Saturday 5 September 2015

'ਚੌਮੁਖੀਆ ਇਬਾਰਤਾਂ'


          ਮਾਂ-ਬੋਲੀ ਨੂੰ ਮੋਹ ਕਰਨ ਵਾਲੇ ਪੰਜਾਬੀਆਂ ਲਈ ਫੇਸਬੁਕ,ਹੋਰ ਸ਼ੋਸ਼ਲ ਸਾਈਟਾਂ,ਈਮੇਲਾਂ,ਵਟਸ-ਅਪ,  ਮੋਬਾਈਲ-ਸੁਨੇਹੇ ਅਤੇ ਆਮ ਚਿੱਠੀਆਂ ਰਾਹੀਂ ਵਰਤਣ ਵਾਸਤੇ ਜਨਮ-ਦਿਨ,ਵਿਆਹ ਦੀ ਵਰ੍ਹੇਗੰਢ,ਦੀਵਾਲੀ,  ਹੋਲੀ,ਲੋਹੜੀ,ਨਵੇਂ ਵਰ੍ਹੇ,ਵੈਲੈਂਟਾਈਨ ਡੇ,ਕਰਵਾ-ਚੌਥ, ਬਾਲ-ਦਿਵਸ,ਧੀ-ਦਿਵਸ, ਮਾਂ-ਦਿਵਸ,ਪਿਤਾ-ਦਿਵਸ,  ਰੱਖੜੀ,ਕਿਸੇ ਧੀ-ਪੁੱਤ ਦੀ ਪੜ੍ਹਾਈ-ਖੇਡਾਂ ਆਦਿ ਵਿੱਚ ਵੱਡੀ ਪ੍ਰਾਪਤੀ,ਵਿਭਾਗੀ-ਤਰੱਕੀ,ਮਕਾਨ ਦੀ ਚੱਠ ਜਾਂ ਕਿਸੇ ਹੋਰ ਖੁਸ਼ੀ ਦੇ ਜਸ਼ਨ ਮੌਕੇ 'ਸ਼ੁੱਭ-ਇਛਾਵਾਂ'
-ਸਜ-ਵਿਆਹੀ ਜੋੜੀ ਲਈ 'ਅਸੀਸਾਂ ਦੇ ਸ਼ਗਨ'
-ਵਿਦਾਇਗੀ ਸਮਾਰੋਹ,ਸੇਵਾਮੁਕਤੀ,ਵਿਦੇਸ਼ ਜਾਣ ਵੇਲੇ ਵਰਤਣ ਲਈ 'ਕਾਵਿਕ ਦੁਆਵਾਂ'
   ਅਤੇ ਕੁੜੀ-ਮੁੰਡੇ ਦੇ ਵਿਆਹ ਸਮੇਂ ਛਪਾਉਣ ਲਈ ਸ਼ਗਨਾਂ ਵਾਲੇ ਲੋਕਗੀਤਾਂ ਵਿੱਚ ਗੁੰਦੇ 'ਸਾਹਾ-ਚਿੱਠੀ',  ਕੁੜਮਾਈ,ਵਿਆਹ,'ਸਵਾਗਤੀ ਸਮਾਰੋਹ' ਦੇ ਕਾਰਡਾਂ ਅਤੇ ਸੋਗ ਦੇ ਕਾਰਡਾਂ ਦੇ ਨਮੂਨੇ

ਦੋਸਤੋ!ਕਹਿੰਦੇ ਨੇ ਕਵਿਤਾ ਲੋਕਾਂ ਤੋਂ ਦੂਰ ਹੋ ਰਹੀ ਹੈ ਤੇ ਇਹ ਸ਼ਾਇਦ ਕੁਝ ਹੱਦ ਤੱਕ ਸੱਚ ਵੀ ਹੈ।ਇਸ ਦੇ ਨਾਲ ਹੀ ਪੰਜਾਬੀ ਬੋਲੀ,ਪੰਜਾਬੀ ਸੱਭਿਆਚਾਰ ਵੀ ਸਾਡੀ ਜੀਵਨ-ਸ਼ੈਲੀ ਵਿਚੋਂ ਅਲੋਪ ਹੁੰਦਾ ਜਾ ਰਿਹੈ,ਅੰਗਰੇਜ਼ੀ ਵਰਤ ਕੇ ਤੇ ਹੋਰ ਗਤੀਵਿਧੀਆਂ ਨਾਲ ਆਪਣੇਆਪ ਨੂੰ ਬਹੁਤ ਅਗਾਂਹਵਧੂ ਦਿਖਾਉਣ ਲਈ ਪੱਬਾਂ ਭਾਰ ਹੋਏ ਪੰਜਾਬੀ ਆਪਣੀ ਮਾਂ-ਬੋਲੀ ਨੂੰ ਨੀਂਵੀਂ ਸਮਝਣ ਲੱਗ ਪਏ ਹਨ।