ਸਾਡੇ ਲਈ ਹਰ ਵਰ੍ਹੇ
ਸੁੱਖਾਂ ਦੇ ਸੰਧਾਰੇ ਲਿਆਉਂਦਿਆਂ ਵੀਰਾ ਸਾਵਣਾ!
ਇਸ ਵਰ੍ਹੇ ਤੇਰੀਆਂ ਕਣੀਆਂ
‘ਰੱਬਾ ਰੱਬਾ ਮੀਂਹ ਵਸਾ’ ਗਾਉਂਦੀਆਂ
ਮਾਸੂਮ ਤਲੀਆਂ ਨੇ ਨਹੀਂ ਬੋਚਣੀਆਂ
‘ਹਾਇ ਅਸੀਂ ਜਿਉਣਾ ਸੀ..ਅਸੀਂ ਜਿਉਣਾ ਸੀ’ ਕਰਦੀਆਂ
ਭਰੂਣ ਤਲੀਆਂ
ਨੇ ਬੋਚਣੀਆਂ ਨੇ
ਸਾਡੀ ਔੜਾਂ ਮਾਰੀ ਧਰਤੀ ਉੱਤੇ
ਜਲ-ਥਲ ਕਰਦਿਆ ਸਾਂਵਲ ਮੇਘਲਿਆ!
ਇਸ ਵਰ੍ਹੇ
ਤੇਰੀ ਵੱਖੀ 'ਚੋਂ ਉੱਗਣ ਵਾਲੀ ਸਤਰੰਗੀ ਪੀਂਘ
ਛੈਲ-ਛਬੀਲੀਆਂ ਰਕਾਨਾਂ ਨੇ ਨਹੀਂ ਝੂਟਣੀ
ਬਲਾਤਕਾਰ ਦੀਆਂ ਡੰਗੀਆਂ ਮੁਟਿਆਰਾਂ ਨੇ
ਧੌਣਾਂ
'ਚ ਰੱਸੇ ਪਾ ਕੇ ਝੂਟਣੀ ਹੈ
ਸਾਡੀਆਂ
ਵੱਢੀਆਂ ਟੁੱਕੀਆਂ ਪੌਣਾਂ ਵਿੱਚ ਘੁਲਦੀਏ
ਸੁਰਮਈ
ਬਦਲੋਟੀਏ!
ਇਸ ਵਰ੍ਹੇ
ਤੇਰੀਆਂ
ਲਟਬੌਰ ਮਸਤੀਆਂ ਨਾਲ ਝੂਮ ਕੇ
ਸਾਡੀ
ਰੀਝ ਦੇ ਮੋਰਾਂ ਨੇ ਪੈਲਾਂ ਪਾ ਕੇ ਨਹੀਂ ਨੱਚਣਾ
ਦਾਜ-ਗੁਲੇਲਾਂ
ਨਾਲ ਛਾਨਣੀ ਹੋ ਚੁੱਕੇ
ਸਾਡੇ
ਪੰਖਾਂ ਨੇ ਨੱਚਣਾ ਹੈ
ਸਾਡੀਆਂ
ਕੂਕਾਂ ਸੁਣ ਕੇ ਅੱਖਾਂ ਭਰਦਿਆ
ਝੱਲਿਆ
ਸਾਉਣ ਵੀਰਿਆ!
ਆਪਣੀਆਂ ਸਾਰੀਆਂ ਗਾਗਰਾਂ ਉਲੱਦ ਕੇ
ਇਉਂ ਪਿਛਲੇ
ਪੈਰੀਂ ਨਾ ਪਰਤ
ਕਿ ਅਸੀਂ
ਹੁਣ ਤੀਆਂ 'ਚ ਨਵੇਂ ਪਿੜ ਸਜਾਉਣੇ ਨੇ
ਤੇਰਿਆਂ ਛਰਾਟਿਆਂ ਨਾਲ
ਵਾਢ ਧੋਣੇ ਨੇ
ਬਿਜਲੀਆਂ
ਦੇ ਧਾਗਿਆਂ ਨਾਲ ਪੰਖ ਸਿਉਣੇ ਨੇ
ਸੁੰਝੀਆਂ ਧੜਾਂ 'ਤੇ ਨਵੇਂ ਸਿਰ ਟਿਕਾਉਣੇ ਨੇ।
No comments:
Post a Comment