ਚੱਲ! ਪਰਤ ਚੱਲੀਏ 
ਉਮਰਾਂ ਦੀ ਕੁੰਜ ਲਾਹ ਕੇ   
ਅਨੁਭਵ ਦੇ ਤਾਜ ਉਤਾਰ ਕੇ
ਉਸ ਕੱਚ-ਕੁਆਰੀ ਰੁੱਤ ਵੱਲ
ਜਦੋਂ ਝੱਲ-ਵਲੱਲੀਆਂ ਮਾਰਦੇ
ਆਪਾਂ ਸੱਚ ਦੇ ਹਾਣੀ ਹੋ ਜਾਂਦੇ.
 ਚੱਲ ! ਪਰਤ
ਚੱਲੀਏ
ਉਸ ਤਾਂਬੇ-ਰੰਗੀ ਦੁਪਹਿਰ ਵੱਲ
ਜਦੋਂ ਤੇਰੀ ਸੱਜਰੀ ਪੈੜ ਦਾ ਰੇਤਾ
ਮੇਰੀ ਹਿੱਕ ਨਾਲ ਲੱਗ ਕੇ ਠੰਢਾ ਠਾਰ ਹੋ ਜਾਂਦਾ
ਤੇ ਮੈਂ ਤਪਦੇ ਥਲਾਂ ਵਿੱਚ 
ਕਣੀਆਂ ਦੀ ਫਸਲ ਬੀਜ ਦਿੰਦੀ 
 ਚੱਲ ! ਪਰਤ
ਚੱਲੀਏ 
ਉਸ ਸੋਨ-ਸੁਨਹਿਰੀ ਸ਼ਾਮ ਵੱਲ
ਜਦੋਂ ਮੇਰੇ ਚਰਖੇ ਦੀ ਘੁਕਰ ਸੁਣ ਕੇ
ਤੂੰ ਸਾਲਮ ਦਾ ਸਾਲਮ ਪਹਾੜੀ ਜੋਗੀ ਹੋ ਜਾਂਦਾ
ਤੇ ਮੈਂ ਮੁਹੱਬਤ ਦੇ ਸਾਰੇ ਗਲੋਟੇ
ਤੇਰੇ ਕਰਮੰਡਲ ਵਿੱਚ ਪਾ ਦਿੰਦੀ  
ਚੱਲ! ਪਰਤ ਚੱਲੀਏ 
ਉਸ ਉਦਾਸ ਸਾਂਵਲੀ ਰਾਤ ਵੱਲ
ਜਦੋਂ ਛੱਤ 'ਤੇ ਲੇਟਿਆਂ, ਅਸਮਾਨ ਮੈਨੂੰ 
ਨੀਲੇ  ਕਾਗ਼ਜ਼ 'ਤੇ ਲਿਖਿਆ ਤੇਰਾ ਖ਼ਤ ਲੱਗਦਾ
ਤੇ ਮੈਂ ਤਾਰਿਆਂ ਦੇ ਹਰਫ ਪੜ੍ਹਦੀ ਪੜ੍ਹਦੀ
ਏਨਾ ਲੰਮਾ ਖ਼ਤ ਲਿਖਣ ਵਾਲੇ ਤੇਰੇ ਹੱਥ  ਟੋਲਦੀ ਰਹਿੰਦੀ
ਚੱਲ! ਪਰਤ ਚੱਲੀਏ
ਉਸ ਸੰਗਦੀ ਜਿਹੀ ਸੁਬਾਹ ਵੱਲ
ਜਦੋਂ ਤੇਰੀਆਂ ਸੂਰਜੀ ਨਿਗਾਹਾਂ ਪੈਂਦਿਆਂ ਹੀ
ਮੇਰੇ ਬਰਫ-ਰੰਗੇ ਚਿਹਰੇ 'ਤੇ ਕਸੁੰਭੜਾ ਬਿਖਰ ਜਾਂਦਾ
ਤੇ ਮੇਰੀਆਂ ਸਾਰੀਆਂ ਟਹਿਣੀਆਂ ਉਤੇ
ਹਸਰਤਾਂ ਦੀਆਂ ਚਿੜੀਆਂ ਚਹਿਕਣ ਲੱਗਦੀਆਂ
ਕਿ ਜ਼ਿੰਦਗੀ ਤਾਂ ਉਹੀ  ਹੁੰਦੀ ਹੈ
ਜਦੋਂ ਚਿੜੀਆਂ ਚਹਿਕਦੀਆਂ ਨੇ
ਕਿ ਜ਼ਿੰਦਗੀ ਤਾਂ ਉਹੀ ਹੁੰਦੀ ਹੈ
ਜਦੋਂ ਸਰਘੀਆਂ ਮਹਿਕਦੀਆਂ ਨੇ ।
No comments:
Post a Comment