ਪਰ ਇਸ ਗੂੜ੍ਹੇ ਹਨ੍ਹੇਰੇ ਵਿੱਚ ਇਕ ਚਾਨਣ ਦੀ ਲਿਸ਼ਕੋਰ ਵੀ ਹੈ,ਮੈਂ ਕੁਝ ਅਜੇਹੇ ਪੰਜਾਬੀ ਧੀਆਂ-ਪੁੱਤਾਂ ਨੂੰ ਮਿਲੀ ਹਾਂ ਜਿਹੜੇ ਵਿਆਹ,ਜਨਮ-ਦਿਨ ਆਦਿ ਦੇ ਕਾਰਡ ਛਪਾਉਣ ਵੇਲੇ ਜਾਂ ਕਿਸੇ ਨੂੰ ਸ਼ੁਭ ਇਛਾਵਾਂ ਭੇਜਣ ਵੇਲੇ ਪੰਜਾਬੀ ਵਰਤਣੀ ਤਾਂ ਚਾਹੁੰਦੇ ਹਨ,ਪਰ ਉਹਨਾਂ ਨੂੰ ਸ਼ਬਦ ਨਹੀਂ ਲੱਭਦੇ।ਉਹਨਾਂ ਦੀ ਸਹਾਇਤਾ ਲਈ ਤੇ ਇਸ ਰੀਝ ਨਾਲ ਕਿ ਸ਼ਾਇਦ ਬਾਕੀਆਂ ਨੂੰ ਵੀ ਉਹਨਾਂ ਤੋਂ ਪ੍ਰੇਰਨਾ ਮਿਲੇ,ਮੈਂ ਇਕ ਨਿਮਾਣਾ ਜਿਹਾ ਉਪਰਾਲਾ ਕੀਤਾ ਹੈ,ਆਪਣੀ ਹੁਣੇ ਛਪੀ ਕਿਤਾਬ 'ਚੌਮੁਖੀਆ ਇਬਾਰਤਾਂ' ਰਾਹੀਂ,ਜਿਸ ਵਿੱਚ ਖ਼ੁਸ਼ੀ ਅਤੇ ਗਮੀ ਦੇ ਮੌਕਿਆਂ ਸਮੇਂ ਲਿਖਣ ਵਾਲੀਆਂ ਕਾਵਿਕ ਇਬਾਰਤਾਂ ਹਨ।
          ਵਿੱਚ ਵਿੱਚ ਦਿਖਾਈ ਖਾਲੀ ਥਾਂ ਅੰਦਰ ਆਪਣੀ ਲੋੜ ਅਨੁਸਾਰ,ਨਾਮ,ਸਿਰਨਾਵਾਂ, ਦਿਨ,ਮਿਤੀ,ਸਥਾਨ,ਸਮਾਂ,ਜਸ਼ਨ ਦਾ ਮੌਕਾ, ਫੋਨ ਨੰਬਰ ਆਦਿ ਭਰੇ ਜਾ ਸਕਦੇ ਹਨ ਤੇ ਇਹ ਇਬਾਰਤਾਂ ਕਿਸੇ ਵੀ ਖੁਸ਼ੀ ਦੇ ਮੌਕੇ ਲੋੜੀਂਦੀ ਫੇਰਬਦਲ ਨਾਲ ਕਿਸੇ ਦੂਜੇ ਲਈ ਵੀ ਵਰਤੀਆਂ ਜਾ ਸਕਦੀਆਂ ਹਨ,ਇੰਟਰਨੈਟ ਦੇ ਕਿਸੇ ਪੰਜਾਬੀ ਫੌਂਟ ਵਿੱਚ ਬਦਲ ਕੇ ਕਿਸੇ ਵੀ ਸ਼ੋਸ਼ਲ ਸਾਈਟ,ਫੇਸਬੁਕ,ਵਟਸ-ਅਪ,ਮੋਬਾਈਲ ਫੋਨ-ਸੁਨੇਹੇ,ਈਮੇਲ ਰਾਹੀਂ ਭੇਜੀਆਂ ਜਾ ਸਕਦੀਆਂ ਹਨ।
