ਮੈਂ ਭਗਤ ਸਿੰਘ ਬੋਲਦਾਂ

ਰਹਿਬਰੋ ! ਓ ਕੌਮ ਦੇ ਰਖਵਾਲਿਓ !
ਉੱਚੇ ਉੱਚੇ ਤਖਤਾਂ-ਤਾਜਾਂ ਵਾਲਿਓ !
ਭੀੜ ਸਾਹਵੇਂ ਹੱਥ ਆਪਣੇ ਜੋੜ ਕੇ,
ਬੁੱਤਾਂ ਦੇ ਗਲ ' ਹਾਰ ਪਾਉਣ ਵਾਲਿਓ!
ਸੁਣ ਲਓ ਸਾਡੇ ਦਿਲਾਂ ਦੀ ਵੇਦਨਾ,
ਫੁੱਲਾਂ ਅੰਦਰ ਰੋ ਰਹੀ ਹੈ ਵਾਸ਼ਨਾ
ਭਾਸ਼ਨਾਂ ਅੰਦਰ ਗੁਆਚੇ ਮਾਲਕੋ!
ਕਿੱਥੇ ਹੈ ਸੁੱਤੀ ਤੁਹਾਡੀ ਚੇਤਨਾ?
ਲਾਰਿਆਂ ਦੇ, ਨਾਹਰਿਆਂ ਦੇ ਸ਼ੋਰ ਵਿੱਚ
ਭੁੱਬਾਂ ਮਾਰੇ ਹਰ ਸ਼ਹੀਦ-ਆਤਮਾ
ਤੁਸੀਂ ਹੁਣ ਤੱਕ ਕੀਤੀਆਂ ਜੋ ਖੱਟੀਆਂ,
ਅੱਜ ਮੈਂ ਉਹਨਾਂ ਦੀ ਗੱਠੜੀ ਖੋਲ੍ਹਦਾਂ
ਪਛਾਣਿਆ ਹੈ ?ਕਿ ਨਹੀਂ ਪਛਾਣਿਆ?
ਵਾਰਿਸੋ! ਤੁਹਾਡਾ ਭਗਤ ਸਿੰਘ ਬੋਲਦਾਂ
ਤੁਸੀਂ ਭਾਰਤ-ਮਾਂ ਦਾ ਇਹ ਕੀ ਹਾਲ ਕੀਤਾ ਹੈ?
ਕਰਜ਼ੇ ਦੇ ਵਿੱਚ ਇਹਦਾ ਵਾਲ-ਵਾਲ ਕੀਤਾ ਹੈ
ਰੋਜ਼ ਏਥੇ ਲੱਗਦੇ ਲਾਸ਼ਾਂ ਦੇ ਢੇਰ ਨੇ
ਮਿੱਝ ਦੇ ਵਿੱਚ ਲਿੱਬੜੇ ਬਾਲਾਂ ਦੇ ਪੈਰ ਨੇ
ਵੈਣਾਂ 'ਚ ਭਿੱਜ ਕੇ ਲਾਲ ਕਿਲ੍ਹਾ ਕੰਬਦਾ ਏਥੇ,
ਮਾਵਾਂ ਦਾ ਸੀਨਾ ਪਿੱਟ ਪਿੱਟ ਕੇ ਅੰਬਦਾ ਏਥੇ,
ਥੇਹਾਂ ਦੀ ਤਸਵੀਰ ਨਿੱਤ ਦਿੰਦਾ ਅਖਬਾਰ ਹੈ
ਹਰ ਮਾਸੂਮ ਧੌਣ 'ਤੇ ਤਾਣੀ ਤਲਵਾਰ ਹੈ
ਕੀ ਮੈਂ ਇਸੇ ਆਜ਼ਾਦੀ ਲਈ,ਜਵਾਨੀ ਵਾਰ ਆਇਆ ਸੀ?
ਕੀ ਮੈਂ ਇਸੇ ਆਜ਼ਾਦੀ ਲਈ,ਜ਼ਿੰਦਗੀ ਹਾਰ ਆਇਆ ਸੀ?
ਕੀ ਮੈਂ ਇਸੇ ਆਜ਼ਾਦੀ ਵਾਸਤੇ,ਫਾਂਸੀ ਨੂੰ ਚੁੰਮਿਆ ਸੀ?
ਬਸੰਤੀ ਚੋਲਾ ਪਹਿਨ ਕੇ ,ਕੀ ਇਹਦੇ ਲਈ ਘੁੰਮਿਆ ਸੀ?
ਨਹੀਂ ਨਹੀਂ…ਨਹੀਂ ਨਹੀਂ…
ਓ ਹਿੰਦ ਵਾਸੀਓ! ਓ ਸਾਥੀਓ! ਓ ਦੋਸਤੋ !
ਮੈਂ ਇਹ ਆਜ਼ਾਦੀ ਤਾਂ ਨਹੀਂ ਮੰਗੀ ਸੀ
ਏਥੇ ਤਾਂ ਜ਼ੋਰਾਵਰ ਹਰ ਥਾਂ ਕਹਿਰ ਢਾਅ ਰਿਹਾ,
ਹੱਕਾਂ ਦੀ ਚਿਣ ਕੇ ਚਿਖਾ ਲਾਂਬੂ ਲਗਾ ਰਿਹਾ
ਇਹ ਬੇਜ਼ਮੀਰੇ ਕੌਣ? ਜੋ ਹੱਥ ਸੇਕ ਰਹੇ ਨੇ?
