ਰਾਤ ਨੂੰ ਜੋ ਜਗ ਪਿਆ ਸੀ, ਜੁਗਨੂੰਆਂ ਦੇ ਨਾਲ ਨਾਲ।
ਓਸ ਸੂਰਜ ਨੇ ਜਿਉਣੈਂ ਧੜਕਣਾਂ ਦੇ ਨਾਲ ਨਾਲ ।
ਬੇਵਿਸਾਹੀ ਦਾ ਸਮੁੰਦਰ , ਬੇਵਫਾਈ ਦੇ ਭੰਵਰ,
ਫੇਰ ਵੀ ਕੰਢੇ 'ਤੇ ਆਉਣੈਂ ਤਿਣਕਿਆਂ ਦੇ ਨਾਲ ਨਾਲ।
ਤੈਨੂੰ ਲੱਗੇ ਸੇਕ ਮੈਂ ਸਾਰੀ ਦੀ ਸਾਰੀ ਪਿਘਲ ਜਾਂ,
ਇਸ ਤਰ੍ਹਾਂ ਨਿਭਣੀ ਮੁਹੱਬਤ, ਫੇਰਿਆਂ ਦੇ ਨਾਲ ਨਾਲ।
ਰੋਵੇ ਦਿਲ ਤੇ ਜ਼ੇਹਨ ਹੱਸੇ ਧੀ ਦੀ ਡੋਲੀ ਤੋਰ ਕੇ,
ਇਸ ਤਰ੍ਹਾਂ ਵੱਸਦੇ ਨੇ ਹਾਸੇ , ਹੰਝੂਆਂ ਦੇ ਨਾਲ ਨਾਲ।
ਅਣਖ ਲਈ ਵੱਢ ਕੇ ਜੋ ਦੱਬੀ,ਉਸ ਕੁੜੀ ਦੀ ਕਬਰ 'ਚੋਂ
ਉੱਠ ਰਹੀਆਂ ਨੇ ਦੁਆਵਾਂ ਸਿਸਕੀਆਂ ਦੇ ਨਾਲ ਨਾਲ।
ਕਿਹੜਿਆਂ ਗਗਨਾਂ'ਤੇ ਵਸਨੈਂ ? ਕੋਈ ਤਾਂ ਝਲਕਾਰ ਦੇ,
ਮੈਂ ਬੜਾ ਲੱਭਿਆ ਹੈ ਤੈਨੂੰ, ਤਾਰਿਆਂ ਦੇ ਨਾਲ ਨਾਲ।
ਗ਼ਜ਼ਲ ਲਿਖਣੀ ਇੰਜ ਹੈ, ਸੋਨੇ 'ਚੋਂ ਘੜਨੀ ਟੂੰਮ ਜਿਉਂ,
ਮੱਚਣਾ ਪੈਂਦਾ ਹੈ ਮਘਦੇ ਅੱਖਰਾਂ ਦੇ ਨਾਲ ਨਾਲ।
ਕਮਾਲ ਦਾ ਲਿਖਦੇ ਹੋ !
ReplyDelete