         ਜਾਣਦੀ ਹਾਂ ਕਿ ਆਪ ਸਭ ਇਸ ਤੋਂ ਵਧੀਆ ਸਿਰਜਣਾ ਕਰਨ ਦੇ ਸਮਰੱਥ ਹੋ,ਪਰ ਜੇ ਇਹ ਕੋਸ਼ਿਸ਼ ਲੋਕ-ਦਹਿਲੀਜ਼ਾਂ ਟੱਪ ਕੇ ਉਹਨਾਂ ਦੇ ਵਰਤੋਂ-ਵਿਹਾਰ ਦਾ ਹਿੱਸਾ ਹੋ ਸਕੇ, ਉਹਨਾਂ ਦੇ ਮਨ-ਅੰਬਰਾਂ 'ਤੇ ਚੰਨ-ਤਾਰੇ ਜੜ ਸਕੇ,ਤਾਂ ਮੈਨੂੰ ਭਰਪੂਰ ਸਕੂਨ ਮਿਲੇਗਾ।ਇਸ ਲਈ ਜੇ ਹੋ ਸਕੇ ਤਾਂ ਆਪਣੇ ਪੰਜਾਬੀ ਦਾ ਮੋਹ-ਤੇਹ ਕਰਨ ਵਾਲੇ ਦੋਸਤਾਂ,ਰਿਸ਼ਤੇਦਾਰਾਂ ਤੱਕ ਇਸ ਕਿਤਾਬ ਦੀ ਪੀਡੀਐਫ ਫਾਈਲ ਜਾਂ ਅਨਮੋਲੁਫੌਂਟ ਦੀ ਲਿਖਤ ਈਮੇਲ,ਫੇਸਬੁਕ,ਬਲੌਗ ਆਦਿ ਰਾਹੀਂ ਨੱਥੀ ਕਰਕੇ ਜਾਂ ਜਿਵੇਂ ਆਪ ਨੂੰ ਠੀਕ ਲੱਗੇ ਭੇਜ ਦੇਣਾ,ਮੈਂ ਦਿਲ ਦੀ ਧੁਰ ਅੰਦਰਲੀ ਤਹਿ ਤੋਂ ਆਪ ਦੀ ਧੰਨਵਾਦੀ ਹੋਵਾਂਗੀ।                  
                 ਸ਼ਾਦੀਆਂ ਤੇ ਹੋਰ ਜਸ਼ਨਾਂ ਲਈ ਸੱਦਾ-ਪੱਤਰਾਂ ਦੀ ਵੰਨਗੀ ਦੇਣ ਦਾ ਯਤਨ ਇਸ ਉਮੀਦ ਨਾਲ ਵੀ ਕੀਤਾ ਹੈ ਕਿ ਖੌਰੇ ਅੰਗਰੇਜ਼ੀ ਵਿੱਚ ਕਾਰਡ ਛਪਵਾਉਂਦੇ ਪੰਜਾਬੀ ਆਪਣੀ ਸ਼ੀਰੀਂ ਮਾਂ-ਬੋਲੀ ਵਿੱਚ ਵੀ ਛਪਵਾਉਣ ਲੱਗ ਜਾਣ,ਜਿਵੇਂ ਕਿ ਦੂਜੇ ਪ੍ਰਾਂਤਾਂ ਤੇ ਦੇਸ਼ਾਂ ਦੇ ਲੋਕ ਕਰਦੇ ਨੇ।
             ਮੇਰਾ ਇਹ ਯਤਨ ਲੋਕਾਂ ਨੂੰ ਪੰਜਾਬੀ ਨਾਲ ਜੋੜਨ ਲਈ,ਸਾਹਿਤ ਨਾਲ ਜੋੜਨ ਲਈ,ਵਿਰਸੇ ਨਾਲ ਜੋੜਨ ਲਈ ਤਾਂ ਹੈ ਹੀ,ਪਰ ਉਸ ਤੋਂ ਵੱਧ ਸੁੱਚੇ ਅਹਿਸਾਸਾਂ ਨਾਲ ਜੋੜਨ ਲਈ ਹੈ,ਆਪਣਿਆਂ ਨਾਲ ਜੋੜਨ ਲਈ ਹੈ।