ਆਜ਼ਾਦੀ ਨੂੰ ਕਿਸ਼ਤਾਂ ਦੇ ਅੰਦਰ ਵੇਚ ਰਹੇ ਨੇ
ਵਿਕਦੀਆਂ ਨੇ ਕੰਜਕਾਂ ਤੇ ਵਿਕਦੀਆਂ ਨੇ ਬੋਟੀਆਂ
ਨਿੱਕੇ ਨਿੱਕੇ ਹੱਥ ਨੇ ਰੂੜੀ 'ਚੋਂ ਲੱਭਦੇ ਰੋਟੀਆਂ
ਕੀ ਇਹੋ ਮੇਰੇ ਸੁਫ਼ਨਿਆਂ ਦਾ ਭਾਰਤ ਹੈ?
ਕੀ ਇਹੋ ਮੇਰੇ ਆਪਣਿਆਂ ਦਾ ਭਾਰਤ ਹੈ ?
ਮੈਂ ਆਪਣੀ ਚਰਬੀ ਨੂੰ ਜਿਸ ਲਾਟ 'ਤੇ ਪੰਘਾਰਿਆ
ਮੈਂ ਜਿਹੜੇ ਲੋਕਾਂ ਲਈ ਬਘਿਆੜਾਂ ਨੂੰ ਲਲਕਾਰਿਆ
ਮੈਂ ਟੋਟਾ ਧੁੱਪ ਦਾ ਮੰਗਿਆ ਸੀ ਜਿਸ ਹਨ੍ਹੇਰੇ ਲਈ
ਮੈਂ ਹਰ ਪਲ ਨੇਜ਼ੇ'ਤੇ ਟੰਗਿਆ ਸੀ ਜਿਸ ਸਵੇਰੇ ਲਈ
ਕੀ ਇਹ ੳਹੀ ਹੈ ਸਵੇਰਾ ? ੳਹੀ ਰੌਸ਼ਨੀ ਹੈ?
ਇਹ ਤਾਂ ਅੱਗ ਹੈ, ਜੋ ਸਾੜਦੀ ਹੈ, ਮਾਰਦੀ ਹੈ
ਓ ਮੇਰੇ ਨਾਮ ਦਾ ਵਪਾਰ ਕਰਨ ਵਾਲਿਓ!
ਇਕ ਦੂਜੇ ਉਤੇ ਇਲਜ਼ਾਮ ਧਰਨ ਵਾਲਿਓ!
ਦਾਅਵਾ ਕਰ ਰਹੇ ਓ ਮੇਰੀ ਰਾਹ'ਤੇ ਚੱਲਣ ਦਾ
ਓ ਮੇਰੇ ਵਤਨ ਨੂੰ ਨੀਲਾਮ ਕਰਨ ਵਾਲਿਓ!
ਮੈਂ ਕਦ ਕਿਹਾ ਸੀ? ਸੱਚ ਨੂੰ ਸ਼ਿਕੰਜੇ ਲਾ ਦਿਓ
ਹਰ ਇਕ ਵੰਝਲੀ ਚੁੱਲ੍ਹੇ ਦੇ ਅੰਦਰ ਡਾਹ ਦਿਓ
ਮੈਂ ਕਦ ਕਿਹਾ ਸੀ?ਮੱਥੇ ਦਾ ਦੀਵਾ ਪੂਰ ਦਿਓ
ਗੁੰਗੀ ਜੀਭ ਨੂੰ ਇੱਕ ਸ਼ਬਦ 'ਜੀ..ਹਜ਼ੂਰ' ਦਿਓ
ਤੁਸੀਂ ਵਿਕਾਸ ਦੇ ਇਹ ਅਰਥ ਕੇਹੇ ਸਿਰਜੇ ਨੇ?
ਮੰਡੀਕਰਨ ਵਿੱਚ ਫਸਲਾਂ ਲਿਤਾੜੀ ਜਾਂਦੇ ਓ
ਅਸੀਂ ਜਿਹਨਾਂ ਵਿਦੇਸ਼ੀ ਹਾਕਮਾਂ ਨੂੰ ਕੱਢਿਆ
ਤੁਸੀਂ ਤਾਂ ਉਹਨਾਂ ਨੂੰ ਹੀ ਫੇਰ ਵਾੜੀ ਜਾਂਦੇ ਓ
ਇਹ ਹੰਝੂ ਖੂਨ ਦੇ ਡੁੱਲ੍ਹਦੇ ਨੇ, ਤੇ ਜੋ ਡੁੱਲ੍ਹਣਗੇ,
ਇਨ੍ਹਾਂ ਹੰਝੂਆਂ ਦਾ ਕੋਈ ਰਾਹ ਤੁਹਾਡੇ ਨਾਮ ਵੀ ਹੈ
ਮੈਂ ਇੱਕ ਵਾਰ ਨਹੀਂ ਮਰਿਆ, ਮੈਂ ਰੋਜ਼ ਮਰਦਾ ਹਾਂ
ਮੇਰੇ ਕਤਲ ਦਾ ਗੁਨਾਹ ਤੁਹਾਡੇ ਨਾਮ ਵੀ ਹੈ।
No comments:
Post a Comment