ਕੋਈ ਹਰਿਆ ਬੂਟੁ ਰਹਿਓ ਰੀ ..
ਧੁੰਧ ਵਿੱਚ ਗੁਆਚੀਆਂ ਚੌਹਾਂ ਕੂੰਟਾਂ ਨੂੰ
ਚਿੰਤਨ ਦੀਆਂ ਖੜਾਵਾਂ ਪਾ ਕੇ ਗਾਹੁਣ ਵਾਲਿਆ
ਗੁਰੁ ਨਾਨਕ ਪਾਤਸ਼ਾਹ!
ਤੇਰੇ ਪਾਵਨ ਚਰਨ-ਕੰਵਲਾਂ ਦੀ ਸਹੁੰ
ਅਸੀ ਤੇਰੇ ਸੱਚ ਨਾਲੋਂ ਆਪਣਾ ਸਾਕ ਕਦੋਂ ਦਾ ਤੋੜ ਲਿਆ ਹੈ
ਬਾਬਲ ਦੀਆਂ ਝਿੜਕਾਂ ਦੀ ਕੁੜਿੱਤਣ ਪੀ ਕੇ
ਭੁੱਖਿਆਂ ਢਿੱਡਾਂ ਦਾ ਰੱਜ ਬਣਨ ਵਾਲਿਆ
ਸੱਚੇ-ਸੌਦੇ ਦੇ ਵਪਾਰੀਆ!
ਆ ਦੇਖ
ਅਸੀਂ ਤਾਂ ਤੇਰੇ ਨਾਂ ਦਾ ਹੀ ਵਪਾਰ ਕਰਨ ਲੱਗ ਪਏ ਹਾਂ
ਅਸੀਂ ਦੂਰ ਕਿਧਰੇ ਵਗਾਹ ਮਾਰੀ ਹੈ ਕੋਧਰੇ ਦੀ ਰੋਟੀ
ਤੇ ਹੁਣ ਲਹੂ ਚੋਂਦੀਆਂ ਪੂਰੀਆਂ ਦਾ ਸੁਆਦ
ਸਾਨੂੰ ਮਾਸ-ਖੋਰੇ ਹੀ ਨਹੀਂ ਆਦਮ-ਖੋਰੇ ਵੀ ਬਣਾ ਰਿਹੈ
ਇਕੀਵੀਂ ਸਦੀ ਦੀ ਤੇਜ਼ ਰਫਤਾਰ ਵਿੱਚ
ਵਾਹੋ-ਦਾਹੀ ਭੱਜਦਿਆਂ
ਅਸੀਂ ਫੂਕ ਮਾਰ ਕੇ ਉਡਾ ਛੱਡੀਆਂ ਨੇ
ਨਾਮ-ਜਪਣ ਦੀਆਂ ਤੇਰੀਆਂ ਸੱਚ-ਖੰਡੀ ਪੁੜੀਆਂ
ਕਿਰਤ ਕਰਨ ਦੀਆਂ ਰੱਬੀ-ਸਲਾਹਾਂ
ਵੰਡ ਛਕਣ ਦੇ ਨੂਰੀ-ਮਸ਼ਵਰੇ
ਪਰ ਅਸੀਂ ਤੈਨੂੰ ਯਾਦ ਬਹੁਤ ਕਰਦੇ ਹਾਂ
ਅਸੀਂ ਤੇਰਾ ਗੁਰਪੁਰਬ ਵੀ ਮਨਾਉਂਦੇ ਹਾਂ
ਸਵਾਰਥਾਂ-ਲੱਦੀ ਜੀਭ ਨਾਲ
ਤੇਰਾ ਨਾਮ ਵੀ ਲੈਂਦੇ ਹਾਂ
ਤੇਰਾ ਸ਼ਬਦ ਵੀ ਪੜ੍ਹਦੇ ਹਾਂ
ਪਰ ਉਸ ਦੇ ਅਰਥਾਂ ਦੇ ਆਗਮਨ ਲਈ
ਆਪਣੀ ਚੇਤਨਾ ਦੇ ਬੂਹੇ ਕਦੀ ਨਹੀਂ ਖੋਲ੍ਹਦੇ
ਦੀਨ-ਦੁਖੀਆਂ ਦੀ ਮੱਦਦ ਦੇ ਵਿਖਾਵੇ ਵੀ ਕਰਦੇ ਹਾਂ
ਪਰ ਮਾਇਆ ਦੇ ਭਰਮਾਏ
ਆਪਣਿਆਂ ਲਈ ਹੀ ਸੰਖੀਏ ਦੀ ਡਲੀ ਬਣ ਜਾਂਦੇ ਹਾਂ
'ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ'
ਉਚਰਨ ਵਾਲਿਆ!
