਸ਼ਮਾਂ ਦੀ ਡੋਰੀ ਬੰਨ੍ਹਣਾ
ਲੱਗਣਾ ਲੈਟਰ ਬਕਸ ਵੀ
ਕੋਈ ਮੇਘਦੂਤ ਦਿਲਾਂ ਦਾ
ਅੱਖਾਂ ਚੋਂ ਸ਼ਹਿਦ ਡੋਲ੍ਹ ਕੇ,
ਰੀਝਾਂ ਦਾ ਕੇਸਰ ਘੋਲ ਕੇ
ਸੌਂਪ ਦੇਣਾ ਉਹਨੂੰ ਚਿੱਠੀ
ਸੋਹਣੀ ਦਰਦ ਫ਼ਿਰਾਕ ਦੀ
ਜਿਉਂ ਕੱਚੇ ਦੁੱਧ ਦੇ ਨਾਲ ਰੱਜੀ
ਝੱਗੋ ਝੱਗ ਕੋਈ ਬਾਲਟੀ
ਜਿਉਂ ਸ਼ੱਕਰ ਭਰੀ ਪਰਾਤ ਕੋਈ
ਜਿਉਂ ਇਸ਼ਕ ਦੀ ਬਰਸਾਤ ਕੋਈ

ਹਾਂ ਬੰਨ੍ਹ ਰਹੇ ਨੇ ਗੰਢੜੀਆਂ
ਸਾਰੇ ਉਹ ਟੋਟੇ ਧੁੱਪ ਦੇ
ਸਾਈਕਲ ਦੀ ਟੱਲੀ ਸੁਣਦਿਆਂ
ਭੱਜ ਕੇ ਬੀਹੀ ਦੇ ਵਿੱਚ ਆਵਣਾ
ਝਾਂਜਰਾਂ ਵਗੈਰ ਹੀ
ਅੱਡੀਆਂ ਦਾ ਛਮ ਛਮ ਵੱਜਣਾ
ਡਾਕੀਏ ਦੀ ਤੋਰ 'ਚੋਂ
ਆਪਣੀ ਤਲਾਸ਼ ਲੱਭਣਾ
ਰੁਕਦਾ ਬਰੂਹੀਂ ਦੇਖ ਕੇ
ਬੱਸ ਬਾਂਵਰੇ ਹੋ ਜਾਵਣਾ

ਸੀਨੇ ਲਗਾਉਣਾ ਚੋਰੀਉਂ
ਮਾਹੀ ਦੀ ਭੇਜੀ ਪਾਤੜੀ
ਕੋਈ ਖ਼ਤ ਜੋ ਲਾਵੇ ਮਹਿੰਦੀਆਂ
ਕੋਈ ਖ਼ਤ ਜੋ ਬੰਨ੍ਹੇ ਮੌਲੀਆਂ
ਕੋਈ ਖ਼ਤ ਜੋ ਚਿੱਟੇ ਖੰਭਾਂ ਦੇ ਵਿੱਚ
ਮੋਤੀਆਂ ਨੂੰ ਗੁੰਦ ਕੇ
ਵਾਂਗ ਕਿਸੇ ਹੰਸ ਦੇ
ਰੂਹ ਦੇ ਸਰੋਵਰ ਉੱਤਰੇ
ਕੋਈ ਖ਼ਤ ਜੋ ਨੀਲੀ ਹਿੱਕ 'ਤੇ
ਲੈ ਤਾਰਿਆਂ ਦੇ ਕਾਫ਼ਿਲੇ
ਤਿੜਕੀ ਤਲੀ 'ਤੇ ਰੱਖ ਦੇਵੇ
ਸਾਬਤਾ ਅੰਬਰ ਕੋਈ
ਕੋਈ ਖ਼ਤ ਜਿਵੇਂ ਮੰਦਿਰ ਦੇ ਅੰਦਰ
ਪਾਲਾਂ ਦੀਵਿਆਂ ਦੀਆਂ
