ਤੜਪਦਾ ਹੈ ਕੁਆਰਾ ਖ਼ਾਬ ਕੋਈ ਆਂਦਰਾਂ ਹੇਠਾਂ
ਜਗਦਾ ਧਰ ਗਿਆ ਹੈ ਦੀਪ ਕੋਈ ਪਾਣੀਆਂ ਹੇਠਾਂ
ਉਹ ਸੁਫ਼ਨੇ ਵਿੱਚ ਮਿਲ ਲੈਂਦੇ ਨੇ ਸਾਰੇ ਟੱਪ ਕੇ ਪਹਿਰੇ
ਜੋ ਲੋਕਾਂ ਨੂੰ ਦਿਸਣ ਰਾਤਾਂ ਨੂੰ ਸੁੱਤੇ ਚਾਦਰਾਂ ਹੇਠਾਂ
ਘੁੰਗਰੂ ਤਾਂ ਅਦਾਕਾਰੀ ਨੇ ਕਰਦੇ ਥਰਥਰਾਵਣ ਦੀ
ਛਣਕਦੇ ਨੇ ਸਦਾ ਹੀ ਜ਼ਖਮ ਕੋਈ ਝਾਂਜਰਾਂ ਹੇਠਾਂ
ਹੁਨਰ ਨਿੱਘ ਦੇਣ ਦਾ ਦਿੱਤਾ ਹੈ ਧੁੱਪਾਂ ਨੂੰ ਮੁਹੱਬਤ ਨੇ
ਬਲਦੀ ਹੈ ਖ਼ਤਾਂ ਦੀ ਪੰਡ ਕੋਈ ਸੂਰਜਾਂ ਹੇਠਾਂ
ਥਲਾਂ ਨੇ ਸੋਕ ਲਏ ਜਿਸਮਾਂ 'ਚੋਂ ਭਾਵੇਂ ਆਖਰੀ ਪਾਣੀ
ਵਗਦੀ ਹੈ ਦਿਲਾਂ ਦੀ ਕੂਲ੍ਹ ਕੋਈ ਪੱਥਰਾਂ ਹੇਠਾਂ
ਮੈਂ ਜੋਗਣ ਹੋ ਕੇ ਹੱਥਾਂ ਵਿੱਚ ਮਾਲਾ ਫੜ ਲਈ ਭਾਵੇਂ
ਤੇਰਾ ਹੀ ਨਾਮ ਲਿਖਿਆ ਹੈ ਮੈਂ ਸਾਰੇ ਮਣਕਿਆਂ ਹੇਠਾਂ
ਹੱਸਦਾ ਹੈ ਜਿਗਰ ਵਾਲਾ ਕੋਈ ਤੱਤੀ ਤਵੀ ਉਤੇ
ਰੋਂਦੀ ਹੈ ਸਿਰਾਂ ਦੀ ਭੀੜ ਕੋਈ ਛਤਰੀਆਂ ਹੇਠਾਂ।
vah..Bahut Khoob
ReplyDelete