ਅਸੀਂ ਮੰਦਾ ਆਖਦੇ ਹੀ ਨਹੀਂ
ਮੰਦਾ ਕਰਦੇ ਵੀ ਹਾਂ
ਕੁੜੀਆਂ ਨੂੰ ਕੁੱਖ ਵਿੱਚ ਵੀ ਮਾਰ ਦਿੰਦੇ ਹਾਂ ਜੰਮਣ ਤੋਂ ਬਾਅਦ ਵੀ
ਜੇ ਕਿਤੇ ਬਚ ਜਾਣ
ਤਾਂ ਦਾਜ ਲਈ ਜਲਾ ਦਿੰਦੇ ਹਾਂ
ਅਸੀਂ ਹੀ ਨਿਰਦਈ ਬਾਬਰ ਹਾਂ
ਅਸੀਂ ਹੀ ਰਾਖਸ਼ ਕੌਡੇ ਹਾਂ
ਅਸੀਂ ਹੀ ਠੱਗ ਸੱਜਣ ਹਾਂ
ਤੇ ਅਸੀਂ ਉਹ ਸਾਰੇ ਹਾਂ
ਜਿਹਨਾਂ ਦੇ ਅੰਦਰ ਦੀ ਕਾਲਖ ਨੂੰ
ਚਾਨਣ ਦੀ ਟਿੱਕੀ ਨਾਲ ਧੋਣ ਲਈ
ਤੁੰ ਆਪਣੀਆਂ ਹਥੇਲੀਆਂ 'ਤੇ
ਚੌ-ਮੁਖੀਏ ਦੀਵੇ ਬਾਲ ਕੇ
ਉਦਾਸੀਆਂ ਦੇ ਸਿਰਨਾਵੇਂ ਫੜੇ ਸਨ
ਕਦੀ ਆਵੇਂ ਤਾਂ ਦੇਖੇਂ!
ਸਾਡੀ ਦੇਹੀ ਦੇ ਮਕਾਨ ਵਿੱਚ
ਕੂੜ-ਅਮਾਵਸ ਦਾ ਕਬਜ਼ਾ ਹੈ
ਪਰ ਫਿਰ ਵੀ ਤੇਰੀ ਬਾਣੀ ਦੀ ਜਗਮਗਾਹਟ
ਬੰਦ ਕੋਠੜੀਆਂ ਦੇ ਝਰੋਖਿਆਂ ਵਿੱਚੋਂ
ਸਾਡੇ ਅੰਦਰ ਝਾਕ ਰਹੀ ਹੈ
ਕੋਈ ਹਰਿਆ ਬੂਟੁ
ਮੱਚਦੀਆਂ ਰੋਹੀਆਂ ਨੂੰ
ਹਰਿਔਲ ਦੇ ਰਿਹਾ ਹੈ
ਤੇ ਤੇਰਾ ਇਲਾਹੀ ਸ਼ਬਦ
ਸਾਡੀਆਂ ਭਟਕਣਾਂ ਵਿੱਚ
ਸਕੂਨ ਦੀ ਰਬਾਬ ਛੇੜ ਰਿਹਾ ਹੈ।
...............



