ਸ਼ਹੀਦਾਂ ਦੇ ਸਿਰਤਾਜ ਸਤਿਗੁਰੂ !
ਅਜੇ ਤੱਕ ਸ਼ਰਮਿੰਦਾ ਹੈ
ਉਹ ਤੱਤੀ ਤਵੀ
ਜਿਹੜੀ ਤੈਨੂੰ ਲੂਹਣ ਖਾਤਿਰ
ਲੋਹੀ-ਲਾਖੀ ਹੋ ਗਈ।
ਅਜੇ ਤੱਕ ਮਰਨ-ਮਿੱਟੀ ਹੈ
ਉਹ ਕੱਕੀ ਰੇਤ
ਜਿਹੜੀ ਅੱਗ ਦੀ ਸਰਕਦੀ ਚਾਦਰ ਵਾਂਗ
ਤੇਰੇ ਦਵਾਲੇ ਲਪੇਟੀ ਗਈ।
ਅਜੇ ਤੱਕ ਪਾਣੀ-ਪਾਣੀ ਨੇ
ਉਹ ਉਬਲਦੇ ਪਾਣੀ
ਜਿਹੜੇ ਆਪਣੀ ਤਾਸੀਰ ਦੀ
ਰਾਖੀ ਨਾ ਕਰ ਸਕੇ
ਤੇ ਤੇਰੇ ਬਦਨ ਦੇ ਭਖਦੇ ਬਗੀਚੇ ਵਿੱਚ
ਛਾਲੇ ਗੁਲਾਬਾਂ ਵਾਂਗ ਖਿੜ ਗਏ
ਅਤੇ ਤੂੰ ਸਾਰੇ ਜਹਾਨ ਨੂੰ ਵਰਤਾ ਦਿੱਤੀਆਂ
ਠੰਢੀਆਂ ਮਿੱਠੀਆਂ ਛਬੀਲਾਂ
ਤਹਿਜ਼ੀਬ ਨੇ ਕਦੀ ਦੇਖਿਆ ਨਾ ਸੁਣਿਆ
ਇਮਤਿਹਾਨ ਦਾ ਇਹੋ ਜਿਹਾ ਪਰਚਾ
ਜਿਸ ਵਿੱਚ ਇਕੱਲਾ ਤੂੰ ਪਾਸ ਹੋਇਆ
ਤੇ ਸਾਰੇ ਤਸੀਹੇ ਫੇਲ੍ਹ ਹੋ ਗਏ
ਤੇ ਫੇਲ੍ਹਹੋ ਗਏ ਤੇਰੇ ਨਾਮ-ਲੇਵਾ
ਜਿਹਨਾਂ ਨੂੰ ਅਜੇ ਤੱਕ ਨਾ ਸਿਦਕ ਆਇਆ
ਨਾ ਸਬਰ ਆਇਆ
ਨਾ ਭਾਣਾ ਮੰਨਣ ਦਾ ਹੁਨਰ ਆਇਆ ।

No comments:
Post a Comment