Friday, 14 February 2014

ਉਡੀਕਾਂ ਸੁਰਮਈ ਰੱਖਣਾ,ਬਰੂਹਾਂ ਕਿਰਮਚੀ ਕਰਨਾ

ਉਡੀਕਾਂ ਸੁਰਮਈ ਰੱਖਣਾ,ਬਰੂਹਾਂ ਕਿਰਮਚੀ ਕਰਨਾ

7 ਜਨਵਰੀ 2013 ਬਾਅਦ ਦੁਪਹਿਰ/ਸ਼ਾਮ 11:08 ਵਜੇ


ਨਾ  ਬਹੁਤੀ ਦੁਸ਼ਮਣੀ ਕਰਨਾ, ਨਾ ਬਹੁਤੀ ਦੋਸਤੀ ਕਰਨਾ
ਕਦੀ ਜੇ  ਹੋ ਸਕੇ  ਤਾਂ ਰਿਸ਼ਤਿਆਂ  ਦੀ ਸ਼ਾਇਰੀ ਕਰਨਾ

ਬੜੇ  ਡੂੰਘੇ  ਤਲਾਅ ਨੇ, ਅਕਸ  ਉੱਤੋਂ ਹੀ ਦਿਖਾਉਂਦੇ ਨੇ
ਨਾ ਲਹਿਣਾ ਵਿੱਚ ਇਹਨਾਂ ਦੇ, ਨਾ ਏਦਾਂ ਖੁਦਕਸ਼ੀ ਕਰਨਾ

ਪਤਾ ਕੀ ਹੈ? ਕਦੋਂ ਪਰਦੇਸ ਵਿੱਚ  ਵਤਨਾਂ ਦੀ ਤੇਹ ਲੱਗੇ
ਖੂਹੀ   ਪਿੰਡ  ਦੀ  ਕੋਲੇ ,  ਰਾਤ  ਨੂੰ  ਰੌਸ਼ਨੀ  ਕਰਨਾ

ਜਦੋਂ  ਕਰਨਾ  ਪਵਿੱਤਰ  ਜਜ਼ਬਿਆਂ  ਦੀ ਬੰਦਗੀ ਕਰਨਾ
ਅੱਖਾਂ  ਸ਼ਬਨਮੀ  ਰੱਖਣਾ  ਤੇ  ਨਜ਼ਰਾਂ  ਸ਼ਰਬਤੀ ਕਰਨਾ

ਮਿਲੇਗਾ ਕੀ ਤੁਹਾਨੂੰ ? ਪੂਜ ਕੇ ਪੱਥਰਾਂ ਨੂੰ, ਮੜ੍ਹੀਆਂ ਨੂੰ?
ਜੇ  ਕਰਨਾ ਤਾਂ  ਬਲੌਰੀ  ਅੱਖੀਆਂ ਦੀ ਆਰਤੀ  ਕਰਨਾ

ਨਾ  ਆਪਣੇ  ਅੰਦਰੋਂ ਅਹਿਸਾਸ ਦੀ ਰੰਗਤ ਉਡਾ ਲੈਣਾ
ਉਡੀਕਾਂ  ਸੁਰਮਈ  ਰੱਖਣਾ, ਬਰੂਹਾਂ  ਕਿਰਮਚੀ ਕਰਨਾ

ਨਾ ਭਰਨਾ ਹੰਝੂਆਂ ਦੇ  ਨਾਲ, ਉਮਰਾਂ  ਦੇ  ਕਟੋਰੇ  ਨੂੰ
ਕਿਸੇ  ਸੂਹੀ  ਜਿਹੀ  ਮੁਸਕਾਨ  ਦੀ ਖੇਤੀ ਹਰੀ ਕਰਨਾ

ਜ਼ਿੰਦਗੀ ਸਮਝ ਕੇ ਪੱਥਰ, ਨਾ ਐਵੇਂ  ਵਿਲਕਦੇ ਰਹਿਣਾ
ਘੜਨਾ  ਮੂਰਤੀ  ਕੋਈ , ਕੋਈ  ਕਾਰੀਗਰੀ  ਕਰਨਾ।

ਡਾ:ਗੁਰਮਿੰਦਰ ਸਿੱਧੂ


No comments:

Post a Comment