ਪੜ੍ਹਦੀ ਨਹੀਂ ਕਦੇ ਵੀ ਜਿਸਨੂੰ ਵਕਤ ਦੀ ਸਰਕਾਰ ਹੈ
ਲੈ ਪੜ੍ਹ ਲਿਆ ਸੱਜਣਾ!ਮੈਂ ਤੇਰੇ ਚਿਹਰੇ ਦਾ ਅਖਬਾਰ ਹੈ
ਮੱਥੇ 'ਤੇ
ਖਬਰਾਂ ਗੂੜ੍ਹੀਆਂ ਧੁਖਦੇ ਨਸੀਬਾਂ ਵਾਲੀਆਂ
ਚੰਦ-ਚਾਨਣੀ ਦੀ ਸੇਜ 'ਤੇ ਉਗੀਆਂ ਸਲੀਬਾਂ ਵਾਲੀਆਂ
ਰੀਝਾਂ ਜੋ ਬੀਰ-ਵਹੁਟੀਆਂ, ਜਬਰਾਂ ਦੇ ਰਥ ਨੇ ਮਿੱਧੀਆਂ
ਮਸਤਕ ਉੱਤੇ ਤਣ ਗਿਆ ਜੋ ਝੁਰੜੀਆਂ
ਦਾ ਜਾਲ ਹੈ
ਇਹ ਤੇਰਾ 'ਕੱਲੇ ਦਾ ਨਹੀਂ ਇਹ ਹਰ ਕਿਸੇ ਦਾ ਹਾਲ ਹੈ
ਸਿਵਿਆਂ ਦੀ ਪਾਉਂਦੇ ਬਾਤ ਨੇ ਅੱਖਾਂ ਦੇ ਕਾਲੇ ਹਾਸ਼ੀਏ
ਇਹ ਸੁਫਨਿਆਂ ਦੀ ਕਬਰ 'ਤੇ ਖਿੱਚੇ ਨਿਰਾਲੇ ਹਾਸ਼ੀਏ
ਵਿੱਚ ਤਰ ਰਹੇ ਜੋ ਅੱਥਰੂ, ਮੌਸਮ ਦਾ ਦੱਸਦੇ ਹਾਲ ਨੇ
ਏਥੇ ਸਦਾ ਬਾਰਿਸ਼ ਰਹੇ, ਅੰਦਰ ਸਦਾ ਭੂਚਾਲ ਨੇ
ਪਾਣੀ ਦੇ ਪਰਦੇ ਵਿਚੋਂ ਪਰ ਹੈ ਜਗਮਗਾਉਂਦੀ ਰੌਸ਼ਨੀ
ਇਹ ਚਮਕਦੀ ਹੈ,ਲਿਸ਼ਕਦੀ ਹੈ,ਗੁਣਗੁਣਾਉਂਦੀ ਰੋਸ਼ਨੀ
ਗੱਲ੍ਹਾਂ ਦੇ ਵਿੱਚ ਟੋਏ ਨੇ, ਤੰਗੀਆਂ ਤੁਰਸ਼ੀਆਂ ਦੇ ਮੇਚ ਦੇ
ਲੁੱਟਾਂ ਦੇ
ਖੋਹਾਂ ਦੇ, ਉੱਜੜੀਆਂ ਬਸਤੀਆਂ ਦੇ ਮੇਚ ਦੇ
ਵਕਤਾਂ ਨੇ ਖਾਧਾ ਮਾਸ ਜੋ, ਇਹ ਉਹਦੀਆਂ
ਇਬਾਰਤਾਂ
ਪਰ ਮਾਰਨ ਸੂਹੀ-ਭਾਹ ਕਿਤੇ, ਕੱਚ-ਉਮਰੀਆਂ ਸ਼ਰਾਰਤਾਂ
ਜਿਉਂ ਅਣਲਿਖੀ ਕਵਿਤਾ ਕੋਈ ਚਿਹਰੇ'ਤੇ ਛਪਣਾ ਚਾਹ ਰਹੀ
ਜਿਉਂ ਗੋਰੀ
ਆ ਕੇ ਮੇਲਿਉਂ, ਕੰਨਾਂ 'ਚੋਂ ਬੁੰਦੇ ਲਾਹ ਰਹੀ
ਹੋਂਠਾਂ 'ਤੇ ਲੱਗੀਆਂ ਸੁਰਖੀਆਂ ਨੇ, ਜਿੱਤੀਆਂ ਜੰਗਾਂ ਦੀਆਂ
ਵਿਸਥਾਰ ਵਿੱਚ ਨੇ ਸਿਸਕੀਆਂ ਪਰ,ਟੁੱਟੀਆਂ ਵੰਗਾਂ ਦੀਆਂ
ਦਿਲ ਦੇ ਪਹਾੜੀਂ ਹਉਕਿਆਂ
ਦੀ ਚਾਂਦਮਾਰੀ ਹੋ ਰਹੀ
ਵਾਅਦੇ ਜੋ ਰਹਿ ਗਏ ਪੁੱਗਣੋ,ਉਹਨਾਂ ਦੀ ਗਾਥਾ ਛੋਹ ਰਹੀ
ਪਰ ਕਿਤੇ
ਕਿਤੇ ਮੁਸਕਾਨ ਵੀ ਖਿੜਦੀ ਮਜੀਠ ਰੰਗ ਦੀ
ਪਹਿਲੇ ਵਸਲ ਦੇ ਜ਼ਿਕਰ'ਤੇ,ਜਿਉਂ ਸਜ-ਮੁਕਲਾਈ ਸੰਗਦੀ
ਤੋਰ ਵਿੱਚ ਭਟਕਣ ਕੋਈ , ਰਾਹਾਂ ਦਾ ਰੇਤਾ ਛਾਣਦੀ
ਹਰ ਅੰਗ'ਤੇ ਲੱਗੀ ਖਬਰ, ਸਭ ਕੁਝ ਗੁਆਚ ਜਾਣ ਦੀ
ਠੋਡੀ ਜਿਉਂ ਚੂਪੀ ਗਿਟ੍ਹਕ ਹੈ, ਸਾਰੀ ਕਹਾਣੀ ਖੋਲ੍ਹਦੀ
'ਜ਼ਿੰਦਗੀ ਹੈ ਅੰਬੀ ਗੁਮਸ਼ੁਦਾ..ਭਾਲੋ ਕੋਈ ' ਇਹ ਬੋਲਦੀ
ਚਾਹੇ ਇਹ ਅੰਤਿਮ ਖਬਰ ਹੈ,ਪਰ ਏਹੀ ਤਾਂ ਆਗਾਜ਼ ਹੈ
ਅੰਦਰ ਏਸੇ ਗਿਟ੍ਹਕ ਦੇ
ਹੀ, ਅੰਬੀਆਂ ਦਾ ਬਾਗ ਹੈ ।
No comments:
Post a Comment