ਆਓ ਨਾ ! ਚਿੱਠੀਆਂ   ਭੇਜੀਏ  ਮੁਹੱਬਤਾਂ ਵਿੱਚ ਗੁੰਨ੍ਹ  ਕੇ
ਆਓ  ਮੁਹੱਬਤਾਂ  ਭੇਜੀਏ !  ਸੱਤਾਂ  ਸੁਰਾਂ  ਵਿੱਚ   ਬੰਨ੍ਹ ਕੇ
ਕਿ ਨਫਰਤਾਂ ਦੇ ਸੇਕ ਨੇ , ਖੁਸ਼ੀਆਂ  ਦਾ ਪਿੰਡਾ ਪੀੜਿਆ
ਕੰਡਿਆਲੀਆਂ  ਵਾੜਾਂ  ਨੇ ਤਾਂ ਵਸਲਾਂ ਦਾ ਬੂਹਾ ਭੀੜਿਆ
ਆਓ ਨਾ ਭੇਲੀ ਭੇਜੀਏ, ਗੁੜ ਦੀ ਸ਼ਗਨ ਦੀ, ਅਮਨ ਦੀ
ਭਾਜੀ  ਨਹੀਂ  ਪਾਉਣੀ  ਅਸਾਂ , ਭਾਜੀ  ਤੁਸੀਂ ਨਾ ਮੋੜਿਓ !
ਆਓ ਨਾ  ਛਿੱਟੇ   ਮਾਰੀਏ !  ਪਰਮਾਣੂੰਆਂ  ਦੀ  ਤਪਸ਼ 'ਤੇ
ਜ਼ਿੰਦਗੀ ਦੀ ਡੋਲੀ ਸੋਹਣਿਓ! ਸਿਵਿਆਂ
ਦੇ ਰਾਹ ਨਾ ਤੋਰਿਓ!
ਆਓ ਨਾ ਕਰਵਾ-ਚੌਥ ਨੂੰ,
ਮਿੱਠਤ ਦੀ ਸਰਘੀ ਭੇਜੀਏ
ਆਓ ਸਿਤਾਰੇ ਮਣਸੀਏ ,
ਰੋਸੇ  ਦਾ  ਵਰਤ   ਤੋੜੀਏ
ਆਓ ਨਾ ਸਾਹਵੇਂ ਰੱਖੀਏ, ਰੂਹਾਂ  ਦੀ  ਸੁੱਚੀ ਛਾਨਣੀ
ਟੁੱਟੇ  ਹੋਏ  ਚੰਦ  ਨੂੰ  ਦੇ ਕੇ  ਅਰਘ  ਫਿਰ  ਜੋੜੀਏ
ਆਓ  ਨਾ ਰਲ ਕੇ ਖੇਡੀਏ ! ਆਓ ਨਾ ਪਾਈਏ ਆੜੀਆਂ
ਅੰਬਾਂ ਉੱਤੇ,ਬੰਬਾਂ  ਦੀਆਂ  ਛਾਵਾਂ  ਨੇ  ਹੁੰਦੀਆਂ ਮਾੜੀਆਂ
ਆਓ ਨਾ ਦੇਸਾਂ  ਵਾਲਿਓ !  ਆਓ  ਵਿਦੇਸ਼ਾਂ  ਵਾਲਿਓ!
ਸੰਭਲੋ  ਵੇ ਆਰ  ਵਾਲਿਓ ! ਸੰਭਲੋ 
ਵੇ ਪਾਰ ਵਾਲਿਓ !
ਤਲੀਆਂ 'ਤੇ ਮਹਿੰਦੀ ਦੀ ਜਗਾਹ,ਅੰਗਿਆਰੀਆਂ
ਨਾ ਧਰ ਦਿਓ
ਬਾਲਾਂ  ਦਿਆਂ  ਨੈਣਾਂ  'ਚ  ਨਾ , ਬਾਰੂਦ-ਸੁਰਮਾ   ਭਰ  ਦਿਓ
ਹਾੜ੍ਹਾ ਵੇ ! ਰੱਬ  ਦਾ ਵਾਸਤਾ! ਅੰਬਰ  ਨਾ ਕਤਲ ਕਰ ਦਿਓ
ਵੱਡੇ  ਪੁਲਾੜਾਂ  ਵਾਲਿਓ  ! ਧਰਤੀ   ਨਾ ਵਿਧਵਾ ਕਰ  ਦਿਓ
ਆਓ  ਨਾ   ਸੋਚਾਂ  ਫੋਲੀਏ  !   ਆਓ   ਨਾ  ਗੰਢਾਂ   ਖੋਲ੍ਹੀਏ
ਸਰਹੱਦਾਂ  ਦੀ ਸਰਦਲ  ਉੱਤੇ , ਚੌਲਾਂ  ਦੀ ਮੁੱਠੀ ਡੋਲ੍ਹੀਏ
ਰਿਸ਼ਤਿਆਂ ਦੇ ਜ਼ਖਮਾਂ 'ਤੇ  ਬੱਦਲਾਂ ਦੇ ਫੈਹੇ ਧਰ ਦਈਏ
ਜ਼ਿੰਦਗੀ ਨੂੰ   ਫੇਰ   ਆਪਾਂ   ਜੀਣ-ਜੋਗੀ  ਕਰ  ਦਈਏ ।

No comments:
Post a Comment