ਚਿੰਤਨ ਦੀਆਂ ਖੜਾਵਾਂ ਪਾ ਕੇ ਗਾਹੁਣ ਵਾਲਿਆ
ਗੁਰੁ ਨਾਨਕ ਪਾਤਸ਼ਾਹ!
ਤੇਰੇ ਪਾਵਨ ਚਰਨ-ਕੰਵਲਾਂ ਦੀ ਸਹੁੰ
ਅਸੀ ਤੇਰੇ ਸੱਚ ਨਾਲੋਂ ਆਪਣਾ ਸਾਕ ਕਦੋਂ ਦਾ ਤੋੜ ਲਿਆ ਹੈ
ਬਾਬਲ ਦੀਆਂ ਝਿੜਕਾਂ ਦੀ ਕੁੜਿੱਤਣ ਪੀ ਕੇ
ਭੁੱਖਿਆਂ ਢਿੱਡਾਂ ਦਾ ਰੱਜ ਬਣਨ ਵਾਲਿਆ
ਸੱਚੇ-ਸੌਦੇ ਦੇ ਵਪਾਰੀਆ!
ਆ ਦੇਖ
ਅਸੀਂ ਤਾਂ ਤੇਰੇ ਨਾਂ ਦਾ ਹੀ ਵਪਾਰ ਕਰਨ ਲੱਗ ਪਏ ਹਾਂ
ਅਸੀਂ ਦੂਰ ਕਿਧਰੇ ਵਗਾਹ ਮਾਰੀ ਹੈ ਕੋਧਰੇ ਦੀ ਰੋਟੀ
ਤੇ ਹੁਣ ਲਹੂ ਚੋਂਦੀਆਂ ਪੂਰੀਆਂ ਦਾ ਸੁਆਦ
ਸਾਨੂੰ ਮਾਸ-ਖੋਰੇ ਹੀ ਨਹੀਂ ਆਦਮ-ਖੋਰੇ ਵੀ ਬਣਾ ਰਿਹੈ
ਇਕੀਵੀਂ ਸਦੀ ਦੀ ਤੇਜ਼ ਰਫਤਾਰ ਵਿੱਚ
ਵਾਹੋ-ਦਾਹੀ ਭੱਜਦਿਆਂ
ਅਸੀਂ ਫੂਕ ਮਾਰ ਕੇ ਉਡਾ ਛੱਡੀਆਂ ਨੇ
ਨਾਮ-ਜਪਣ ਦੀਆਂ ਤੇਰੀਆਂ ਸੱਚ-ਖੰਡੀ ਪੁੜੀਆਂ
ਕਿਰਤ ਕਰਨ ਦੀਆਂ ਰੱਬੀ-ਸਲਾਹਾਂ
ਵੰਡ ਛਕਣ ਦੇ ਨੂਰੀ-ਮਸ਼ਵਰੇ
ਪਰ ਅਸੀਂ ਤੈਨੂੰ ਯਾਦ ਬਹੁਤ ਕਰਦੇ ਹਾਂ
ਅਸੀਂ ਤੇਰਾ ਗੁਰਪੁਰਬ ਵੀ ਮਨਾਉਂਦੇ ਹਾਂ
ਸਵਾਰਥਾਂ-ਲੱਦੀ ਜੀਭ ਨਾਲ
ਤੇਰਾ ਨਾਮ ਵੀ ਲੈਂਦੇ ਹਾਂ
ਤੇਰਾ ਸ਼ਬਦ ਵੀ ਪੜ੍ਹਦੇ ਹਾਂ
ਪਰ ਉਸ ਦੇ ਅਰਥਾਂ ਦੇ ਆਗਮਨ ਲਈ
ਆਪਣੀ ਚੇਤਨਾ ਦੇ ਬੂਹੇ ਕਦੀ ਨਹੀਂ ਖੋਲ੍ਹਦੇ
ਦੀਨ-ਦੁਖੀਆਂ ਦੀ ਮੱਦਦ ਦੇ ਵਿਖਾਵੇ ਵੀ ਕਰਦੇ ਹਾਂ
ਪਰ ਮਾਇਆ ਦੇ ਭਰਮਾਏ
ਆਪਣਿਆਂ ਲਈ ਹੀ ਸੰਖੀਏ ਦੀ ਡਲੀ ਬਣ ਜਾਂਦੇ ਹਾਂ
'ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ'
ਉਚਰਨ ਵਾਲਿਆ!
