Friday, 14 February 2014

ਮਾਂ- ਧਰਤੀਏ!.

.. ਪਤਾ ਨਹੀਂ ਕਿਉਂ ਅੱਜ ਇਹ ਦਰਦ ਸਾਂਝਾ ਕਰਨ ਨੂੰ ਜੀਅ ਕਰ ਆਇਐ, ਜੋ ਇਸ ਦੁਨੀਆਂ ਦੀਆਂ ਅਣਗਿਣਤ ਮਾਵਾਂ ਦਾ ਦਰਦ ਹੈ

12 ਮਈ 2013 ਸਵੇਰ 10:31 ਵਜੇ
ਮੈਂ ਇਹ ਕੀ  ਕੀਤਾ ?
ਕਿ ਆਪਣੇ ਜਿਗਰ ਦੇ ਦੋ ਟੁਕੜੇ ਕਰਕੇ
ਗਲੋਬ ਦੇ ਦੋਵਾਂ ਸਿਰਿਆਂ ਵੱਲ ਤੋਰ ਦਿੱਤੇ
ਤੇ ਆਪਣੇ ਪੀੜੋ-ਪੀੜ ਹੋਂਠਾਂ 'ਤੇ ਮੁਸਕਾਨ ਲਿੱਪ ਲਈ

ਮੈਂ ਇਹ ਕੀ  ਕੀਤਾ ?
ਕਿ ਆਪਣੇ ਫੁੱਲਾਂ ਦੀ ਖੁਸ਼ੀ ਲਈ
ਆਪਣੀ ਹਯਾਤੀ ਵਿੱਚੋਂ ਖੁਸ਼ਬੋ ਮਨਫੀ ਕਰ ਲਈ
ਤੇ ਪਤਝੜ ਦੀ ਬੁੱਕਲ ਵਿੱਚ ਰੋਣ ਨੂੰ ਆਪਣੀ ਹੋਣੀ ਬਣਾ ਲਿਆ

ਮੈਂ ਇਹ ਕੀ  ਕੀਤਾ ?
ਕਿ ਆਪਣੇ ਸੁਫਨਿਆਂ ਨੂੰ
ਕਾਲੀਆਂ ਬੋਲੀਆਂ ਰਾਤਾਂ ਦੇ ਕਿਨਾਰੇ ਰੱਖ ਦਿੱਤਾ
ਤੇ ਫੋਨ ਵਿੱਚੋਂ ਆਉਦੀ ਉਨ੍ਹਾਂ ਦੀ 'ਵਾਜ ਨੂੰ ਜ਼ਿੰਦਗੀ ਮਿਥ ਲਿਆ

ਜ਼ਖਮਾਂ ਦੀ ਕਚਹਿਰੀ ਵਿੱਚ ਖੜੋ ਕੇ
ਮੈਂ ਅੱਜ ਆਪਣੀ ਜੰਮਣ-ਭੋਂ  ਨੂੰ ਪੁੱਛਦੀ ਹਾਂ
ਕਿ ਮਾਂ- ਧਰਤੀਏ !
ਤੂੰ ਏਨੀ ਜ਼ਾਲਿਮ ਕਿਉਂ ਹੋਈ ਜਾਨੀ ਐਂ ?
ਜੋ ਮਾਵਾਂ ਨੂੰ ਆਪਣੀਆਂ ਆਂਦਰਾਂ ਵੱਢ ਕੇ
ਪਰਦੇਸੀ ਧਰਤੀਆਂ 'ਤੇ ਬੀਜਣੀਆਂ ਪੈ ਰਹੀਆਂ ਨੇ
ਤੇ ਆਪਣੇ ਮਾਸੂਮ ਬੋਟ
ਬੇਗਾਨੇ ਆਲ੍ਹਣਿਆਂ ਦੇ ਹਵਾਲੇ ਕਰਨੇ ਪੈ ਰਹੇ ਨੇ!

ਮਾਂ- ਧਰਤੀਏ!
ਤੂੰ ਏਨੀ ਜ਼ਾਲਿਮ ਕਿਉਂ ਹੋਈ ਜਾਨੀ ਐਂ ?

No comments:

Post a Comment