ਜਦੋਂ ਅਸੀਂ ਕਿਸੇ ਸਮਾਗਮ 'ਤੇ ਜਾਂਦੇ ਹਾਂ ਤਾਂ ਬੱਸ ਲਿਫਾਫੇ ਵਿਚ ਬਣਦੇ ਸਰਦੇ ਰੁਪਏ ਦੇ ਕੇ ਪਰਤ ਆਉਂਦੇ ਹਾਂ,ਕਿਸੇ ਮਸ਼ੀਨ ਵਾਂਗ,ਕਿਸੇ ਰੌਬਟ ਵਾਂਗ...ਮੇਜ਼ਬਾਨਾਂ ਨਾਲ ਕਿਤੇ ਕਿਸੇ ਸਾਂਝ ਦਾ ਲਿਸ਼ਕਾਰਾ ਨਹੀਂ,ਕਿਸੇ ਅਪਣੱਤ ਦੀ ਮਹਿਕ ਨਹੀਂ,ਕੋਈ ਕੂਲਾਪਨ ਨਹੀਂ।ਪੁਰਾਣੇ ਵੇਲਿਆਂ ਵਾਲਾ ਮੋਹ-ਮੁਹੱਬਤ ਮਨਫੀ ਜਿਹਾ ਹੋ ਗਿਐ ਸਾਡੇ ਰਿਸ਼ਤਿਆਂ ਵਿੱਚੋਂ.......ਬੱਸ ਮੇਰੀ ਹਸਰਤ ਹੈ ਕਿ ਕੁਝ ਤਾਂ ਹੋਵੇ ਜੋ ਲਿਫਾਫਾ ਖੋਲ੍ਹਣ ਵਾਲੇ ਦੇ ਦਿਲ ਵਿੱਚ ਧੜਕੇ,ਕਿਸੇ ਸਾਂਝ-ਸਕੀਰੀ ਨੂੰ ਗੂੜ੍ਹਿਆਂ ਕਰੇ।ਜਿਹੜੇ ਰੁਪਏ,ਡਾਲਰ,ਪੌਂਡ ਆਦਿ ਅਸੀਂ ਲਿਫਾਫੇ ਵਿੱਚ ਪਾਉਂਦੇ ਹਾਂ,ਜੇ ਉਹ ਕਿਸੇ ਅਜੇਹੇ ਕਾਗ਼ਜ਼ ਵਿੱਚ ਲਪੇਟੇ ਜਾਣ ਜਿਸ 'ਤੇ ਕੁਝ ਮਨ ਦੇ ਮੋਹ ਵਰਗਾ ਲਿਖਿਆ ਹੋਵੇ,ਇਹ ਕੋਈ ਗੁਲਾਬੀ ਸੰਧੂਰੀ ਕਾਗ਼ਜ਼ ਹੋਵੇ,ਜਾਂ ਉਸ ਨੂੰ ਰੰਗ ਬਿਰੰਗੇ ਚਮਕਦਾਰ ਅਬਰਕ ਨਾਲ ਸਜਾਇਆ ਹੋਵੇ,ਹੋਰ ਨਹੀਂ ਤਾਂ ਉਸ ਉੱਤੇ ਖੰਮ੍ਹਣੀ ਹੀ ਬੰਨ੍ਹ ਦਿੱਤੀ ਜਾਵੇ,ਤਾਂ ਇਸ ਦੌਰ ਦੇ ਬਖਸ਼ੇ ਤਲਖੀਆਂ, ਤੁਰਸ਼ੀਆਂ, ਕਾਹਲੀਆਂ, ਖੁਦਗਰਜ਼ੀਆਂ ਦੇ ਮਾਰੂਥਲ ਵਿਚ ਕੁਝ ਤਾਂ ਹਰਿਆਵਲ ਵਰਗਾ ਬੀਜਿਆ ਹੀ ਜਾਏਗਾ।                          
ਸਭ ਦੀ ਖੁਸ਼ੀ ਲਈ ਦੁਆ ਕਰਦੀ ਹੋਈ,
ਡਾ: ਗੁਰਮਿੰਦਰ ਸਿੱਧੂ

No comments:

Post a Comment