ਅਸੀਂ ਮੰਦਾ ਆਖਦੇ ਹੀ ਨਹੀਂ
ਮੰਦਾ ਕਰਦੇ ਵੀ ਹਾਂ
ਕੁੜੀਆਂ ਨੂੰ ਕੁੱਖ ਵਿੱਚ ਵੀ ਮਾਰ ਦਿੰਦੇ ਹਾਂ ਜੰਮਣ ਤੋਂ ਬਾਅਦ ਵੀ
ਜੇ ਕਿਤੇ ਬਚ ਜਾਣ
ਤਾਂ ਦਾਜ ਲਈ ਜਲਾ ਦਿੰਦੇ ਹਾਂ
ਅਸੀਂ ਹੀ ਨਿਰਦਈ ਬਾਬਰ ਹਾਂ
ਅਸੀਂ ਹੀ ਰਾਖਸ਼ ਕੌਡੇ ਹਾਂ
ਅਸੀਂ ਹੀ ਠੱਗ ਸੱਜਣ ਹਾਂ
ਤੇ ਅਸੀਂ ਉਹ ਸਾਰੇ ਹਾਂ
ਜਿਹਨਾਂ ਦੇ ਅੰਦਰ ਦੀ ਕਾਲਖ ਨੂੰ
ਚਾਨਣ ਦੀ ਟਿੱਕੀ ਨਾਲ ਧੋਣ ਲਈ
ਤੁੰ ਆਪਣੀਆਂ ਹਥੇਲੀਆਂ 'ਤੇ
ਚੌ-ਮੁਖੀਏ ਦੀਵੇ ਬਾਲ ਕੇ
ਉਦਾਸੀਆਂ ਦੇ ਸਿਰਨਾਵੇਂ ਫੜੇ ਸਨ
ਕਦੀ ਆਵੇਂ ਤਾਂ ਦੇਖੇਂ!
ਸਾਡੀ ਦੇਹੀ ਦੇ ਮਕਾਨ ਵਿੱਚ
ਕੂੜ-ਅਮਾਵਸ ਦਾ ਕਬਜ਼ਾ ਹੈ
ਪਰ ਫਿਰ ਵੀ ਤੇਰੀ ਬਾਣੀ ਦੀ ਜਗਮਗਾਹਟ
ਬੰਦ ਕੋਠੜੀਆਂ ਦੇ ਝਰੋਖਿਆਂ ਵਿੱਚੋਂ
ਸਾਡੇ ਅੰਦਰ ਝਾਕ ਰਹੀ ਹੈ
ਕੋਈ ਹਰਿਆ ਬੂਟੁ
ਮੱਚਦੀਆਂ ਰੋਹੀਆਂ ਨੂੰ
ਹਰਿਔਲ ਦੇ ਰਿਹਾ ਹੈ
ਤੇ ਤੇਰਾ ਇਲਾਹੀ ਸ਼ਬਦ
ਸਾਡੀਆਂ ਭਟਕਣਾਂ ਵਿੱਚ
ਸਕੂਨ ਦੀ ਰਬਾਬ ਛੇੜ ਰਿਹਾ ਹੈ।
...............



No comments:
Post a Comment