ਕਿਤੇ ਤੋਤਲੇ ਜਿਹੇ ਬਾਲ ਦੇ
ਝਰੀਟੇ ਕਾਂਗ-ਕਰੂੰਘੜੇ
ਕਿਤੇ ਮਾਂ ਦਿਆਂ ਹੱਥਾਂ 'ਚੋਂ ਕਿਰੀਆਂ ਲੋਰੀਆਂ ਦੀ ਬੰਸਰੀ
ਕਿਤੇ ਮਿੱਠੇ ਚੌਲਾਂ ਵਰਗੀਆਂ ਅਸੀਸਾਂ ਵੱਡਿਆਂ ਦੀਆਂ
ਕਿਤੇ ਗਿਲੇ ਸ਼ਿਕਵੇ ਰੋਸੜੇ
ਕਿਤੇ ਮਿੰਨਤਾਂ ਮਨੌਤੀਆਂ
ਕਦੇ ਭੋਗ ਕਿਧਰੇ ਸੋਗ ਵੀ
ਵਧਾਈਆਂ ਹਲਦੀ-ਭਿੱਜੀਆਂ
ਕਦੀ ਖ਼ਬਰ ਸੱਜਰੇ ਸਾਕਾਂ ਤੋਂ ਛੁਹਾਰਿਆਂ ਦੇ ਆਉਣ ਦੀ
ਹਾਂ ਬੰਨ੍ਹ ਰਹੇ ਨੇ ਗੰਢੜੀਆਂ
ਸਭ ਖ਼ਤ ਗੁਲਾਬੀ ਰੰਗ ਦੇ
ਕਰਦੇ ਰਹੇ ਨੇ ਜਿਹੜੇ ਹੁਣ ਤੱਕ ਰਿਸ਼ਤਿਆਂ ਦੀ ਆਰਤੀ
ਸਾਂਝਾਂ ਅਤੇ ਸਕੀਰੀਆਂ ਦੀ ਗੰਗਾ ਨਾਹਤੀ ਬੰਦਗੀ
ਸਨ ਹਾੜ੍ਹ ਦੀ ਧੁੱਪ ਵਿੱਚ ਜੋ ਪੱਖੀ ਘੁੰਗਰੂਆਂ ਵਾਲੜੀ
ਜਿਹਨਾਂ ਦੇ ਵਿੱਚ ਹੱਥਾਂ ਦੀ ਛੋਹ
ਜਿਹਨਾਂ ਦੇ ਵਿੱਚ ਅੱਖਾਂ ਦੀ ਛੋਹ
ਜਿਹਨਾਂ ਦੇ ਵਿੱਚ ਸਾਹਾਂ ਦੀ ਛੋਹ
ਜਿਹਨਾਂ ਦੇ ਵਿੱਚ ਹੋਂਠਾਂ ਦੀ ਛੋਹ
ਬੰਨ੍ਹ ਰਹੇ ਨੇ ਚਾਦਰ ਦੇ ਵਿੱਚ
ਸਾਰੀਆਂ ਹਰਿਆਵਲਾਂ
ਸਭ ਡੱਬੀਆਂ ਮਹਿਕਾਂ ਦੀਆਂ
ਸਿਰਾਂ ਦੇ ਉੱਤੇ ਚੁੱਕ ਕੇ
ਮਿੱਠਤਾਂ, ਮੁਹੱਬਤਾਂ, ਬਖ਼ਸ਼ਿਸ਼ਾਂ
ਲਓ ਜੀ ! ਤੁਹਾਡੇ ਸ਼ਹਿਰ 'ਚੋਂ
ਹੁਣ ਅਲਵਿਦਾ ਹੁੰਦੇ ਨੇ ਖ਼ਤ
ਹੁਣ ਅਲਵਿਦਾ ਹੁੰਦੇ ਨੇ ਖ਼ਤ।
No comments:
Post a Comment