Friday, 14 February 2014

ਦਿੱਲੀ ਵਾਲੀਏ ਕੁੜੀਏ !

ਦਿੱਲੀ ਵਾਲੀਏ ਕੁੜੀਏ !

3 ਨਵੰਬਰ 2012 ਬਾਅਦ ਦੁਪਹਿਰ/ਸ਼ਾਮ 07:48 ਵਜੇ

30 ਸਾਲ ਪੁਰਾਣੀ ਕਵਿਤਾ..ਪਰ ਜ਼ਖਮ ਤਾਂ ਅਜੇ ਵੀ ਸੱਜਰੇ ਨੇ , ਹੰਝੂ ਤਾਂ ਅਜੇ ਵੀ ਵਗਦੇ ਨੇ :


ਦਿੱਲੀ ਵਾਲੀਏ ਕੁੜੀਏ ! ਤੇਰੀ ਜੋ ਖਬਰ ਆਈ ਹੈ
ਉਹ ਆਪਣੇ ਨਾਲ ਤੱਤੇ ਤੱਤੇ ਹੰਝੂ ਲੈ ਕੇ ਆਈ ਹੈ

ਤੇਰਾ ਇੱਕ ਸਿਸਕਦਾ ਤਰਲਾ,ਕਲੇਜਾ ਕੱਢ ਕੇ ਲੈ ਗਿਐ
ਤੇਰਾ ਇੱਕ ਤੜਪਦਾ ਹਉਕਾ,ਰੂਹ ਨੂੰ ਵੱਢ ਕੇ ਲੈ ਗਿਐ
ਵੈਣ ਤੇਰੇ  ਮੇਰੇ  ਕੰਨਾਂ  ਦੇ  ਵਿੱਚ  ਪੀੜ  ਪਾਉਂਦੇ  ਨੇ
ਮੇਰੇ ਬਦਕਿਸਮਤ ਗੀਤ ਤੈਨੂੰ ਗਲ ਦੇ ਨਾਲ ਲਾਉਂਦੇ ਨੇ
ਤੂੰ ਆਪਣੇ ਦੇਸ਼,ਆਪਣੇ ਘਰ 'ਚ ਕੇਹੀ ਜੂਨ ਹੰਢਾਈ ਹੈ
ਜੋ ਆਪਣੇ ਨਾਲ ਲੱਖਾਂ ਹੰਝੂ,ਲੱਖਾਂ ਗਮ ਲਿਆਈ ਹੈ




ਤੇਰੇ ਘਰ ਅੱਗ ਜਦ ਲੱਗੀ,ਸੇਕ  ਮੈਨੂੰ  ਵੀ ਆਇਆ ਸੀ
ਮੈਂ ਅੱਧੀ ਰਾਤੀਂ ਪਾਣੀ ਘੜੇ ਦਾ ਅੰਗ ਨਾਲ ਲਾਇਆ ਸੀ
ਮੈਂ ਕੀ  ਦੇਖਿਆ ,ਪਾਣੀ  ਘੜੇ ਦੇ  ਵਿੱਚ  ਉਬਲਦਾ  ਸੀ
ਸ਼ਾਇਦ ਉਸ ਵੇਲੇ ਤੇਰੇ ਵਿਹੜੇ ਵਿੱਚ ਇਕ ਸਿਵਾ ਬਲਦਾ ਸੀ
ਤੇਰੇ ਉਸ ਸਿਵੇ ਦੀ ਰਾਖ ਉੱਡ ਕੇ ਏਥੇ ਆਈ ਹੈ
ਤੇ ਆਪਣੇ ਨਾਲ ਰੱਤੇ ਰੱਤੇ ਹੰਝੂ ਲੈ ਕੇ ਆਈ ਹੈ


ਤੇਰੇ ਸਾਹਮਣੇ ਵੱਢੇ ਗਏ ਅੜੀਏ ਨੀਂ! ਫੁੱਲ ਤੇਰੇ
ਰਹਿਮ ਲਈ ਰਹੇ ਵਿਲਕਦੇ ਅੜੀਏ ਨੀਂ ਬੁੱਲ੍ਹ ਤੇਰੇ
ਤੇਰੇ ਹਮਵਤਨਾਂ ਨੇ ਅੜੀਏ ਨੀਂ ਤੈਨੂੰ ਨੰਗੀ ਕੀਤਾ ਹੈ
ਉਹ ਭੁੱਲ ਗਏ ਇਹਨਾਂ ਵਿੱਚ ਵੀ ਕੋਈ ਰਾਧਾਂ ਕੋਈ ਸੀਤਾ ਹੈ
ਉਹਨਾਂ ਨੂੰ ਉਹਨਾਂ ਦੇ ਰੱਬ ਦੀ ਦੁਹਾਈ ਹੈ ਦੁਹਾਈ ਹੈ
ਜੋ ਆਪਣੇ ਨਾਲ ਤੱਤੇ ਤੱਤੇ ਹੰਝੂ ਲੈ ਕੇ ਆਈ ਹੈ



ਚੀਕਾਂ ਤੇਰੀਆਂ ਅੰਬਰ ਦੀ ਹਿੱਕ ਵਿੱਚ ਪਾੜ ਲਾਏ ਨੇ
ਤੇਰੇ ਹਉਕਿਆਂ ਸਾਗਰ ਵੀ ਸੱਥਰ 'ਤੇ ਬਿਠਾਏ ਨੇ
ਤੇਰੀ ਰੂਹ ਤੇ ਦੇਹ ਨੂੰ ਜਿਸਨੇ  ਛਾਲਾ-ਛਾਲਾ ਕੀਤਾ ਹੈ
ਉਹਨੇ ਹੀ ਦੇਸ਼ ਦੇ ਇਤਿਹਾਸ ਦਾ ਰੰਗ ਕਾਲਾ ਕੀਤਾ ਹੈ
ਇਹ ਕਾਲਖ ਗੋਰੀਆਂ ਧੁੱਪਾਂ ਤੋਂ ਜਾਣੀ ਨਾ ਮਿਟਾਈ ਹੈ
ਜੋ ਆਪਣੇ ਨਾਲ ਰੱਤੇ-ਰੱਤੇ ਹੰਝੂ ਲੈ ਕੇ ਆਈ ਹੈ



ਮੈਂ ਤੈਨੂੰ ਪੇਸ਼ ਕਰਾਂ ਤਾਂ ਕੀ ? ਬੇਕਰਾਰ ਬਹੁਤ ਹਾਂ
ਤੇਰੇ ਲਈ ਕੁਝ ਵੀ ਨਾ ਹੋ ਸਕਿਆ ਸ਼ਰਮਸਾਰ ਬਹੁਤ ਹਾਂ
ਮੈਂ ਤੇਰੇ ਗਮ'ਚ ਭਾਈਵਾਲ ਹਾਂ,ਗਮਗੀਨ ਬੜੀ ਹਾਂ
ਤੂੰ ਜ਼ਰਾ ਸਿਰ ਉਠਾਂ ਕੇ ਦੇਖ !ਤੇਰੇ ਨਾਲ ਖੜ੍ਹੀ ਹਾਂ..



No comments:

Post a Comment